ਕੌਮੀ ਏਜੰਡਾ ਤੈਅ ਨਾ ਕਰ ਸਕਿਆ ਅਕਾਲੀ ਦਲ: ਚੰਦੂਮਾਜਰਾ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 5 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਅੱਜ ਮੀਡੀਆ ਦੇ ਰੂਬਰੂ ਹੋਏ। ਉਨ੍ਹਾਂ ਨੇ ਲੋਕਾਂ ਦਾ ਫ਼ਤਵਾ ਖਿੜੇ ਮੱਥੇ ਪ੍ਰਵਾਨ ਕਰਦਿਆਂ ਸਮੂਹ ਵਰਕਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਚੋਣਾਂ ਦੌਰਾਨ ਦਿਨ-ਰਾਤ ਸਖ਼ਤ ਮਿਹਨਤ ਕਰਨ ਲਈ ਕੋਈ ਕਸਰ ਨਹੀਂ ਛੱਡੀ। ਚੰਦੂਮਾਜਰਾ ਨੇ ਅਕਾਲੀ ਦਲ ਦੀ ਜਨਰਲ ਕੌਂਸਲ ਦੀ ਮੈਂਬਰ ਬੀਬੀ ਕਸ਼ਮੀਰ ਕੌਰ ਦੀ ਮੌਤ ’ਤੇ ਵੀ ਦੁੱਖ ਪ੍ਰਗਟ ਕੀਤਾ। ਬੀਤੇ ਕੱਲ੍ਹ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਚੰਦੂਮਾਜਰਾ ਦਾ ਮੰਨਣਾ ਹੈ ਕਿ ਬੀਬੀ ਕਸ਼ਮੀਰ ਕੌਰ ਅਕਾਲੀ ਦਲ ਦੀ ਹਾਰ ਦਾ ਸਦਮਾ ਸਹਿਣ ਨਹੀਂ ਕਰ ਸਕੀ। ਅੱਜ ਮੁਹਾਲੀ ਵਿੱਚ ਆਪਣੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਆਪਣੇ ਬਲਬੂਤੇ ਲੜਨ ਲਈ ਅਕਾਲੀ ਦਲ ਕੌਮੀ ਏਜੰਡਾ ਤੈਅ ਨਹੀਂ ਕਰ ਸਕਿਆ, ਜਿਸ ਦਾ ਚੋਣ ਨਤੀਜਿਆਂ ’ਤੇ ਮਾੜਾ ਅਸਰ ਦਿਖਾਈ ਦਿੱਤਾ। ਇਹੀ ਨਹੀਂ ਫ਼ਰੀਦਕੋਟ ਅਤੇ ਖਡੂਰ ਸਾਹਿਬ ਹਲਕੇ ਵਿੱਚ ਵੀ ਪਾਰਟੀ ਸਿੱਖਾਂ ਦੀ ਨਬਜ਼ ਪਛਾਣਨ ਵਿੱਚ ਅਸਫਲ ਰਹੀ ਹੈ। ਚੰਦੂਮਾਜਰਾ ਦੀ ਇਸ ਟਿੱਪਣੀ ਨੇ ਹਾਈ ਕਮਾਨ ਨੂੰ ਸੋਚੀ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਲਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਆਗੂਆਂ ਦੀ ਮੀਟਿੰਗ ਸੱਦ ਕੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਡੂੰਘਾਈ ਘੋਖ ਕਰਕੇ ਸਾਰਥਿਕ ਹੱਲ ਲੱਭੇ ਜਾਣਗੇ।