ਫ਼ਿਲਮ ਦੀ ਸ਼ੂਟਿੰਗ ਲਈ ਅਜੈ ਦੇਵਗਨ ਪਟਿਆਲਾ ’ਚ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਸਤੰਬਰ
ਬੌਲੀਵੁੱਡ ਅਦਾਕਾਰ ਅਜੈ ਦੇਵਗਨ ਪਟਿਆਲਾ ਵਿਚ ਆਪਣੀ ਫ਼ਿਲਮ ਦੀ ਸ਼ੂਟਿੰਗ ਕਰਨ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਇੱਥੇ ਦੀ ਵਿਰਾਸਤੀ ਰਾਜਿੰਦਰਾ ਕੋਠੀ ਵਿਚ ਬਣੇ ਨੀਮਰਾਣਾ ਹੋਟਲ ਵਿਚ ਰਿਹਾਇਸ਼ ਬਣਾਈ ਹੈ। ਅਜੈ ਦੇਵਗਨ ਅੱਜ ਪਟਿਆਲਾ ਦੇ ਦੋ ਅਹਿਮ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ।
ਜਾਣਕਾਰੀ ਅਨੁਸਾਰ ਉਹ ਅੱਜ ਆਪਣੀ ਫ਼ਿਲਮ ਦੀ ਸ਼ੂਟਿੰਗ ਕਰਨ ਤੋਂ ਬਾਅਦ ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪੁੱਜੇ ਤੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨੂੰ ਗੁਰਦੁਆਰੇ ਵਿਚ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਹ ਇਸ ਤੋਂ ਬਾਅਦ ਇੱਥੇ ਦੇ ਇਤਿਹਾਸਕ ਕਾਲੀ ਮਾਤਾ ਮੰਦਰ ਵਿਚ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਮੰਦਰ ਦੇ ਪੁਜਾਰੀ ਨੇ ਉਨ੍ਹਾਂ ਨੂੰ ਫੁੱਲ ਦਿੱਤਾ ਤੇ ਮਾਣ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਸਾਰੇ ਮੰਦਰਾਂ ਦੇ ਦਰਸ਼ਨ ਕੀਤੇ।
ਜ਼ਿਕਰਯੋਗ ਹੈ ਕਿ ਪਟਿਆਲਾ ਵਿਚ ਬੌਲੀਵੁੱਡ ਦੀਆਂ ਕਈ ਫ਼ਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ, ਜਿਸ ਵਿਚ ‘ਜਬ ਵੁਈ ਮੈੱਟ’, ‘ਯਮਲਾ ਪਗਲਾ ਦੀਵਾਨਾ’, ‘ਸਨ ਆਫ਼ ਸਰਦਾਰ’ ਵਰਗੀਆਂ ਕਈ ਫ਼ਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ। ਵਿਰਾਸਤੀ ਸ਼ਹਿਰ ਪਟਿਆਲਾ ਵਿਚ ਖ਼ਾਸ ਕਰਕੇ ਕਿਲ੍ਹੇ, ਸ਼ੀਸ਼ ਮਹਿਲ ਆਦਿ ਥਾਵਾਂ ਤੇ ਫ਼ਿਲਮਾਂ ਦੀ ਸ਼ੂਟਿੰਗ ਪਹਿਲਾਂ ਕੀਤੀ ਗਈ ਹੈ।