ਪਟਿਆਲਾ ਤੋਂ ਅਕਾਲੀ ਦਲ ਪਹਿਲੀ ਵਾਰ ਉਤਾਰ ਸਕਦੈ ਹਿੰਦੂ ਚਿਹਰਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਅਪਰੈਲ
ਇਥੇ ਆਪਣੀ ਪਟਿਆਲਾ ਫੇਰੀ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਸੀ ਕਿ ਪਟਿਆਲਾ ਲਈ ਉਮੀਦਵਾਰ ਦਾ ਐਲਾਨ ਬਹੁਤ ਜਲਦੀ ਕੀਤਾ ਜਾ ਰਿਹਾ ਹੈ। ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਪਰ ਨਵੇਂ ਸਮੀਕਰਨਾਂ ਤਹਿਤ ਅਕਾਲੀ ਦਲ ਐਤਕੀਂ ਇਥੋਂ ਪਹਿਲੀ ਵਾਰ ਹਿੰਦੂ ਚਿਹਰਾ ਉਤਾਰ ਕੇ ਨਵਾਂ ਤਜਰਬਾ ਕਰਨ ਜਾ ਰਿਹਾ ਹੈ। ਇਸ ਦੌਰਾਨ ਐੱਨਕੇ ਸ਼ਰਮਾ ਨੂੰ ਇੱਥੋਂ ਉਮੀਦਵਾਰ ਬਣਾਇਆ ਜਾਣਾ ਲਗਪਗ ਤੈਅ ਹੈ।
ਉਹ ਪਟਿਆਲਾ ਲੋਕ ਸਭਾ ਸੀਟ ’ਚ ਹੀ ਪੈਂਦੇ ਡੇਰਾਬਸੀ ਹਲਕੇ ਤੋਂ 2012 ਅਤੇ 2017 ’ਚ ਅਕਾਲੀ ਦਲ ਦੇ ਵਿਧਾਇਕ ਵੀ ਰਹਿ ਚੁੱਕੇ ਹਨ। 2002 ਅਤੇ 2007 ’ਚ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਰਹੇ ਸ਼ਰਮਾ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਉਹ ਅਕਾਲੀ ਦਲ ਦੇ ਵਿੱਤ ਸਕੱਤਰ ਦੇ ਵੱਕਾਰੀ ਅਹੁਦੇ ’ਤੇ ਵੀ ਬਿਰਾਜਮਾਨ ਹਨ। ਸੁਖਬੀਰ ਬਾਦਲ ਦੇ ਕਰੀਬੀ ਮੰਨੇ ਜਾਂਦੇ ਮਿਹਨਤੀ ਅਤੇ ਨਿੱਘੇ ਸੁਭਾਅ ਵਾਲੇ ਐੱਨਕੇ ਸ਼ਰਮਾ ਨੂੰ ਸਿਆਸੀ ਅਖਾੜੇ ਦਾ ਵੀ ਚੰਗਾ ਤਜਰਬਾ ਹੈ ਜੋ ਛੋਟੀ ਉਮਰੇ ਹੀ ਰਾਜਨੀਤੀ ਵਿੱਚ ਪੈ ਗਏ ਸਨ। ਐਤਕੀਂ ਪਹਿਲੀ ਵਾਰ ਹੋਵੇਗਾ ਕਿ ਇਥੋਂ ਅਕਾਲੀ ਦਲ ਵੱਲੋਂ ਹਿੰਦੂ ਚਿਹਰਾ ਚੋਣ ਲੜੇਗਾ। ਇੱਕ ਤਾਂ ਐਤਕੀਂ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਨਹੀਂ ਹੈ। ਦੂਜਾ ਕੇਂਦਰ ਸਰਕਾਰ ਵੱਲੋਂ ਸ੍ਰੀ ਰਾਮ ਮੰਦਰ ਦੀ ਸਥਾਪਨਾ ਕਰਕੇ ਇਸ ਵਾਰ ਭਾਜਪਾ ਨੂੰ ਪਹਿਲਾਂ ਦੇ ਮੁਕਾਬਲੇ ਵੱਧ ਹਿੰਦੂ ਵੋਟ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਸੰਸਦੀ ਸੀਟ ’ਚ ਪਟਿਆਲਾ, ਜ਼ੀਰਕਪੁਰ, ਰਾਜਪੁਰਾ, ਨਾਭਾ ਅਤੇ ਸਮਾਣਾ ਨਿਰੋਲ ਸ਼ਹਿਰੀ ਖੇਤਰ ਹਨ। ਪਾਤੜਾਂ ਰਲਵਾਂ ਮਿਲਵਾਂ ਹੈ। ਇਨ੍ਹਾਂ ਖੇਤਰਾਂ ’ਚ ਹਿੰਦੂ ਭਾਈਚਾਰੇ ਦੀ ਵਧੇਰੇ ਵੋਟ ਹੈ।
ਪ੍ਰੇਮ ਸਿੰਘ ਚੰਦੂਮਾਜਰਾ ਨੇ ਦਹਾਕਾ ਪਹਿਲਾਂ ਹਲਕਾ ਬਦਲ ਲਿਆ ਸੀ। 2014 ’ਚ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਐਤਕੀਂ ਵੀ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਹੀ ਮਜ਼ਬੂਤ ਦਾਅਵੇਦਾਰ ਹਨ। ਸ੍ਰੀ ਆਨੰਦਪੁਰ ਸਾਹਿਬ ਤੋਂ ਡਾ. ਦਲਜੀਤ ਸਿੰਘ ਚੀਮਾ ਵੀ ਟਿਕਟ ਮੰਗ ਰਹੇ ਹਨ। ਜੇ ਚੀਮਾ ਪਾਰਟੀ ਪ੍ਰਧਾਨ ਨੂੰ ਮਨਾਉਣ ਵਿੱਚ ਸਫ਼ਲ ਰਹੇ, ਤਾਂ ਚੰਦੂਮਾਜਰਾ ਦਾ ਪਟਿਆਲੇ ਆਉਣਾ ਯਕੀਨੀ ਹੈ। ਚੰਦੂਮਾਜਰਾ ਪਾਰਟੀ ਵਿੱਚਲ ਚੰਗਾ ਦਬ ਦਬਾ ਰੱਖਦੇ ਹਨ। ਇਸ ਹਵਾਲੇ ਨਾਲ ਰਾਜਸੀ ਹਲਕਿਆਂ ’ਚ ਚਰਚਾ ਹੈ ਕਿ ਪਾਰਟੀ ਨੂੰ ਚੰਦੂਮਾਜਰਾ ਦੀ ਜਿੱਦ ਅੱਗੇ ਝੁਕਣਾ ਹੀ ਪੈਣਾ ਹੈ।