ਅਕਾਲੀ ਦਲ ਦਾ ਗੱਠਜੋੜ ਸਿਰਫ਼ ਪੰਜਾਬ ਤੇ ਪੰਜਾਬੀਅਤ ਦੇ ਨਾਲ: ਹਰਸਿਮਰਤ
ਇਕਬਾਲ ਸਿੰਘ ਸ਼ਾਂਤ
ਲੰਬੀ, 5 ਸਤੰਬਰ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੁੱਲ੍ਹੇਆਮ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਐੱਨਡੀਏ ਅਤੇ ਨਾ ਨਵਗਠਿਤ ਗੱਠਜੋੜ ‘ਇੰਡੀਆ’ ਦੇ ਨਾਲ ਹੈ। ਉਸਦਾ ਖੁੱਲ੍ਹਮ-ਖੁੱਲ੍ਹਾ ਰਵਾਇਤੀ ਗੱਠਜੋੜ ਸਿਰਫ਼ ਪੰਜਾਬ ਤੇ ਪੰਜਾਬੀਅਤ ਦੇ ਹਿੱਤਾਂ ਨਾਲ ਹੈ। ਪੰਜਾਬ ਦੇ ਹਿੱਤਾਂ ਨੂੰ ਦਿੱਲੀ ਦੀ ਅਗਵਾਈ ਵਾਲੀਆਂ ਪਾਰਟੀਆਂ ਤੋਂ ਖ਼ਤਰਾ ਮੰਡਰਾ ਰਿਹਾ ਹੈ। ਕਾਂਗਰਸ ਅਤੇ ‘ਆਪ’ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਸਿਰ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ। ਉਹ ਪਿੰਡਾਂ ਵੜਿੰਗਖੇੜਾ, ਮੰਡੀ ਕਿੱਲਿਆਂਵਾਲੀ ਅਤੇ ਪਿੰਡ ਕਿੱਲਿਆਂਵਾਲੀ ਵਿੱਚ ਜਨਸੰਪਰਕ ਦੌਰੇ ਮੌਕੇ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ, ‘ਆਪ’ ਤੇ ਭਾਜਪਾ ਦਾ ਪੰਜਾਬ ਦੇ ਹਿੱਤਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹੁਣ ਇੰਡੀਆ ਗੱਠਜੋੜ ਤਹਿਤ ਕਾਂਗਰਸ ਅਤੇ ‘ਆਪ’ ਦੀ ਮਿਲੀਭੁਗਤ ਸਾਹਮਣੇ ਆ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਅਤੇ ‘ਆਪ’ ਦੇ ਸੰਸਦ ਮੈਂਬਰਾਂ ਨੇ ਕਦੇ ਲੋਕ ਸਭਾ ਵਿੱਚ ਪੰਜਾਬ ਦੀ ਆਵਾਜ਼ ਨਹੀਂ ਚੁੱਕੀ। ਕਾਂਗਰਸ ਸਰਕਾਰ ਵਿੱਚ ਮੰਤਰੀ ਰਹੇ 8-10 ਕਾਂਗਰਸ ਆਗੂ ਵਿਜੀਲੈਂਸ ਜਾਂਚ ਤੋਂ ਬਚਣ ਲਈ ਭਾਜਪਾ ’ਚ ਜਾ ਬੈਠੇ ਹਨ ਜਦਕਿ ਰਾਜਾ ਵੜਿੰਗ ਵੀ ਬੱਸਾਂ ਦੇ ਮਾਮਲੇ ਵਿੱਚ ਵਿਜੀਲੈਂਸ ਜਾਂਚ ਤੋਂ ਬਚਣ ਲਈ ਮੂੰਹ ਬੰਦ ਕਰਕੇ ਬੈਠ ਗਏ ਹਨ। ਉਨ੍ਹਾਂ ਪਿੰਡ ਖੁੱਡੀਆਂ ਵਿੱਚ ਓਵਰਡੋਜ਼ ਨਾਲ ਮੌਤ ਅਤੇ ਵਿਕਦੇ ਮੈਡੀਕਲ ਨਸ਼ਿਆਂ ਦੇ ਮੁੱਦੇ ’ਤੇ ਖੇਤੀ ਮੰਤਰੀ ਉੱਪਰ ਚੁੱਪ ਵੱਟਣ ਦੇ ਦੋਸ਼ ਲਗਾਏ। ਸੰਸਦ ਮੈਂਬਰ ਨੇ ਪੰਚਾਇਤਾਂ ਭੰਗ ਕਰਨ ਦੇ ਯੂ-ਟਰਨ ਮਾਮਲੇ ’ਤੇ ਸਰਕਾਰ ਦੀ ਖਿਚਾਈ ਕੀਤੀ। ਪਿੰਡ ਕਿੱਲਿਆਂਵਾਲੀ ਦੇ ਸਾਬਕਾ ਸਰਪੰਚ ਸੁਖਪਾਲ ਭਾਟੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ’ਚ ਚਾਰ ਵਾਟਰ ਵਰਕਸ ਬਣਵਾਏ ਸਨ। ਹੁਣ ‘ਆਪ’ ਸਰਕਾਰ ਵਿੱਚ ਵਾਟਰ ਵਰਕਸ ਨੂੰ ਜਿੰਦਰਾ ਲੱਗੇ ਹੋਣ ਕਰਕੇ ਪਿੰਡ ਵਾਸੀ ਪਾਣੀ ਲਈ ਭਟਕ ਰਹੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਬਾਦਲ ਪਰਿਵਾਰ ਦਾ ਸਿੱਧਾ ਰਾਬਤਾ ਆਮ ਜਨਤਾ ਦੇ ਨਾਲ ਹੈ। ਉਨ੍ਹਾਂ ਦੀ ਬਾਦਲ ਰਿਹਾਇਸ਼ ’ਤੇ ਦਫ਼ਤਰ ਜਾਂ ਬਠਿੰਡਾ ਦਫ਼ਤਰ ‘’ਚ ਕੋਈ ਵਿਅਕਤੀ ਆਪਣੀ ਸਮੱਸਿਆ ਲਈ ਪਹੁੰਚ ਕਰ ਸਕਦਾ ਹੈ। ਇਸ ਸਬੰਧੀ ਉਨ੍ਹਾਂ ਨਿੱਜੀ ਸਹਾਇਕਾਂ ਦੇ ਨਾਂ ਵੀ ਜਨਤਕ ਕੀਤੇ।