ਟੋਰਾਂਟੋ ਤੋਂ ਪੰਜਾਬ ਦਾ ਹਵਾਈ ਸਫ਼ਰ ਹੋਵੇਗਾ ਸੁਖਾਲਾ
ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ):
ਕਤਰ ਏਅਰਵੇਜ਼ ਦੀ ਟੋਰਾਂਟੋ ਤੋਂ ਦੋਹਾ ਵਾਸਤੇ 11 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਸਿੱਧੀ ਉਡਾਣ ਨਾਲ ਟੋਰਾਂਟੋ ਤੋਂ ਪੰਜਾਬ ਦਾ ਹਵਾਈ ਸਫਰ ਸੁਖਾਲਾ ਹੋ ਜਾਵੇਗਾ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਜਥੇਬੰਦੀ ਦੇ ਉੱਤਰੀ ਅਮਰੀਕਾ ਵਿੱਚ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਅਤੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਹੈ ਕਿ ਕਤਰ ਏਅਰਵੇਜ਼ ਦੀ ਇਹ ਨਵੀਂ ਉਡਾਣ ਟੋਰਾਂਟੋ ਨੂੰ ਦੋਹਾ ਰਾਹੀਂ ਅੰਮ੍ਰਿਤਸਰ ਨਾਲ ਸਿੱਧਾ ਜੋੜੇਗੀ। ਅੰਮ੍ਰਿਤਸਰ ਤੋਂ ਕਤਰ ਏਅਰਵੇਜ਼ ਦੀ ਉਡਾਣ ਰੋਜ਼ਾਨਾ ਸਵੇਰੇ 4:10 ਵਜੇ ਰਵਾਨਾ ਹੋ ਕੇ ਸਵੇਰੇ 6:05 ਵਜੇ ਦੋਹਾ ਪਹੁੰਚੇਗੀ। ਦੋਹਾ ਪਹੁੰਚ ਕੇ 3 ਘੰਟੇ 45 ਮਿੰਟ ਬਾਅਦ ਅਗਲੀ ਉਡਾਣ ਆਰੰਭ ਹੋਵੇਗੀ। ਉਨ੍ਹਾਂ ਦੱਸਿਆ ਕਿ ਯਾਤਰੀ ਹਫਤੇ ’ਚ ਤਿੰਨ ਦਿਨ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਸਵੇਰੇ 9:50 ਵਜੇ ਦੋਹਾ ਤੋਂ ਉਡਾਣ ਲੈ ਕੇ ਉਸੇ ਦਿਨ ਬਾਅਦ ਦੁਪਹਿਰ ਨੂੰ 3:55 ਵਜੇ ਟੋਰਾਂਟੋ ਪੁੱਜਣਗੇ। ਟੋਰਾਂਟੋ ਤੋਂ ਇਹ ਉਡਾਣ ਉਸੇ ਦਿਨ ਸ਼ਾਮ ਨੂੰ 8 ਵਜੇ ਰਵਾਨਾ ਹੋ ਕੇ ਅਗਲੇ ਦਿਨ ਸ਼ਾਮ ਨੂੰ 4:30 ਵਜੇ ਦੋਹਾ ਪਹੁੰਚੇਗੀ। ਅੰਮ੍ਰਿਤਸਰ-ਟੋਰਾਂਟੋ ਯਾਤਰਾ 20 ਘੰਟਿਆਂ ’ਚ ਪੂਰੀ ਹੋ ਜਾਵੇਗੀ।