ਅਕਾਲੀ-ਕਾਂਗਰਸੀ ਚੋਣਾਂ ਲੜਨ ਤੋਂ ਟਾਲਾ ਵੱਟਣ ਲੱਗੇ
ਜੋਗਿੰਦਰ ਸਿੰਘ ਮਾਨ
ਮਾਨਸਾ, 26 ਸਤੰਬਰ
ਮਾਲਵਾ ਖੇਤਰ ਦੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਲਈ ਸਰਗਰਮੀਆਂ ਆਰੰਭ ਹੋ ਗਈਆਂ ਹਨ। ਰਾਜ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਪਿੰਡਾਂ ਨਾਲ ਜੁੜੇ ਆਗੂਆਂ ਦੇ ਘਰੇ ਰੌਣਕ ਮੇਲਾ ਵੱਧਣ ਲੱਗਿਆ ਹੈ। ਸੂਬੇ ਵਿੱਚ ਪਹਿਲੀ ਵਾਰ ਬਣੀ ‘ਆਪ’ ਦੀ ਸਰਕਾਰ ਨਾਲ ਜੁੜੇ ਪਿੰਡਾਂ ਦੇ ਨੌਜਵਾਨਾਂ ਵਿੱਚ ਇਸ ਵਾਰ ਸਰਪੰਚ ਬਣਨ ਲਈ ਭਾਰੀ ਉਤਸ਼ਾਹ ਵੇਖਿਆ ਜਾਣ ਲੱਗਿਆ ਹੈ। ਭਲਕੇ 27 ਸਤੰਬਰ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਪਹਿਲਾ ਦਿਨ ਹੈ, ਜਿਸ ਕਰਕੇ ਵੇਖਿਆ ਗਿਆ ਹੈ ਕਿ ਅਜੇ ਤੱਕ ਅਕਾਲੀ ਅਤੇ ਕਾਂਗਰਸੀ ਸਰਪੰਚੀ-ਪੰਚੀ ਦੀਆਂ ਚੋਣਾਂ ਲੜਨ ਤੋਂ ਟਾਲਾ ਵੱਟਣ ਲੱਗੇ ਹਨ ਅਤੇ ਆਮ ਆਦਮੀ ਪਾਰਟੀ ਵਰਕਰਾਂ ਵਿੱਚ ਉਤਸ਼ਾਹ ਦੇ ਨਾਲ-ਨਾਲ ਧੜੇਬੰਦੀਆਂ ਪੈਦਾ ਹੋਣ ਲੱਗੀਆਂ ਹਨ। ਆਮ ਆਦਮੀ ਪਾਰਟੀ ਦਾ ਭਾਵੇਂ ਲੋਕ ਸਭਾ ਚੋਣਾਂ ਤੋਂ ਬਾਅਦ ਬਹੁਤੇ ਪਿੰਡਾਂ ਵਿੱਚ ਗਰਾਫ਼ ਹੇਠਾਂ ਆ ਗਿਆ ਹੈ ਪਰ ਪਾਰਟੀ ਨਾਲ ਜੁੜੇ ਨੌਜਵਾਨ ਆਗੂਆਂ ਵਿੱਚ ਪੰਚੀ-ਸਰਪੰਚੀ ਨੂੰ ਲੈ ਕੇ ਭੱਜ-ਦੌੜ ਆਰੰਭ ਹੋ ਗਈ ਹੈ। ਇਹ ਵੀ ਵੇਖਿਆ ਗਿਆ ਹੈ ਕਿ ਮਾਨਸਾ ਜ਼ਿਲ੍ਹੇ ਦੇ ਜਿਹੜੇ ਪਿੰਡ ਔਰਤਾਂ ਲਈ ਰਾਖਵੇਂ ਹੋ ਗਏ ਹਨ, ਉਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਆਪਣੀਆਂ ਪਤਨੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਬਹੁਤੇ ਪਿੰਡਾਂ ਵਿੱਚ ਜਿੱਥੇ ਪਿੰਡ ਐਸਸੀ ਲਈ ਰਾਖਵੇਂ ਹੋ ਗਏ ਹਨ, ਉਥੇ ਆਮ ਆਦਮੀ ਪਾਰਟੀ ਨਾਲ ਜੁੜੇ ਵਰਕਰਾਂ ਵਿੱਚ ਭਾਵੇਂ ਉਤਸ਼ਾਹ ਘਟਿਆ ਹੈ, ਪਰ ਉਹ ਐਸਸੀ ਉਮੀਦਵਾਰਾਂ ਦੀ ਸਹਾਇਤਾ ਲਈ ਥਾਪੀ ਦਿੱਤੀ ਜਾਣ ਲੱਗੀ ਹੈ। ਇਨ੍ਹਾਂ ਚੋਣਾਂ ਲਈ ਜਿਥੇ ‘ਆਪ’ ਨੇਤਾਵਾਂ ਦੇ ਘਰੇ ਰੌਣਕ ਮੇਲਾ ਲੱਗਣ ਲੱਗਿਆ ਹੈ, ਉਥੇ ਅਕਾਲੀ ਦਲ ਅਤੇ ਕਾਂਗਰਸੀ ਨੇਤਾਵਾਂ ਦੇ ਘਰ ਚੁੱਪ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਪੰਚਾਇਤਾਂ ਦਾ ਰਾਜ ਦੀ ਸੱਤਾ ਨਾਲ ਸਿੱਧਾ ਸਬੰਧ ਹੁੰਦਾ ਹੈ, ਜਿਸ ਕਰਕੇ ਆਮ ਆਦਮੀ ਪਾਰਟੀ ਵਿਚ ਇਨ੍ਹਾਂ ਚੋਣਾਂ ਨੂੰ ਲੈਕੇ ਦੂਜਿਆਂ ਦੇ ਮੁਕਾਬਲੇ ਵੱਧ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਸੁਖਲੱਧੀ ਪਿੰਡ ਦੇ ਸਰਪੰਚ ਦੀ ਸਰਬਸੰਮਤੀ ਨਾਲ ਚੋਣ
ਰਾਮਾਂ ਮੰਡੀ (ਹੁਸ਼ਿਆਰ ਸਿੰਘ ਅਟੌੜਾ):
ਪਿੰਡ ਸੁਖਲੱਧੀ ਦੇ ਲੋਕਾਂ ਨੇ ਅੱਜ ਇਕੱਠ ਕਰਕੇ ਪਿੰਡ ਦੇ ਨੌਜਵਾਨ ਕੁਲਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ। ਸਰਬਸੰਮਤੀ ਚੁਣੇ ਗਏ ਸਰਪੰਚ ਕੁਲਵਿੰਦਰ ਸਿੰਘ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਖੇਡ ਸਟੇਡੀਅਮ ਬਣਾਉਣ ਲਈ ਆਪਣੀ 14 ਕਨਾਲਾਂ ਜ਼ਮੀਨ ਦੇਣ ਦਾ ਐਲਾਨ ਕੀਤਾ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਕਦਮ ਤੇ ਕੰਮ ਕਰਨ ਦੇ ਨਾਲ ਹੀ ਪਿੰਡ ਦੀ ਤਰੱਕੀ ਲਈ ਵੱਧ ਵੱਧ ਕੰਮ ਕਰੇਗਾ।