ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਠਿੰਡਾ ਹਲਕੇ ਤੋਂ ਦਸ ਵਾਰ ਜਿੱਤੇ ਅਕਾਲੀ ਦਲ ਦੇ ਉਮੀਦਵਾਰ

10:52 AM Apr 20, 2024 IST

ਰਮਨਦੀਪ ਸਿੰਘ
ਚਾਉਕੇ, 19 ਅਪਰੈਲ
ਲੋਕ ਸਭਾ ਹਲਕਾ ਬਠਿੰਡਾ 2019 ਦੀਆਂ ਚੋਣਾਂ ਤੱਕ ਬਾਦਲਾਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਸੀ ਪਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਬਾਦਲਾਂ ਦੇ ਗੜ੍ਹ ਤੋੜ ਕੇ 9 ਵਿਧਾਨ ਸਭਾ ਹਲ਼ਕਿਆ ਵਿਚ ਜਿੱਤ ਪ੍ਰਾਪਤ ਕੀਤੀ। ਸਾਲ 1952 ਤੋਂ 2019 ਤੱਕ 17 ਵਾਰ ਹੋਈਆਂ ਲੋਕ ਸਭਾ ਚੋਣਾਂ ਦੌਰਾਨ 10 ਵਾਰ ਅਕਾਲੀ ਦਲ ਬਾਦਲ ਦੇ ਉਮੀਦਵਾਰ ਤੇ 4 ਵਾਰ ਕਾਂਗਰਸ 2 ਵਾਰ ਸੀਪੀਆਈ ਅਤੇ 1 ਦਫ਼ਾ ਅਕਾਲੀ ਦਲ (ਅੰਮ੍ਰਿਤਸਰ) ਦਾ ਉਮੀਦਵਾਰ ਜੇਤੂ ਰਿਹਾ। ਬਠਿੰਡਾ ਸੀਟ ਜ਼ਿਆਦਾ ਸਮਾਂ ਅਕਾਲੀ ਦਲ ਦੇ ਕਬਜ਼ੇ ਹੇਠ ਰਹੀ ਹੈ। ਹੁਣ ਦੇਖਣਾ ਹੈ ਕਿ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਬਾਦਲਾਂ ਦੇ ਗੜ੍ਹ ਵਿਚ ਕਿੰਨੀ ਸੰਨ੍ਹ ਲਾਉਂਦੇ ਹਨ। ਬਠਿੰਡਾ ਹਲਕਾ ਸਾਲ 2004 ਤੱਕ ਰਾਖਵਾਂ ਰਿਹਾ ਹੈ ਅਤੇ ਨਵੀਂ ਹੱਦਬੰਦੀ ਹੋਣ ਕਰਕੇ ਸਾਲ 2009 ਵਿੱਚ ਜਰਨਲ ਸ਼੍ਰੇਣੀ ਲਈ ਤਬਦੀਲ ਹੋ ਗਿਆ ਸੀ। ਇਸ ਲੋਕ ਸਭਾ ਹਲਕੇ ਵਿੱਚ ਵਿਧਾਨ ਸਭਾ ਦੇ 9 ਹਲਕੇ ਪੈਂਦੇ ਹਨ ਜਿਨ੍ਹਾਂ ਵਿਚ ਲੰਬੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਭੁੱਚੋ ਮੰਡੀ, ਮੌੜ ਮੰਡੀ, ਤਲਵੰਡੀ ਸਾਬੋ, ਮਾਨਸਾ, ਸਰਦੂਲਗੜ੍ਹ ਤੇ ਬੁਢਲਾਡਾ ਸ਼ਾਮਲ ਹਨ।
ਜੇਕਰ ਲੋਕ ਸਭਾ ਹਲਕਾ ਬਠਿੰਡਾ ਦੀਆਂ ਚੋਣਾਂ ’ਤੇ ਝਾਤ ਮਾਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਧੰਨਾ ਸਿੰਘ ਗੁਲਸ਼ਨ 1962 ਅਤੇ 1977 ਵਿੱਚ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ। ਉਨ੍ਹਾਂ ਦੀ ਧੀ ਬੀਬੀ ਪਰਮਜੀਤ ਕੌਰ ਗੁਲਸ਼ਨ 2004 ਵਿਚ ਬਠਿੰਡਾ ਲੋਕ ਸਭਾ ਹਲਕੇ ਤੋਂ ਨੁਮਾਇੰਦਗੀ ਕਰ ਚੁੱਕੇ ਹਨ। ਇਸੇ ਹੀ ਪਾਰਟੀ ਦੇ ਕਿੱਕਰ ਸਿੰਘ 1967 ਵਿੱਚ ਅਤੇ ਤੇਜਾ ਸਿੰਘ ਦਰਦੀ 1984 ਵਿੱਚ, ਹਰਿੰਦਰ ਸਿੰਘ ਖ਼ਾਲਸਾ 1996 ਵਿੱਚ, ਚਤਿੰਨ ਸਿੰਘ ਸਮਾਓ 1998 ਵਿੱਚ ਅਤੇ ਹਰਸਿਮਰਤ ਕੌਰ ਬਾਦਲ ਸਾਲ 2004 ਤੋਂ 2019 ਤੱਕ ਲਗਾਤਾਰ ਤਿੰਨ ਵਾਰ ਬਠਿੰਡਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਵੀ ਰਹੇ ਹਨ।
ਕਾਂਗਰਸ ਪਾਰਟੀ ਇਸ ਹਲਕੇ ਤੋਂ ਚਾਰ ਵਾਰ ਜੇਤੂ ਰਹੀ। ਸਭ ਤੋਂ ਪਹਿਲਾਂ ਇਸ ਹਲਕੇ ਤੋਂ ਅਜੀਤ ਸਿੰਘ 1952 ਅਤੇ 1957 ਵਿੱਚ ਮੈਂਬਰ ਪਾਰਲੀਮੈਂਟ ਰਹੇ ਅਤੇ ਹਾਕਮ ਸਿੰਘ 1980 ਵਿਚ ਕੇਵਲ ਸਿੰਘ 1991 ਵਿੱਚ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ। ਇਸੇ ਤਰ੍ਹਾਂ ਸੀਪੀਆਈ ਪਾਰਟੀ ਦੋ ਵਾਰ ਜੇਤੂ ਰਹੀ ਜਿਨ੍ਹਾਂ ਵਿਚ ਮਰਹੂਮ ਭਾਨ ਸਿੰਘ ਭੋਰਾ 1971 ਅਤੇ 1999 ਵਿਚ ਨੁਮਾਇੰਦਗੀ ਕਰ ਚੁੱਕੇ ਹਨ। ਸਾਲ 1989 ਵਿੱਚ ਅਕਾਲੀ ਦਲ ਮਾਨ ਦੀ ਚੱਲੀ ਲਹਿਰ ਵਿਚ ਮਾਨ ਦਲ ਦੇ ਉਮੀਦਵਾਰ ਸੁੱਚਾ ਸਿੰਘ ਨੇ ਦੋ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਰਿਕਾਰਡ ਕਾਇਮ ਕੀਤਾ ਸੀ। ਹੁਣ ਬਠਿੰਡਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ, ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ, ਭਾਜਪਾ ਦੇ ਪਰਮਪਾਲ ਕੌਰ ਮਲੂਕਾ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਲਖਵੀਰ ਸਿੰਘ ਉਰਫ਼ ਲੱਖਾ ਸਿਧਾਣਾ ਮੈਦਾਨ ਵਿਚ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਹਾਲੇ ਤੱਕ ਆਪਣਾ ਉਮੀਦਵਾਰ ਨਹੀਂ ਐਲਾਨਿਆ।

Advertisement

Advertisement