ਅਜੀਤ ਪਵਾਰ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਿੰਦੇ ਦੀ ਥਾਂ ਲੈਣ ਲੲੀ ਭਾਜਪਾ ਦਾ ਲਡ਼ ਫਡ਼ਿਆ: ਸ਼ਿਵ ਸੈਨਾ (ਯੂਬੀਟੀ)
ਮੁੰਬਈ, 3 ਜੁਲਾਈ
ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਆਗੂ ਅਜੀਤ ਪਵਾਰ ਜਲਦੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਥਾਂ ਲੈਣਗੇ। ਸੀਨੀਅਰ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਨੇਤਾ ਅਜੀਤ ਪਵਾਰ ਨੇ ਐਤਵਾਰ ਨੂੰ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਵਿੱਚ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਜਦੋਂ ਕਿ ਪਾਰਟੀ ਦੇ ਅੱਠ ਹੋਰ ਨੇਤਾਵਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਸ਼ਿਵ ਸੈਨਾ (ਯੂਬੀਟੀ) ਨੇ ਆਪਣੇ ਮੁਖ ਪੱਤਰ 'ਸਾਮਨਾ' ਰਾਹੀਂ ਸੰਪਾਦਕੀ 'ਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਭਾਜਪਾ ਨੇ ਮਹਾਰਾਸ਼ਟਰ ਹੀ ਨਹੀਂ ਦੇਸ਼ ਦੀ ਰਾਜਨੀਤੀ ਨੂੰ 'ਕੁਚਲ' ਦਿੱਤਾ ਹੈ। 'ਸਾਮਨਾ' ਨੇ ਕਿਹਾ, ‘ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦਾ ਰਿਕਾਰਡ ਬਣਾਇਆ ਹੈ। ਇਸ ਵਾਰ 'ਸੌਦਾ' ਵੱਡਾ ਹੈ। ਪਵਾਰ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਉਥੇ ਨਹੀਂ ਗਏ ਹਨ। ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨੂੰ ਜਲਦੀ ਹੀ ਅਯੋਗ ਕਰਾਰ ਦਿੱਤਾ ਜਾਵੇਗਾ ਅਤੇ ਪਵਾਰ ਨੂੰ ਤਾਜ ਪਹਿਨਾਇਆ ਜਾਵੇਗਾ।’