ਅਜੈ ਤੇ ਆਮਿਰ ਨੇ ਮੁੜ ਇਕੱਠਿਆਂ ਕੰਮ ਕਰਨ ਦੀ ਇੱਛਾ ਪ੍ਰਗਟਾਈ
ਮੁੰਬਈ: ਬੌਲੀਵੁੱਡ ਸੁਪਰਸਟਾਰ ਅਜੈ ਦੇਵਗਨ ਅਤੇ ਆਮਿਰ ਖਾਨ ਨੇ ਫਿਰ ਤੋਂ ਇਕੱਠੇ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਉਹ ਦੋਵੇਂ 1997 ਵਿੱਚ ਆਈ ਫ਼ਿਲਮ ‘ਇਸ਼ਕ’ ਵਿੱਚ ਇਕੱਠੇ ਦਿਖਾਈ ਦਿੱਤੇ ਸਨ। ਇਹ ਫ਼ਿਲਮ ਸੁਪਰਹਿੱਟ ਰਹੀ ਸੀ। ਦੋਵੇਂ ਕਲਾਕਾਰ ਲੰਘੀ ਸ਼ਾਮ ਫ਼ਿਲਮ ‘ਤੇਰਾ ਯਾਰ ਹੂੰ ਮੈਂ’ ਦੇ ਮਹੂਰਤ ਮੌਕੇ ਇਕੱਠੇ ਹੋਏ ਸਨ। ਇਹ ਫ਼ਿਲਮ ਨਿਰਮਾਤਾ ਇੰਦਰ ਕੁਮਾਰ ਦੇ ਪੁੱਤਰ ਅਮਨ ਦੀ ਨਿਰਮਾਤਾ ਵਜੋਂ ਪਲੇਠੀ ਫ਼ਿਲਮ ਹੈ।
ਇਸ ਮੌਕੇ ਆਮਿਰ ਖਾਨ ਨੇ ਕਿਹਾ ਕਿ ਜਦੋਂ ਵੀ ਉਹ ਅਜੈੈ ਨੂੰ ਮਿਲਦਾ ਹੈ ਤਾਂ ਖੁਸ਼ੀ ਮਹਿਸੂਸ ਹੁੰਦੀ ਹੈ। ਉਸ ਨੂੰ ਅਜੈ ਪਸੰਦ ਹੈ। ਦੇਵਗਨ ਨੇ ਕਿਹਾ ਕਿ ਉਸ ਨੇ ਫ਼ਿਲਮ ‘ਇਸ਼ਕ’ ਵਿੱਚ ‘ਦੰਗਲ’ ਦੇ ਅਭਿਨੇਤਾ ਦੇ ਨਾਲ ਕੰਮ ਕਰਕੇ ਬਹੁਤ ਵਧੀਆ ਸਮਾਂ ਬਿਤਾਇਆ। ਉਸ ਨੇ ਕਿਹਾ, ‘ਸਾਨੂੰ ‘ਇਸ਼ਕ’ ਦੇ ਸੈੱਟ ’ਤੇ ਬਹੁਤ ਮਜ਼ਾ ਆਇਆ।
ਸਾਨੂੰ ਇਕ ਹੋਰ ਫ਼ਿਲਮ ਵਿੱਚ ਇਕੱਠਿਆਂ ਕੰਮ ਕਰਨਾ ਚਾਹੀਦਾ ਹੈ।’ ਇਸ ’ਤੇ ਖ਼ਾਨ ਨੇ ਕਿਹਾ, ‘ਹਾਂ, ਸਾਨੂੰ ਅਜਿਹਾ ਕਰਨਾ ਚਾਹੀਦਾ ਹੈ।’ ਇਸ ਮੌਕੇ ਆਮਿਰ ਖ਼ਾਨ ਨੇ ਇਹ ਵੀ ਦੱਸਿਆ ਕਿ ‘ਇਸ਼ਕ’ ਦੀ ਸ਼ੂਟਿੰਗ ਦੌਰਾਨ ਜਦੋਂ ਚਿੰਪੈਂਜ਼ੀ ਨੇ ਉਸ ’ਤੇ ਹਮਲਾ ਕਰ ਦਿੱਤਾ ਸੀ ਤਾਂ ਅਜੈ ਦੇਵਗਨ ਨੇ ਉਸ ਨੂੰ ਕਿਵੇਂ ਬਚਾਇਆ ਸੀ। -ਪੀਟੀਆਈ