ਅਕਾਲੀ ਦਲ (ਅ) ਦ੍ਰਿੜਤਾ ਨਾਲ ਲੜੇਗਾ ਬਰਨਾਲਾ ਜ਼ਿਮਨੀ ਚੋਣ: ਸੰਧੂ
ਖੇਤਰੀ ਪ੍ਰਤੀਨਿਧ
ਬਰਨਾਲਾ, 6 ਅਕਤੂਬਰ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇੱਕ ਮੀਟਿੰਗ ਜਥੇਬੰਦਕ ਸਕੱਤਰ ਗੋਬਿੰਦ ਸਿੰਘ ਸੰਧੂ ਦੀ ਅਗਵਾਈ ਹੇਠ ਪਾਰਟੀ ਦੇ ਸਥਾਨਕ ਦਫ਼ਤਰ ਵਿੱਚ ਹੋਈ। ਮੀਟਿੰਗ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਨਵਨੀਤ ਗੋਪੀ ਦੀ ਪ੍ਰੇਰਨਾ ਸਦਕਾ ਵੱਡੀ ਗਿਣਤੀ ਵਿੱਚ ਵਪਾਰੀ ਭਾਈਚਾਰੇ ਦੇ ਆਗੂਆਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਪਾਰਟੀ ਦੇ ਟਰੇਡ ਵਿੰਗ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਗੋਬਿੰਦ ਸੰਧੂ ਨੇ ਕਿਹਾ ਕਿ ਸਰਕਾਰ ਦੇ ਦਬਾਅ ਕਾਰਨ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਅ ਪਾ ਰਿਹਾ, ਜਿਸ ਕਾਰਨ ਬਰਨਾਲਾ ਸ਼ਹਿਰ ਵਿੱਚ ਨਸ਼ਾ ਬਹੁਤ ਤੇਜ਼ੀ ਨਾਲ ਵਧਿਆ ਹੈ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਗਾਮੀ ਵਿਧਾਨ ਸਭਾ ਬਰਨਾਲਾ ਜ਼ਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲੜੇਗਾ ਤੇ ਜਿੱਤ ਦਰਜ ਕਰੇਗਾ।
ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਚੋਣਾਂ ਅਮਨ ਸ਼ਾਂਤੀ ਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣ। ਵਪਾਰ ਵਿੰਗ ਦੇ ਪ੍ਰਧਾਨ ਨਵਨੀਤ ਗੋਪੀ ਅਤੇ ਜਨਰਲ ਸਕੱਤਰ ਉੱਤਮ ਬਾਂਸਲ ਨੇ ਦੱਸਿਆ ਕਿ ਚਿਰਾਗ ਬਾਂਸਲ ਨੂੰ ਪਾਰਟੀ ਦੇ ਵਪਾਰ ਵਿੰਗ ਦਾ ਮਾਲਵਾ ਜ਼ੋਨ ਦਾ ਇੰਚਾਰਜ ਲਾਇਆ ਗਿਆ ਜਦੋਂਕਿ ਸ਼ੁਭਮ ਬਾਂਸਲ ਨੂੰ ਵਾਈਸ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸੇ ਤਰ੍ਹਾਂ ਵਪਾਰ ਵਿੰਗ ਦੇ ਸ਼ਹਿਰੀ ਪ੍ਰਧਾਨ ਰਿਸ਼ਵ ਬਾਂਸਲ ਤੇ ਅਵਤਾਰ ਸਿੰਘ ਨੀਲਾ ਨੂੰ ਮੁਲਾਜ਼ਮ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਮੌਕੇ ਪਾਰਟੀ ਦੇ ਪੀਏਸੀ ਮੈਂਬਰ ਹਰਬੰਸ ਸਿੰਘ ਸਲੇਮਪੁਰ ਪ੍ਰਧਾਨ ਟਰਾਂਸਪੋਰਟ ਵਿੰਗ ਪੰਜਾਬ, ਵਾਸਵੀਰ ਸਿੰਘ ਭੁੱਲਰ ਪ੍ਰਧਾਨ ਮੁਲਾਜ਼ਮ ਵਿੰਗ, ਗੁਰਜੰਟ ਸਿੰਘ ਕੱਟੂ ਜਰਨਲ ਸਕੱਤਰ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ, ਸੁਖਚੈਨ ਸਿੰਘ ਸੰਘੇੜਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਆਗੂ ਅਤੇ ਵਰਕਰ ਹਾਜ਼ਰ ਸਨ।