ਅਕਾਲੀ ਦਲ ’ਤੇ ਅਕਾਲ ਤਖ਼ਤ ਦੇ ਹੁਕਮਾਂ ਨੂੰ ਅਣਗੌਲਿਆਂ ਕਰਨ ਦੇ ਦੋਸ਼
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 12 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਸ੍ਰੀ ਅਕਾਲ ਤਖਤ ਤੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਸਬੰਧੀ ਆਦੇਸ਼ਾਂ ਨੂੰ ਅਣਡਿੱਠ ਕੀਤੇ ਜਾਣ ਕਰਕੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਮੁੜ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨਾਲ ਸਬੰਧਿਤ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਜਾਰੀ ਕੀਤੇ ਗਏ ਆਦੇਸ਼ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵਾਰ ਮੁੜ ਅਣਡਿੱਠ ਕੀਤੇ ਜਾਣ ਕਾਰਨ ਨਿਰਾਸ਼ਾ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਾਮਲੇ ਵਿੱਚ ਆਪਣੇ ਤੌਰ ’ਤੇ ਬਣਾਈ ਗਈ ਸਮਾਨੰਤਰ ਕਮੇਟੀ ਨੂੰ ਲੈ ਕੇ ਦੁਬਿਧਾ ਵਾਲੀ ਸਥਿਤੀ ਹੈ। ਅਕਾਲ ਤਖਤ ਦੇ ਜਥੇਦਾਰ ਵੱਲੋਂ ਇਸ ਮਾਮਲੇ ਵਿੱਚ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਅਤੇ ਉਨ੍ਹਾਂ ਮੁੜ ਆਖਿਆ ਕਿ ਇਸ ਕਮੇਟੀ ਦੀ ਹੋਂਦ ਕਾਇਮ ਹੈ ਤੇ ਇਹ ਕਮੇਟੀ ਕਾਰਜਸ਼ੀਲ ਹੈ। ਉਹ ਇਸ ਮਾਮਲੇ ਵਿੱਚ ਸਪਸ਼ਟਤਾ ਲਈ ਜਲਦੀ ਹੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇਸ ਮਾਮਲੇ ਵਿੱਚ ਬੇਲੋੜੇ ਅਤੇ ਬੇਅਰਥ ਤਰਕ ਦੇ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਦੋਸ਼ ਲਾਇਆ ਕਿ ਅਕਾਲੀ ਦਲ ਦੀ ਲੀਡਰਸ਼ਿਪ ਅਕਾਲ ਤਖਤ ਦੇ ਆਦੇਸ਼ ਨੂੰ ਇੰਨ ਬਿੰਨ ਲਾਗੂ ਕਰਨ ਤੋਂ ਭੱਜ ਰਹੀ ਹੈ। ਨਿਯਮਾਂ ਅਨੁਸਾਰ ਸੱਤ ਮੈਂਬਰੀ ਕਮੇਟੀ ਹੀ ਅਕਾਲੀ ਦਲ ਦੇ ਡੈਲੀਗੇਟ ਦੀ ਭਰਤੀ ਕਰ ਸਕਦੀ ਹੈ ਪਰ ਅਕਾਲੀ ਲੀਡਰਸ਼ਿਪ ਨੇ ਇਸ ਸਬੰਧੀ ਆਪਣੇ ਲੀਡਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਹਨ।