ਨੌਜਵਾਨਾਂ ਦੀ ਰਿਹਾਈ ਲਈ ਮੋਗਾ ਜ਼ਿਲ੍ਹਾ ਸਕੱਤਰੇਤ ਅੱਗੇ ਅਕਾਲੀ ਦਲ (ਅ) ਦਾ ਧਰਨਾ
ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਅਗਸਤ
ਇਥੇ ਜ਼ਿਲ੍ਹਾ ਸਕੱਤਰੇਤ ਅੱਗੇ ਅਕਾਲੀ ਦਲ (ਅ) ਅਤੇ ਦਲ ਖਾਲਸਾ ਵੱਲੋਂ ਸਾਂਝੇ ਤੌਰ ਉੱਤੇ ਖਾਲਿਸਤਾਨ ਝੰਡਾ ਝੁਲਾਉਣ ਦੇ ਕੇਸ ’ਚ ਗ੍ਰਿਫ਼ਤਾਰ ਕੀਤੀ ਸਿੱਖ ਬੀਬੀ ਤੇ ਹੋਰ ਨੌਜਵਾਨਾਂ ਦੀ ਰਿਹਾਈ ਲਈ ਧਰਨਾ ਦਿੱਤਾ ਗਿਆ। ਇਸ ਮੌਕੇ ਖਾਲਿਸਤਾਨੀ ਪੱਖੇ ਨਾਅਰੇ ਲਗਾਏ ਗਏ। ਐੱਸਪੀ (ਸ) ਗੁਰਦੀਪ ਸਿੰਘ ਨੇ ਭਰੋਸਾ ਦਿੱਤਾ ਕਿ ਕਿਸੇ ਬੇਕਸੂਰ ਨਾਲ ਜਿਆਦਤੀ ਨਹੀਂ ਹੋਵੇਗੀ। ਅਕਾਲੀ ਦਲ (ਅ) ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖਾਲਸਾ ਤੇ ਦਲ ਖਾਲਸਾ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਖੋਸਾ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿੱਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਹਿੰਦਰਪਾਲ ਸਿੰਘ, ਮਨਜੀਤ ਸਿੰਘ ਮੱਲ੍ਹਾ, ਬਲਰਾਜ ਸਿੰਘ ਜੈਮਲਵਾਲਾ ਨੇ ਕਿਹਾ ਕਿ ਮੋਗਾ ਪੁਲੀਸ ਨੇ ਇਥੇ ਸਕੱਤਰੇਤ ਉੱਤੇ ਖਾਲਿਸਤਾਨ ਝੰਡਾ ਝੁਲਾਉਣ ਦੇ ਕੇਸ ’ਚ ਬੇਕਸੂਰ ਸਿੱਖ ਬੀਬੀ ਤੇ ਨਾਬਾਲਗ ਲੜਕੇ ਤੇ ਕੁਝ ਹੌਰ ਨੌਜਵਾਨਾਂ ਨੂੰ ਗੈਰ ਕਾਨੂੰਨੀ ਤੌਰ ਉੱਤੇ ਹਿਰਾਸਤ ਵਿੱਚ ਰੱਖਿਆ ਗਿਆ। ਅੱਜ ਪੁਲੀਸ ਨੇ ਬੀਬੀ ਨੂੰ ਤਾਂ ਰਿਹਾਅ ਕਰ ਦਿੱਤਾ ਪਰ 5 ਹੋਰ ਬੇਕਸੂਰ ਨੌਜਵਾਨਾਂ ਨੂੰ ਨਹੀਂ ਛੱਡਿਆ ਗਿਆ।