For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ’ਚ ਹਵਾਈ ਹਮਲੇ, 8 ਵਿਅਕਤੀ ਹਲਾਕ

06:29 AM Mar 19, 2024 IST
ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ’ਚ ਹਵਾਈ ਹਮਲੇ  8 ਵਿਅਕਤੀ ਹਲਾਕ
Advertisement

* ਆਮ ਘਰਾਂ ਨੂੰ ਨਿਸ਼ਾਨਾ ਬਣਾਉਣ ਦਾ ਲਾਇਆ ਦੋਸ਼

Advertisement

ਇਸਲਾਮਾਬਾਦ/ਕਾਬੁਲ, 18 ਮਾਰਚ
ਪਾਕਿਸਤਾਨ ਦੇ ਅਸ਼ਾਂਤ ਸ਼ਹਿਰਾਂ ’ਚ ਹੁਣੇ ਜਿਹੇ ਹੋਏ ਦਹਿਸ਼ਤੀ ਹਮਲਿਆਂ ਮਗਰੋਂ ਪਾਕਿਸਤਾਨ ਨੇ ਅੱਜ ਅਫ਼ਗਾਨਿਸਤਾਨ ’ਚ ਹਵਾਈ ਹਮਲੇ ਕੀਤੇ ਜਿਸ ’ਚ ਤਿੰਨ ਬੱਚਿਆਂ ਅਤੇ ਪੰਜ ਔਰਤਾਂ ਸਮੇਤ ਅੱਠ ਵਿਅਕਤੀ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਅਫ਼ਗਾਨਿਸਤਾਨ ਦੀ ਅੰਤਰਿਮ ਸਰਕਾਰ ਦੇ ਤਰਜਮਾਨ ਜ਼ਬੀਹੁੱਲ੍ਹਾ ਮੁਜਾਹਿਦ ਨੇ ਪਾਕਿਸਤਾਨੀ ਸਰਹੱਦ ਨਾਲ ਲਗਦੇ ਪਾਕਿਟੀਕਾ ਅਤੇ ਖੋਸਤ ਸੂਬਿਆਂ ’ਚ ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਉਸ ਨੇ ਕਿਹਾ ਕਿ ਤੜਕੇ ਤਿੰਨ ਵਜੇ ਦੇ ਕਰੀਬ ਪਾਕਿਸਤਾਨੀ ਜਹਾਜ਼ਾਂ ਨੇ ਪਾਕਿਟੀਕਾ ਦੇ ਬਰਮਾਲ ਜ਼ਿਲ੍ਹੇ ’ਚ ਲਮਾਨ ਇਲਾਕੇ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ। ਆਮ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕਰਦਿਆਂ ਮੁਜਾਹਿਦ ਨੇ ਕਿਹਾ ਕਿ ਤਿੰਨ ਔਰਤਾਂ ਅਤੇ ਤਿੰਨ ਬੱਚੇ ਪਾਕਿਟੀਕਾ ’ਚ ਮਾਰੇ ਗਏ ਜਦਕਿ ਖੋਸਤ ’ਚ ਦੋ ਔਰਤਾਂ ਮਾਰੀਆਂ ਗਈਆਂ। ਦੋਵੇਂ ਥਾਵਾਂ ’ਤੇ ਇਕ-ਇਕ ਘਰ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅਫ਼ਗਾਨਿਸਤਾਨ ਦੀ ਖੁਦਮੁਖਤਿਆਰੀ ’ਤੇ ਹਮਲਾ ਕਰਾਰ ਦਿੰਦਿਆਂ ਉਸ ਨੇ ਹਮਲਿਆਂ ਦੀ ਤਿੱਖੀ ਨਿੰਦਾ ਕੀਤੀ। ਤਰਜਮਾਨ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਆਪਣੀਆਂ ਅੰਦਰੂਨੀ ਸਮੱਸਿਆਵਾਂ ਅਤੇ ਹਿੰਸਕ ਵਾਰਦਾਤਾਂ ਰੋਕਣ ’ਚ ਨਾਕਾਮ ਰਹਿਣ ਲਈ ਅਫ਼ਗਾਨਿਸਤਾਨ ਨੂੰ ਦੋਸ਼ੀ ਠਹਿਰਾਉਣਾ ਬੰਦ ਕਰੇ। ਉਸ ਨੇ ਚਿਤਾਵਨੀ ਦਿੱਤੀ ਕਿ ਅਜਿਹੀਆਂ ਕਾਰਵਾਈਆਂ ਦੇ ਗੰਭੀਰ ਸਿੱਟੇ ਨਿਕਲਣਗੇ। ਅਫ਼ਗਾਨਿਸਤਾਨ ’ਚ ਹਵਾਈ ਹਮਲੇ ਉਸ ਸਮੇਂ ਕੀਤੇ ਗਏ ਹਨ ਜਦੋਂ ਇਕ ਦਿਨ ਪਹਿਲਾਂ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਉੱਤਰੀ ਵਜ਼ੀਰਸਤਾਨ ’ਚ ਇਕ ਨਾਕੇ ’ਤੇ ਦਹਿਸ਼ਤੀ ਹਮਲੇ ’ਚ ਦੋ ਅਧਿਕਾਰੀਆਂ ਸਣੇ ਸੱਤ ਜਵਾਨਾਂ ਦੇ ਮਾਰੇ ਜਾਣ ਮਗਰੋਂ ਜਵਾਬੀ ਕਾਰਵਾਈ ਦਾ ਅਹਿਦ ਲਿਆ ਸੀ। ਹਾਫ਼ਿਜ਼ ਗੁਲ ਬਹਾਦਰ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਸੁਰੱਖਿਆ ਅਧਿਕਾਰੀਆਂ ਮੁਤਾਬਕ ਗਰੁੱਪ ਦੇ ਲੜਾਕੇ ਅਫ਼ਗਾਨਿਸਤਾਨ ਦੀ ਹੱਦ ਅੰਦਰੋਂ ਖਾਸ ਕਰਕੇ ਖੋਸਤ ਤੋਂ ਗਤੀਵਿਧੀਆਂ ਚਲਾ ਰਹੇ ਹਨ। -ਪੀਟੀਆਈ

