For the best experience, open
https://m.punjabitribuneonline.com
on your mobile browser.
Advertisement

ਅਕਾਲੀ ਦਲ ਤੇ ਭਾਜਪਾ ’ਚ ਫਿਲਹਾਲ ਨਹੀਂ ਲੱਗ ਰਿਹਾ ਸਾਂਝ ਦਾ ਜੋੜ

06:48 AM Mar 19, 2024 IST
ਅਕਾਲੀ ਦਲ ਤੇ ਭਾਜਪਾ ’ਚ ਫਿਲਹਾਲ ਨਹੀਂ ਲੱਗ ਰਿਹਾ ਸਾਂਝ ਦਾ ਜੋੜ
Advertisement

* ਸੁਖਬੀਰ ਬਾਦਲ ਨੇ ਸਾਰਾ ਧਿਆਨ ‘ਪੰਜਾਬ ਬਚਾਓ ਯਾਤਰਾ’ ਉਤੇ ਲਾਇਆ
* ਭਾਜਪਾ ਨੇ ਪੰਜਾਬ ਯੂਨਿਟ ਨੂੰ ਸਾਰੀਆਂ 13 ਸੀਟਾਂ ’ਤੇ ਤਿਆਰੀ ਕਰਨ ਲਈ ਆਖਿਆ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 18 ਮਾਰਚ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਸਿਆਸੀ ਗੱਠਜੋੜ ਦੀ ਸੰਭਾਵਨਾ ਬਾਰੇ ਖੜੋਤ ਵਾਲੀ ਸਥਿਤੀ ਬਣ ਗਈ ਜਾਪਦੀ ਹੈ। ਭਾਜਪਾ ਦੀ 14 ਮਾਰਚ ਨੂੰ ਹੋਈ ਮੀਟਿੰਗ ਵਿਚ ਪੰਜਾਬ ਯੂਨਿਟ ਨੂੰ ਸਾਰੀਆਂ 13 ਸੀਟਾਂ ’ਤੇ ਤਿਆਰੀ ਕਰਨ ਲਈ ਆਖ ਦਿੱਤਾ ਗਿਆ ਹੈ। ਚੋਣਾਂ ਦੇ ਐਲਾਨ ਮਗਰੋਂ ਵੀ ਕਿਸੇ ਤਰ੍ਹਾਂ ਦੀ ਦੋਵੇਂ ਧਿਰਾਂ ਵਿਚ ਨਜ਼ਦੀਕੀ ਨਜ਼ਰ ਨਹੀਂ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਮੁੱਚਾ ਫੋਕਸ ‘ਪੰਜਾਬ ਬਚਾਓ ਯਾਤਰਾ’ ਉਤੇ ਕਰ ਦਿੱਤਾ ਹੈ। ਦਲ ਦੇ ਸੀਨੀਅਰ ਆਗੂ ਵੀ ਯਾਤਰਾ ਦੇ ਇਰਦ-ਗਿਰਦ ਹੀ ਨਜ਼ਰ ਆ ਰਹੇ ਹਨ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਮਹਾਪੰਚਾਇਤ ਵਿਚ ਭਾਜਪਾ ਦਾ ਚੋਣਾਂ ਵਿਚ ਵਿਰੋਧ ਕੀਤੇ ਜਾਣ ਦਾ ਲਿਆ ਪੈਂਤੜਾ ਸ਼੍ਰੋਮਣੀ ਅਕਾਲੀ ਦਲ ਅੱਗੇ ਵੱਡਾ ਅੜਿੱਕਾ ਬਣ ਗਿਆ ਹੈ। ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਟਕਸਾਲੀ ਵੋਟ ਬੈਂਕ ਕਿਸਾਨੀ ਨੂੰ ਹੀ ਮੰਨਿਆ ਜਾਂਦਾ ਰਿਹਾ ਹੈ। ਸੀਨੀਅਰ ਅਕਾਲੀ ਨੇਤਾ ਅੰਦਰੋ-ਅੰਦਰੀ ਮਸ਼ਵਰੇ ਦੇ ਰਹੇ ਹਨ ਕਿ ਭਾਜਪਾ ਤੋਂ ਕਿਸਾਨੀ ਅਤੇ ਬੰਦੀ ਸਿੰਘਾਂ ਦੇ ਮੁੱਦੇ ’ਤੇ ਕੁਝ ਹਾਸਲ ਕਰਨ ਤੋਂ ਬਿਨਾਂ ਕੀਤਾ ਗਿਆ ਸਮਝੌਤਾ ਪੁੱਠਾ ਵੀ ਪੈ ਸਕਦਾ ਹੈ। ਸੂਤਰਾਂ ਅਨੁਸਾਰ ਦੂਸਰੀ ਤਰਫ਼ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਵੀ ਗੱਠਜੋੜ ਲਈ ਕੋਈ ਰੁਚੀ ਨਹੀਂ ਦਿਖਾਈ ਜਾ ਰਹੀ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਅਤੇ ਮਨਪ੍ਰੀਤ ਬਾਦਲ ਸਿਆਸੀ ਗੱਠਜੋੜ ਦੀ ਹਮਾਇਤ ਵਿਚ ਜਾਪਦੇ ਹਨ ਜਦੋਂ ਕਿ ਭਾਜਪਾ ਦੀ ਟਕਸਾਲੀ ਸਟੇਟ ਲੀਡਰਸ਼ਿਪ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਨ ਦਾ ਕੋਈ ਸਿਆਸੀ ਉਦਰੇਂਵਾ ਨਹੀਂ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਆਖਦੇ ਹਨ ਕਿ ਭਾਜਪਾ ਨੇ 13 ਸੀਟਾਂ ਲਈ ਤਿਆਰੀ ਵਿੱਢੀ ਹੋਈ ਹੈ ਅਤੇ ਸੰਕਲਪ ਪੱਤਰ ਤਿਆਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿਧਾਤਾਂ ਅਤੇ ਏਜੰਡਾ ਆਧਾਰਿਤ ਸਮਝੌਤਾ ਹੀ ਕਰੇਗਾ।
ਅਹਿਮ ਸੂਤਰ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਦਿਨਾਂ ਤੋਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਮੂੰਹ ਵੱਲ ਦੇਖ ਰਿਹਾ ਹੈ ਜਦੋਂ ਕਿ ਭਾਜਪਾ ਲੀਡਰਸ਼ਿਪ ਦੂਸਰੇ ਸੂਬਿਆਂ ਵਿਚ ਚੋਣ ਪ੍ਰਚਾਰ ਵਿਚ ਰੁੱਝੀ ਹੋਈ ਹੈ। ਪਿਛਲੇ ਸਮੇਂ ਦੌਰਾਨ ਦੋਵਾਂ ਧਿਰਾਂ ਵਿਚ ਸਮਝੌਤੇ ਨੂੰ ਲੈ ਕੇ ਜੋ ਸਿਖਰ ਵੱਲ ਗੱਲ ਤੁਰੀ ਸੀ ਉਹ ਮੁੜ ਪੁਰਾਣੀ ਜਗ੍ਹਾ ’ਤੇ ਆ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਆਖਦੇ ਹਨ ਕਿ ਦੋਵੇਂ ਧਿਰਾਂ ਗੱਠਜੋੜ ਨੂੰ ਲੈ ਕੇ ਸਾਰਥਿਕ ਰੌਂਅ ਵਿਚ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਖਾਸ ਕਰ ਕੇ ਕਿਸਾਨੀ ਮਾਮਲਿਆਂ ’ਤੇ ਪਹਿਲਾਂ ਸਪੱਸ਼ਟਤਾ ਵੀ ਚਾਹੁੰਦਾ ਹੈ। ਸੂਤਰ ਦੱਸਦੇ ਹਨ ਕਿ ਦੋਵੇਂ ਧਿਰਾਂ ਆਪੋ ਆਪਣੇ ਪਾਲੇ ਵਿਚ ਖੜ੍ਹੀਆਂ ਹਨ ਅਤੇ ਕੋਈ ਵੀ ਗੱਠਜੋੜ ਲਈ ਪਹਿਲ ਨਹੀਂ ਕਰ ਰਿਹਾ ਹੈ। ਚੋਣ ਜ਼ਾਬਤਾ ਲੱਗਣ ਕਰਕੇ ਹੁਣ ਭਾਜਪਾ ਪੰਜਾਬ ਦੇ ਮੁੱਦਿਆਂ ’ਤੇ ਸਿਰਫ ਵਾਅਦੇ ਹੀ ਕਰ ਸਕਦੀ ਹੈ।

Advertisement
Author Image

joginder kumar

View all posts

Advertisement
Advertisement
×