ਹਵਾਈ ਜਹਾਜ਼ਾਂ ਦਾ ਤੇਲ ਮਹਿੰਗਾ ਤੇ ਵਪਾਰਕ ਐੱਲਪੀਜੀ ਸਿਲੰਡਰ ਹੋਇਆ ਸਸਤਾ
ਨਵੀਂ ਦਿੱਲੀ, 1 ਜੁਲਾਈ
ਕੌਮਾਂਤਰੀ ਤੇਲ ਕੀਮਤਾਂ ਦੇ ਰੁਝਾਨ ਦੇ ਮੱਦੇਨਜ਼ਰ ਜੈੱਟ ਬਾਲਣ ਜਾਂ ਏਟੀਐੱਫ ਅੱਜ 1.2 ਫੀਸਦੀ ਮਹਿੰਗਾ ਹੋ ਗਿਆ, ਜਦੋਂਕਿ ਹੋਟਲਾਂ ਅਤੇ ਰੈਸਤਰਾਂ ਵਰਗੇ ਅਦਾਰਿਆਂ ਵਿੱਚ ਵਰਤੇ ਜਾਣ ਵਾਲੇ ਵਪਾਰਕ ਐੱਲਪੀਜੀ (19 ਕਿਲੋਗ੍ਰਾਮ) ਦੀਆਂ ਕੀਮਤਾਂ ਵਿੱਚ 30 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਗਈ ਹੈ।
ਸਰਕਾਰੀ ਪਰਚੂਨ ਤੇਲ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਕੌਮੀ ਰਾਜਧਾਨੀ ਵਿੱਚ ਹਵਾਬਾਜ਼ੀ ਟਰਬਾਈਨ ਫਿਊਲ (ਏਟੀਐੱਫ) ਦੀ ਕੀਮਤ 1179.37 ਰੁਪਏ ਪ੍ਰਤੀ ਕਿਲੋਲਿਟਰ (1.2 ਫੀਸਦੀ) ਵਧ ਕੇ 96,148.38 ਰੁਪਏ ਪ੍ਰਤੀ ਕਿਲੋਲਿਟਰ ਹੋ ਗਈ ਹੈ। ਇਸ ਤੋਂ ਪਹਿਲਾਂ ਪਹਿਲੀ ਜੂਨ ਨੂੰ ਜੈੱਟ ਬਾਲਣ ਵਿੱਚ 6.5 ਫੀਸਦੀ (6673.87 ਰੁਪਏ ਪ੍ਰਤੀ ਕਿਲੋਲਿਟਰ) ਦੀ ਭਾਰੀ ਕਟੌਤੀ ਕੀਤੀ ਗਈ ਸੀ। ਮੁੰਬਈ ਵਿੱਚ ਏਟੀਐੱਫ ਦੀ ਕੀਮਤ 88,834.27 ਰੁਪਏ ਪ੍ਰਤੀ ਕਿਲੋ ਲਿਟਰ ਤੋਂ ਵਧ ਕੇ 89,908.30 ਰੁਪਏ ਪ੍ਰਤੀ ਕਿਲੋ ਲਿਟਰ ਕਰ ਦਿੱਤੀ ਗਈ ਹੈ। ਹਰੇਕ ਸੂਬੇ ਵਿੱਚ ਸਥਾਨਕ ਟੈਕਸਾਂ ਦੇ ਮੱਦੇਨਜ਼ਰ ਕੀਮਤਾਂ ਵੱਖੋ-ਵੱਖ ਹੁੰਦੀਆਂ ਹਨ।
ਇਸ ਤੋਂ ਇਲਾਵਾ ਤੇਲ ਕੰਪਨੀਆਂ ਨੇ ਵਪਾਰਕ ਐੱਲਪੀਜੀ ਦੀ ਕੀਮਤ 30 ਰੁਪਏ ਘਟਾ ਕੇ 19 ਕਿਲੋਗ੍ਰਾਮ ਵਾਲੇ ਸਿਲੰਡਰ ਲਈ 1646 ਰੁਪਏ ਕਰ ਦਿੱਤੀ ਹੈ। ਕੀਮਤਾਂ ਵਿੱਚ ਕਟੌਤੀ ਚੌਥੀ ਵਾਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪਹਿਲੀ ਜੂਨ ਨੂੰ 69 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਗਈ ਸੀ। ਹਾਲਾਂਕਿ, ਘਰੇਲੂ ਘਰਾਂ ਵਿਚ ਵਰਤੀ ਜਾਣ ਵਾਲੀ ਰਸੋਈ ਗੈਸ ਦੀਆਂ ਕੀਮਤਾਂ 803 ਰੁਪਏ ਪ੍ਰਤੀ 14.2 ਕਿਲੋਗ੍ਰਾਮ ਸਿਲੰਡਰ ’ਤੇ ਬਰਕਰਾਰ ਹਨ। -ਪੀਟੀਆਈ