ਅੱਠ ਅਤਿਵਾਦੀ ਮਾਰ ਮੁਕਾਏ: ਪਾਕਿ ਫ਼ੌਜ

ਇਸਲਾਮਾਬਾਦ: ਪਾਕਿਸਤਾਨੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਅਸ਼ਾਂਤ ਸੂਬੇ ਖ਼ੈਬਰ ਪਖਤੂਨਖਵਾ ਦੇ ਕਬਾਇਲੀ ਜ਼ਿਲ੍ਹੇ ’ਚ ਕਾਰਵਾਈ ਦੌਰਾਨ ਇਕ ਲੋੜੀਂਦੇ ਕਮਾਂਡਰ ਸੇਹਰਾ ਜਨਾਨ ਸਮੇਤ ਅੱਠ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਫ਼ਗਾਨਿਸਤਾਨ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਉਨ੍ਹਾਂ ਦੇ ਇਲਾਕੇ ਅੰਦਰ ਹਵਾਈ ਹਮਲੇ ਕਰਕੇ ਅੱਠ ਵਿਅਕਤੀਆਂ ਨੂੰ ਮਾਰ ਦਿੱਤਾ ਹੈ। ਪਾਕਿਸਤਾਨੀ ਫ਼ੌਜ ਨੇ ਕਿਹਾ ਕਿ 17-18 ਮਾਰਚ ਦੀ ਦਰਮਿਆਨੀ ਰਾਤ ਸੁਰੱਖਿਆ ਬਲਾਂ ਨੇ ਉੱਤਰੀ ਵਜ਼ੀਰੀਸਤਾਨ ਜ਼ਿਲ੍ਹੇ ’ਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਹ ਮਿਲਣ ’ਤੇ ਕਾਰਵਾਈ ਕੀਤੀ। ਫ਼ੌਜ ਨੇ ਕਿਹਾ ਕਿ ਅਤਿਵਾਦੀਆਂ ਦਾ ਕਮਾਂਡਰ ਸੇਹਰਾ 16 ਮਾਰਚ ਨੂੰ ਮੀਰ ਅਲੀ ’ਚ ਸੁਰੱਖਿਆ ਬਲਾਂ ਦੇ ਨਾਕੇ ’ਤੇ ਹਮਲੇ ’ਚ ਸ਼ਾਮਲ ਸੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×