ਅਕਾਲੀ ਦਲ ਨੇ ਚੋਣ ਪ੍ਰਕਿਰਿਆ ਦੀ ਉੱਚ ਪੱਧਰੀ ਜਾਂਚ ਮੰਗੀ
ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਨੇ ਹਾਕਮ ਧਿਰ ’ਤੇ ਪੰਚਾਇਤ ਚੋਣਾਂ ਵਿਚ ਲੋਕਤੰਤਰ ਦੇ ਘਾਣ ਕਰਨ ਦਾ ਦੋਸ਼ ਲਾਉਂਦੇ ਹੋਏ ਪੂਰੀ ਚੋਣ ਪ੍ਰਕਿਰਿਆ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਦੂਜੇ ਪਾਸੇ ਮੋਗਾ ਸ਼ਹਿਰੀ ਹਲਕੇ ਤੋਂ ਹਾਕਮ ਧਿਰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਵਿਰੋਧੀ ਧਿਰਾਂ ਕੋਲ ਕੋਈ ਮੁੱਦਾ ਨਾ ਹੋਣ ਕਾਰਨ ਉਹ ਬੇਤੁੱਕੇ ਸੁਆਲ ਚੁੱਕ ਰਹੇ ਹਨ ਪਰ ਉਨ੍ਹਾਂ ਨੂੰ ਹਾਈ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਨਾ ਚਾਹੀਦਾ ਹੈ। ਪੰਜਾਬ ਸਿਹਤ ਨਿਗਮ ਦੇ ਸਾਬਕਾ ਚੇਅਰਮੈਨ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ ਅਤੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਪਾਰਟੀ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੇ ਹਾਕਮ ਧਿਰ ’ਤੇ ਪੰਚਾਇਤੀ ਚੋਣਾਂ ਵਿਚ ਲੋਕਤੰਤਰ ਦੇ ਘਾਣ ਅਤੇ ਚੋਣ ਪ੍ਰਕਿਰਿਆ ਨੂੰ ਗੰਧਲਾ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਚੋਣਾਂ ਦੌਰਾਨ ਵਾਪਰੀਆਂ ਘਟਨਾਵਾਂ ਦੀ ਨਿਖ਼ੇਧੀ ਕਰਦੇ ਕਿਹਾ ਕਿ ਇਹ ਚੋਣਾਂ ਲੋਕਾਂ ਦੀਆਂ ਆਪਣੀਆਂ ਚੋਣਾਂ ਹੁੰਦੀਆਂ ਹਨ ਪਰ ਹਾਕਮ ਧਿਰ ਵਿਧਾਇਕ ਪੋਲਿੰਗ ਦੌਰਾਨ ਬੂਥਾਂ ’ਤੇ ਹਾਜ਼ਰ ਰਹੇ ਜਿਥੇ ਲੋਕਾਂ ਵੱਲੋਂ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਵਿਰੋਧ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਥਿਤ ਸਿਆਸੀ ਦਖਲ ਅੰਦਾਜ਼ੀ ਕਾਰਨ ਲੋਕ ਆਪਣੇ ਮਨਪਸੰਦ ਪੰਚ ਸਰਪੰਚ ਜਾਂ ਉਮੀਦਵਾਰ ਵੀ ਨਹੀਂ ਚੁਣ ਸਕੇ ਅਤੇ ਵਿਰੋਧੀ ਨੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਵੀ ਦਾਖਲ ਨਹੀਂ ਕਰਨ ਦਿੱਤੇ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕਾਂ ਨੇ ਅਫ਼ਸਰਸ਼ਾਹੀ ਨੂੰ ਵਿਰੋਧੀ ਧਿਰ ਨੂੰ ਦਬਾਉਣ ਲਈ ਇਸਤੇਮਾਲ ਕੀਤਾ ਹੈ।