ਅਕਾਲੀ, ਕਾਂਗਰਸੀ ਤੇ ‘ਆਪ’ ਨੇ ਕਿਸਾਨਾਂ-ਮਜ਼ਦੂਰਾਂ ਨਾਲ ਧੋਖਾ ਕੀਤਾ: ਪਰਮਪਾਲ ਕੌਰ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 15 ਮਈ
ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਝੂਠ ਬੋਲ ਕੇ ਲੋਕਾਂ ਨਾਲ ਧੋਖਾ ਕੀਤਾ ਕਿਉਂਕਿ ਨਾ ਵਿਕਾਸ ਹੋਇਆ ਅਤੇ ਨਾ ਹੀ ਨਸ਼ਾ ਖ਼ਤਮ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਬਰਬਾਦ ਕਰਨ ਵਾਲੀ ਮਾਨ ਸਰਕਾਰ ਹੁਣ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਵੀ ਕਰਜ਼ੇ ਲੈ ਰਹੀ ਹੈ। ਅੱਜ ਕੋਟ ਸ਼ਮੀਰ, ਜੱਸੀ ਪੌ ਵਾਲੀ, ਗਹਿਰੀ ਬੁੱਟਰ, ਕਟਾਰ ਸਿੰਘ ਵਾਲਾ, ਫੂਸ ਮੰਡੀ, ਭਾਗੂ ਆਦਿ ਪਿੰਡਾਂ ਵਿੱਚ ਚੋਣ ਪ੍ਰਚਾਰ ਦੌਰਾਨ ਸੰਬੋਧਨ ਕਰਦਿਆਂ ਸ੍ਰੀਮਤੀ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਹੋਵੇ, ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ, ਸਭ ਨੇ ਮਜ਼ਦੂਰਾਂ ਅਤੇ ਕਿਸਾਨਾਂ ਦਾ ਸ਼ੋਸ਼ਣ ਕੀਤਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਅਤੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਜੇਕਰ ਕਿਸੇ ਨੇ ਕੋਈ ਕੰਮ ਕੀਤਾ ਹੈ, ਤਾਂ ਉਹ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਨੇ ਕੀਤਾ ਹੈ ਅਤੇ ਹੁਣ ਪੰਜਾਬੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਤੋਂ ਸੂਬੇ ਦੇ ਵਿਕਾਸ ਲਈ ਬਹੁਤ ਉਮੀਦਾਂ ਹਨ। ਪਰਮਪਾਲ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਦੀ ਹਰ ਸਕੀਮ ਗਰੀਬਾਂ ਅਤੇ ਲੋੜਵੰਦਾਂ ਦੀ ਭਲਾਈ ਲਈ ਹੀ ਬਣਦੀ ਹੈ।