ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਮਜ਼ਦਗੀ ਰੱਦ ਕਰਨ ਸਬੰਧੀ ਸੂਚੀਆਂ ਨਾ ਲੱਗਣ ਤੋਂ ਅਕਾਲੀ ਭੜਕੇ

10:10 AM Oct 06, 2024 IST
ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ।

ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਅਕਤੂਬਰ
ਇੱਥੇ ਸ਼੍ਰੋਮਣੀ ਅਕਾਲੀ ਦੇ ਆਗੂਆਂ ਨੇ ਪੰਚਾਇਤੀ ਚੋਣਾਂ ਲਈ ਅਧਿਕਾਰੀਆਂ ’ਤੇ ਹਾਕਮ ਧਿਰ ਦੀ ਖੁੱਲ੍ਹੇ ਤੌਰ ’ਤੇ ਮਦਦ ਕਰਨ ਦੇ ਦੋਸ਼ ਲਾਏ ਹਨ। ਨਾਮਜ਼ਦਗੀ ਰੱਦ ਕਰਨ ਸਬੰਧੀ ਸੂਚੀਆਂ ਨਾ ਲੱਗਣ ਦੇ ਰੋਸ ਵਜੋਂ ਉਨ੍ਹਾਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਅਕਾਲੀ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਥਿਤ ਧੱਕੇਸ਼ਾਹੀਆਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕਰਨ ਦਾ ਐਲਾਨ ਕਰਦਿਆਂ ਚੋਣ ਕਮਿਸ਼ਨ ਤੋਂ ਦਖ਼ਲ ਦੀ ਮੰਗ ਕੀਤੀ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਬਾਅਦ ਦੁਪਹਿਰ 3 ਵਜੇ ਤੱਕ ਇਤਰਾਜ਼ ਲੈਣ ਦਾ ਸਮਾਂ ਸੀ। ਉਸ ਤੋਂ ਬਾਅਦ ਪੜਤਾਲ ਹੋਣੀ ਸੀ ਪਰ ਇਸ ਵਿੱਚ ਕੁੱਝ ਸਮਾਂ ਲੱਗ ਜਾਂਦਾ ਹੈ।
ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਡੇਕੇ, ਬਰਜਿੰਦਰ ਸਿੰਘ ਮੱਖਣ ਬਰਾੜ, ਤੀਰਥ ਸਿੰਘ ਮਾਹਲਾ, ਸੰਜੀਤ ਸਿੰਘ ਸੰਨੀ ਗੱਲ ਅਤੇ ਲੋਕ ਸਭਾ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੇ ਕਿਹਾ ਕਿ ਨਾਮਜ਼ਦਗੀਆਂ ਸਬੰਧੀ ਸੂਚੀਆਂ ਨੋਟਿਸ ਬੋਰਡਾਂ ’ਤੇ ਨਾ ਲਾਉਣ ਕਾਰਨ ਜਿੱਥੇ ਉਮੀਦਵਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਲਈ ਸਥਾਪਤ ਕੇਂਦਰ ਇੱਕ ਤਰ੍ਹਾਂ ਹਾਕਮ ਧਿਰ ਦੇ ਦਫ਼ਤਰ ਦਿਖਾਈ ਦੇਣ ਲੱਗੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਜ਼ਾਦ ਤੇ ਨਿਰਪੱਖ ਚੋਣਾਂ ਦੇ ਮਾਹੌਲ ਨੂੰ ਹਾਕਮ ਧਿਰ ਨੇ ਪੂਰੀ ਤਰ੍ਹਾਂ ਗੰਧਲਾ ਕਰ ਦਿੱਤਾ ਹੈ। ਉਨ੍ਹਾਂ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਚੋਣਾਂ ਜਿੱਤਣ ਲਈ ਹਾਕਮ ਧਿਰ ਦੇ ਵਰਕਰ ਬਣ ਕੇ ਕੰਮ ਕਰਨ ਦੇ ਦੋਸ਼ ਲਾਏ। ਆਗੂਆਂ ਨੇ ਕਿਹਾ ਕਿ ਸਥਾਨਕ ਥਾਣਾ ਸਿਟੀ ਮੁਖੀ ਵੱਲੋਂ 4 ਅਕਤੂਬਰ ਨੂੰ ਨਾਮਜ਼ਦਗੀਆਂ ਦਾਖਲ ਕਰਨ ਮੌਕੇ ਪਿੰਡ ਲੰਡੇਕੇ ਵਿੱਚ ਗੋਲੀਆਂ ਚਲਾਉਣ ਦੀ ਘਟਨਾ ਦੀ ਜੋ ਐੱਫਆਈਆਰ ਦਰਜ ਕੀਤੀ ਗਈ ਹੈ, ਉਸ ਵਿੱਚ ਥਾਣਾ ਮੁਖੀ ਨੇ ਸਪੱਸ਼ਟ ਲਿਖਿਆ ਹੈ ਕਿ ਮੁਲਜ਼ਮ ਕਾਲੀ ਸਕਾਰਪੀਓ, ਚਿੱਟੀ ਫਾਰਚੂਨਰ ਅਤੇ ਸਲੇਟੀ ਰੰਗ ਦੀ ਬੋਲੈਰੋ ਗੱਡੀ ਵਿਚ ਆਏ ਸਨ ਅਤੇ ਗੋਲੀਆਂ ਚਲਾ ਕੇ ਗੱਡੀਆਂ ਸਮੇਤ ਫ਼ਰਾਰ ਹੋ ਗਏ।

Advertisement

ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਸਮਾਂ ਵਧਾਇਆ ਜਾਵੇ: ਚੀਮਾ

ਚੰਡੀਗੜ੍ਹ (ਟਨਸ): ਪੰਚਾਇਤੀ ਚੋਣਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਝੜਪਾਂ ਹੋ ਰਹੀਆਂ ਹਨ। ਇਸੇ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬਾਈ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਸਮਾਂ ਵਧਾਉਣ ਅਤੇ ਮੋਗਾ ਜ਼ਿਲ੍ਹੇ ਦੇ ਧਰਮਕੋਟ ਵਿਧਾਨ ਸਭਾ ਹਲਕੇ ਦੇ 15 ਪਿੰਡਾਂ ਵਿੱਚ ਨਾਮਜ਼ਦਗੀ ਕਾਗਜ਼ ਦਾਖਲ ਕਰਨ ਲਈ ਨਵੀਆਂ ਤਰੀਕਾਂ ਦਾ ਐਲਾਨ ਕਰਨ ਦੀ ਮੰਗ ਕੀਤੀ ਹੈ। ਇਹ ਪੱਤਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਚੋਣ ਕਮਿਸ਼ਨਰ ਦੇ ਨਾਮ ਲਿਖਿਆ ਹੈ। ਡਾ. ਚੀਮਾ ਨੇ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਕਿ ਧਰਮਕੋਟ ਦੇ ਤਿੰਨ ਪਿੰਡਾਂ ਵਿਚ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਪਰ ਉਨ੍ਹਾਂ ਨੂੰ ਕੋਈ ਰਸੀਦ ਨਹੀਂ ਦਿੱਤੀ ਗਈ।

Advertisement
Advertisement