ਇਜ਼ਰਾਈਲ ਵੱਲੋਂ ਲਿਬਨਾਨ ’ਤੇ ਹਵਾਈ ਹਮਲੇ, 274 ਹਲਾਕ
ਯੇਰੂਸ਼ਲਮ, 23 ਸਤੰਬਰ
ਲਿਬਨਾਨ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਫ਼ੌਜ ਵੱਲੋਂ ਕੀਤੇ ਹਵਾਈ ਹਮਲਿਆਂ ’ਚ 274 ਵਿਅਕਤੀ ਮਾਰੇ ਗਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਦੱਖਣੀ ਲਿਬਨਾਨ ’ਚ ਹਮਲਿਆਂ ਦੌਰਾਨ 1000 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਉਧਰ ਇਜ਼ਰਾਈਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਹਿਜ਼ਬੁੱਲਾ ਨੂੰ ਨਿਸ਼ਾਨਾ ਬਣਾਉਂਦਿਆਂ 800 ਟਿਕਾਣਿਆਂ ’ਤੇ ਹਮਲੇ ਕੀਤੇ ਹਨ। ਬੀਤੇ ਇਕ ਸਾਲ ’ਚ ਇਜ਼ਰਾਈਲ ਵੱਲੋਂ ਹਿਜ਼ਬੁੱਲਾ ਖ਼ਿਲਾਫ਼ ਲਿਬਨਾਨ ’ਚ ਇਹ ਸਭ ਤੋਂ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਇਜ਼ਰਾਇਲੀ ਫ਼ੌਜ ਨੇ ਦੱਖਣੀ ਲਿਬਨਾਨ ਦੇ ਲੋਕਾਂ ਨੂੰ ਕਿਹਾ ਕਿ ਉਹ ਹਿਜ਼ਬੁੱਲਾ ਵੱਲੋਂ ਹਥਿਆਰਾਂ ਦੇ ਭੰਡਾਰ ਬਣਾ ਕੇ ਰੱਖੇ ਗਏ ਇਲਾਕਿਆਂ ਨੂੰ ਤੁਰੰਤ ਛੱਡ ਦੇਣ। ਇਜ਼ਰਾਈਲ ਨੇ ਕਿਹਾ ਹੈ ਕਿ ਉਹ ਛੇਤੀ ਹੀ ਦਹਿਸ਼ਤੀ ਗੁੱਟ ਖ਼ਿਲਾਫ਼ ਵੱਡੇ ਪੱਧਰ ’ਤੇ ਹਮਲੇ ਕਰੇਗਾ। ਹਿਜ਼ਬੁੱਲਾ ਨੇ ਐਤਵਾਰ ਨੂੰ ਕਰੀਬ 150 ਰਾਕੇਟ, ਮਿਜ਼ਾਈਲਾਂ ਅਤੇ ਡਰੋਨ ਉੱਤਰੀ ਇਜ਼ਰਾਈਲ ’ਚ ਦਾਗ਼ੇ ਸਨ।
ਲਿਬਨਾਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਇਜ਼ਰਾਇਲੀ ਫੌਜ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿੱਚ 274 ਲੋਕਾਂ ਦੀ ਮੌਤ ਹੋ ਗਈ ਜਦਕਿ 21 ਬੱਚਿਆਂ ਤੇ 39 ਔਰਤਾਂ ਸਣੇ 1024 ਵਿਅਕਤੀ ਜ਼ਖ਼ਮੀ ਹੋ ਗਏ। ਲਿਬਨਾਨ ਦੇ ਇਕ ਅਧਿਕਾਰੀ ਨੇ ਕਿਹਾ ਕਿ 1975-1990 ਦੀ ਸਿਵਲ ਜੰਗ ਤੋਂ ਬਾਅਦ ਇਕ ਇਕ ਦਿਨ ਵਿੱਚ ਹੋਣ ਵਾਲੀਆਂ ਸਭ ਤੋਂ ਵੱਧ ਮੌਤਾਂ ਹਨ।
ਇਜ਼ਰਾਈਲ ਵੱਲੋਂ ਦਿੱਤੀ ਗਈ ਧਮਕੀ ਮਗਰੋਂ ਦੱਖਣੀ ਲਿਬਨਾਨ ਦੇ ਪਿੰਡਾਂ ’ਚੋਂ ਲੋਕਾਂ ਦੇ ਘਰ-ਬਾਰ ਛੱਡਣ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਲਿਬਨਾਨ ਅਤੇ ਇਜ਼ਰਾਈਲ ਵੱਲੋਂ ਇਕ-ਦੂਜੇ ’ਤੇ ਕੀਤੇ ਜਾ ਰਹੇ ਹਮਲਿਆਂ ਕਾਰਨ ਵੱਡੇ ਪੱਧਰ ’ਤੇ ਜੰਗ ਸ਼ੁਰੂ ਹੋਣ ਦਾ ਖ਼ਤਰਾ ਵਧ ਗਿਆ ਹੈ। -ਏਜੰਸੀ