For the best experience, open
https://m.punjabitribuneonline.com
on your mobile browser.
Advertisement

ਅਕਾਲੀ ਦਲ ਦਾ ਰੇੜਕਾ: ਮੋਗਾ ਤੇ ਮੁਕਤਸਰ ਦੀ ਲੀਡਰਸ਼ਿਪ ਸੁਖਬੀਰ ਦੀ ਪਿੱਠ ’ਤੇ ਆਈ

07:31 AM Jul 06, 2024 IST
ਅਕਾਲੀ ਦਲ ਦਾ ਰੇੜਕਾ  ਮੋਗਾ ਤੇ ਮੁਕਤਸਰ ਦੀ ਲੀਡਰਸ਼ਿਪ ਸੁਖਬੀਰ ਦੀ ਪਿੱਠ ’ਤੇ ਆਈ
ਮੋਗਾ ਵਿਚ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ’ਚ ਚੱਲ ਰਹੇ ਰੇੜਕੇ ਦਰਮਿਆਨ ਮੋਗਾ ਜ਼ਿਲ੍ਹੇ ਦੀ ਲੀਡਰਸ਼ਿਪ ਨੇ ਮੀਟਿੰਗ ਕਰਕੇ ਪਾਰਟੀ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ ਹੈ।
ਇਥੇ ਹੋਈ ਮੀਟਿੰਗ ਵਿਚ ਜ਼ਿਲ੍ਹਾ ਕਾਰਜਕਾਰਨੀ, ਸੂਬਾ ਕਾਰਜਕਾਰਨੀ ਮੈਂਬਰਾਂ, ਐੱਸਜੀਪੀਸੀ ਮੈਂਬਰਾਂ ਤੇ ਹੋਰ ਸੀਨੀਅਰ ਲੀਡਰਸ਼ਿਪ ਅਤੇ ਮੈਂਬਰਾਂ ਨੇ ਕਿਹਾ ਕਿ ਉਹ ਪਾਰਟੀ ਦੀ ਬਿਹਤਰੀ ਲਈ ਸੁਖਬੀਰ ਸਿੰਘ ਬਾਦਲ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ। ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ ਨੇ ਕਿਹਾ ਕਿ ਸ੍ਰੀ ਬਾਦਲ ਹੀ ਪੰਥ ਅਤੇ ਪੰਜਾਬ ਦੀ ਅਗਵਾਈ ਕਰਨ ਦੇ ਸਮਰੱਥ ਹਨ, ਜਿਨ੍ਹਾਂ ਦੇ ਯਤਨਾਂ ਸਦਕਾ ਖਾਸ ਕਰਕੇ ਨੌਜਵਾਨ ਵਰਗ ਆਪਣੀ ਖੇਤਰੀ ਪਾਰਟੀ ਨਾਲ ਜੁੜਿਆ। ਉਨ੍ਹਾਂ ਕਿਹਾ ਕਿ ਸ੍ਰੀ ਸੁਖਬੀਰ ਵੱਲੋਂ ਅਕਾਲੀ ਦਲ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਲਈ ਕੀਤੀ ਜਾ ਰਹੀ ਮਿਹਨਤ ਤੋਂ ਵਿਰੋਧੀ ਧਿਰਾਂ ਬੁਖਲਾਹਟ ਵਿੱਚ ਹਨ ਜੋ ਪਾਰਟੀ ਨੂੰ ਤੋੜਨ ਦੀਆਂ ਸਾਜਿਸ਼ਾਂ ਘੜ ਰਹੇ ਹਨ। ਹਲਕਾ ਧਰਮਕੋਟ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਅਜਿਹੇ ਹਾਲਾਤ ਵਿੱਚ ਕੁਝ ਆਗੂਆਂ ਵਜੋਂ ਅਜਿਹਾ ਕਰਨਾ ਗਿਣਿਆ ਮਿੱਥਿਆ ਲੱਗਦਾ ਹੈ। ਉਨ੍ਹਾਂ ਸੁਖਬੀਰ ਨਾਲ ਵਫਾਦਾਰੀ ਨਿਭਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਗੀ ਖੇਮੇ ਦੇ ਆਗੂ ਚਾਹੁੰਦੇ ਸਨ ਕਿ ਭਾਜਪਾ ਨਾਲ ਸਮਝੌਤਾ ਕੀਤਾ ਜਾਵੇ ਜਦਕਿ ਭਾਜਪਾ ਦੀ ਸ਼ਰਤ ਸੀ ਕਿ ਕਿਸਾਨਾਂ ਦੇ ਖ਼ਿਲਾਫ਼ ਬੋਲਿਆ ਜਾਵੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਾ ਕੀਤੀ ਜਾਵੇ ਪਰ ਸੁਖਬੀਰ ਬਾਦਲ ਨੇ ਬੇਅਸੂਲਾ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ। ਐੱਸਜੀਪੀਸੀ ਮੈਂਬਰ ਤਰਸੇਮ ਸਿੰਘ ਰੱਤੀਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰੀ ਤਾਕਤਾਂ ਕਮਜ਼ੋਰ ਕਰਨਾ ਚਾਹੁੰਦੀਆਂ ਹਨ ਜਿਸ ਕਰਕੇ ਇਨ੍ਹਾਂ ਨਾਲ ਸਖਤ ਟੱਕਰ ਲਈ ਜਾਵੇ। ਸਾਬਕਾ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਸੁਝਾਅ ਦਿੱਤਾ ਕਿ ਪੰਥਕ ਅਤੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪੱਧਰ ’ਤੇ ਧਰਨੇ ਲਾਏ ਜਾਣ। ਹਲਕਾ ਮੋਗਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਆਗੂਆਂ ਨੂੰ ਪਾਰਟੀ ਦੇ ਵਿੱਚ ਰਹਿ ਕੇ ਗੱਲ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਪਾਰਟੀ ਦੀ ਮੀਟਿੰਗ ਵਿੱਚ ਅਕਾਲੀ ਦਲ ਦੇ ਮਾੜੇ ਪ੍ਰਦਰਸ਼ਨ ਬਾਰੇ ਚਰਚਾ ਕੀਤੀ, ਇਸ ਵਿੱਚ ਉਨ੍ਹਾਂ ਇਹ ਸਿੱਟਾ ਕੱਢਿਆ ਕਿ ਚੋਣਾਂ ਵਿੱਚ ‘ਇੰਡੀਆ ਬਲਾਕ ਅਤੇ ਮੋਦੀ ਦੀ ਲੜਾਈ ਸੀ ਇਸ ਵਿੱਚ ਅਕਾਲੀ ਦਲ ਭਾਜਪਾ ਦਾ ਸਾਥ ਨਾ ਦੇ ਦਵੇ ਇਸ ਖ਼ਦਸ਼ੇ ਦਾ ਉਨ੍ਹਾਂ ਨੂੰ ਨੁਕਸਾਨ ਹੋਇਆ।’ ਇਸ ਮੌਕੇ ਰਾਜਵਿੰਦਰ ਸਿੰਘ ਧਰਮਕੋਟ, ਪਾਰਟੀ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਡੱਲਾ ਤੇ ਹੋਰ ਆਗੂ ਹਾਜ਼ਰ ਸਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਇੰਦਰ ਸਿੰਘ ਦੀ ਅਗਵਾਈ ਹੇਠ ਇਥੇ ਸ੍ਰੀ ਦਰਬਾਰ ਸਾਹਿਬ ਦੇ ਮੀਟਿੰਗ ਹਾਲ ਵਿੱਚ ਹੋਈ ਇੱਕ ਬੈਠਕ ਦੌਰਾਨ ਦਲ ਦੇ ਅਹੁਦੇਦਾਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ’ਚ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਕੁਝ ਸ਼ਰਾਰਤੀ ਲੋਕ ਸਾਜਿਸ਼ਾਂ ਕਰਕੇ ਦਲ ਦਾ ਨੁਕਸਾਨ ਕਰਨਾ ਚਾਹੁੰਦੇ ਹਨ ਜਿਸ ਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰੀਤਇੰਦਰ ਸਿੰੰਘ ਸਮੇਵਾਲ, ਸ਼ਹਿਰੀ ਪ੍ਰਧਾਨ ਮਨਜਿੰਦਰ ਸਿੰਘ ਬਿੱਟੂ, ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਜਗਜੀਤ ਸਿੰਘ ਹਨੀ ਫੱਤਣਵਾਲਾ, ਹਰਪ੍ਰੀਤ ਸਿੰਘ ਕੋਟਭਾਈ, ਤੇਜਿੰਦਰ ਸਿੰਘ ਮਿੱਡੂਖੇੜਾ, ਜਥੇਦਾਰ ਸਰੂਪ ਸਿੰਘ ਨੰਦਗੜ੍ਹ, ਗੁਰਪਾਲ ਸਿੰਘ ਗੋਰਾ, ਹੀਰਾ ਸਿੰਘ ਚੜ੍ਹੇਵਾਨ ਹੋਰਾਂ ਨੇ ਕਿਹਾ ਕਿ ਅਕਾਲੀ ਦਲ ਇਕ ਲੋਕਤੰਤਰੀ ਪਾਰਟੀ ਹੈ ਜਿਸ ਦਾ ਆਪਣਾ ਸੰਵਿਧਾਨ ਅਤੇ ਰਵਾਇਤਾਂ ਹਨ।

Advertisement

Advertisement
Advertisement
Author Image

joginder kumar

View all posts

Advertisement