ਅਕਾਲੀ ਦਲ ਦਾ ਸੰਕਟ: ਮਿਸਲ ਸਤਲੁਜ ਨੇ ਅਕਾਲ ਤਖ਼ਤ ਤੋਂ ਦਖਲ ਮੰਗਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਨਵੰਬਰ
ਮਿਸਲ ਸਤਲੁਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖ ਕੇ ਸ਼੍ਰੋਮਣੀ ਅਕਾਲੀ ਦਲ ਅੰਦਰ ਚੱਲ ਰਹੇ ਸੰਕਟ ਦੇ ਮੱਦੇਨਜ਼ਰ ਫੌਰੀ ਦਖ਼ਲ ਦੇਣ ਅਤੇ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦੀ ਮੰਗ ਕੀਤੀ ਹੈ। ਮਿਸਲ ਸਤਲੁਜ ਦੇ ਪ੍ਰਧਾਨ ਅਜੈਪਾਲ ਸਿੰਘ ਬਰਾੜ ਨੇ ਚੰਡੀਗੜ੍ਹ ਪ੍ਰੈੱਸ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਮੌਜੂਦਾ ਸਰੂਪ ’ਚ ਨਿਰਸਵਾਰਥ ਸੇਵਾ ਤੇ ਸਿੱਖ ਹੱਕਾਂ ਪ੍ਰਤੀ ਵਚਨਬੱਧਤਾ ਅਤੇ ਪੰਥਕ ਰਵਾਇਤਾਂ ਤੋਂ ਭਟਕ ਗਿਆ ਹੈ। ਉਨ੍ਹਾਂ ਨੇ ਸਿੰਘ ਸਾਹਿਬ ਨੂੰ ਪੱਤਰ ’ਚ ਲਿਖਿਆ ਹੈ, ‘‘ਅਕਾਲੀ ਦਲ ਨੂੰ ਸਿੱਖ ਧਰਮ ਦੇ ਮੂਲ ਸਿਧਾਂਤਾਂ ਨਾਲ ਮੁੜ ਜੁੜਨ ਦੀ ਫੌਰੀ ਲੋੜ ਹੈ, ਜਿਸ ਨੇ ਸਿੱਖ ਧਰਮ ਦੀ ਮਰਿਆਦਾ ਦੀ ਰਾਖੀ ਲਈ ਪਾਰਟੀ ਦੇ ਮਿਸ਼ਨ ਨੂੰ ਇਤਿਹਾਸਕ ਤੌਰ ’ਤੇ ਸੇਧ ਦਿੱਤੀ ਹੈ।’’ ਬਰਾੜ ਨੇ ਪੱਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹੇ 11 ਆਗੂਆਂ ਨੂੰ ਅਕਾਲੀ ਦਲ ’ਚੋਂ ਕੱਢਣ ਦੀ ਤਜਵੀਜ਼ ਰੱਖੀ ਹੈ, ਜਿਨ੍ਹਾਂ ਦੀ ਕਥਿਤ ਸਿਆਸੀ ਮੌਕਾਪ੍ਰਸਤੀ ਨੇ ਪਾਰਟੀ ਦੀ ਅਖੰਡਤਾ ਨੂੰ ਕਮਜ਼ੋਰ ਕੀਤਾ ਹੈ।