ਕੌਮੀ ਰਾਜਧਾਨੀ ’ਚ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਨਵੰਬਰ
ਦਿੱਲੀ ਐੱਨਸੀਆਰ ਵਿੱਚ ਰਹਿਣ ਵਾਲਿਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਨਹੀਂ ਦਿਸਦੀ। ਅੱਜ ਫਿਰ ਪ੍ਰਦੂਸ਼ਣ ਦਾ ਪੱਧਰ ਵਧ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਸੋਮਵਾਰ ਨੂੰ ਸਵੇਰੇ 9 ਵਜੇ 281 ਦੀ ਰੀਡਿੰਗ ਦੇ ਮੁਕਾਬਲੇ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 392 ਦਰਜ ਕੀਤਾ ਗਿਆ। ਮੰਗਲਵਾਰ ਦੀ ਸਵੇਰ ਨੂੰ ਕੌਮੀ ਰਾਜਧਾਨੀ ਖੇਤਰ ਦੇ ਅਸਮਾਨ ਨੂੰ ਧੁੰਦ ਦੀ ਇੱਕ ਮੋਟੀ ਪਰਤ ਨੇ ਡੱਕ ਲਿਆ। ਇਸ ਦੇ ਨਾਲ ਦਿੱਲੀ ਦੀ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਹੋ ਗਈ। ਸੀਪੀਸੀਬੀ ਦੇ ਅੰਕੜਿਆਂ ਨੇ ਇਹ ਵੀ ਦਿਖਾਇਆ ਹੈ ਕਿ ਰਾਜਧਾਨੀ ਦੇ 39 ਨਿਗਰਾਨੀ ਸਟੇਸ਼ਨਾਂ ਵਿੱਚੋਂ 17 ਵਿੱਚ ‘ਗੰਭੀਰ’ ਸ਼੍ਰੇਣੀ ਵਿੱਚ ਹਵਾ ਦੀ ਗੁਣਵੱਤਾ ਦਰਜ ਕੀਤੀ ਹੈ।
400 ਜਾਂ ਇਸ ਤੋਂ ਵੱਧ ਦਾ ਏਕਿਊਆਈ ‘ਗੰਭੀਰ’ ਮੰਨਿਆ ਜਾਂਦਾ ਹੈ ਅਤੇ ਇਹ ਸਿਹਤਮੰਦ ਵਿਅਕਤੀਆਂ ਅਤੇ ਪਹਿਲਾਂ ਤੋਂ ਮੌਜੂਦ ਡਾਕਟਰੀ ਸਹਾਇਤਾ ਲੈ ਰਹੇ ਮਰੀਜ਼ਾਂ, ਦੋਵਾਂ ਲਈ ਮਹੱਤਵਪੂਰਨ ਸਿਹਤ ਜੋਖਮ ਪੈਦਾ ਕਰਦਾ ਹੈ। ਇਸ ਦੌਰਾਨ ਸ਼ਹਿਰ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ 0.6 ਤੋਂ 11.9 ਡਿਗਰੀ ਸੈਲਸੀਅਸ ’ਤੇ ਰਿਹਾ। ਠੰਢ ਹੁਣ ਆਪਣਾ ਰੰਗ ਦਿਖਾਉਣ ਲੱਗੀ ਹੈ ਅਤੇ ਇਸ ਦਾ ਅਸਰ ਪ੍ਰਦੂਸ਼ਣ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਪ੍ਰਦੂਸ਼ਣ ਦਾ ਮਨੁੱਖ ਦੀ ਜ਼ਿੰਦਗੀ ਉਪਰ ਦੁਰਪ੍ਰਭਾਵ ਪੈਂਦਾ ਹੈ।
ਦਿਨ ਦੇ ਦੌਰਾਨ ਮੁੱਖ ਤੌਰ ’ਤੇ ਆਸਮਾਨ ਸਾਫ ਸੀ ਅਤੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਦੇ ਆਸਪਾਸ ਸੀ। ਸਵੇਰੇ 8.30 ਵਜੇ ਨਮੀ ਦਾ ਪੱਧਰ 80 ਫ਼ੀਸਦ ਸੀ।
ਡੀਯੂ ਨੇ ਸ਼ੋਸ਼ਲ ਮੀਡੀਆ ’ਤੇ ਚਲਦੇ ਨੋਟਿਸ ਨੂੰ ਜਾਅਲੀ ਦੱਸਿਆ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਦਿੱਲੀ ਯੂਨੀਵਰਸਿਟੀ (ਡੀਯੂ) ਨੇ ਹਵਾ ਦੀ ਗੁਣਵੱਤਾ ਦੇ ਚੱਲ ਰਹੇ ਸੰਕਟ ਦੇ ਮੱਦੇਨਜ਼ਰ ਆਨਲਾਈਨ ਜਮਾਤਾਂ ਵਧਾਉਣ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਵਿਆਪਕ ਤੌਰ ’ਤੇ ਪ੍ਰਸਾਰਿਤ ਕੀਤੇ ਗਏ ਨੋਟਿਸ ਨੂੰ ਫਰਜ਼ੀ ਕਰਾਰ ਦਿੰਦੇ ਹੋਏ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਡੀਯੂ ਨੂੰ ਦਿੱਤੇ ਗਏ ਇੱਕ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਦੇ ਚਿੰਤਾਜਨਕ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਕਾਰਨ ਅੰਡਰਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਲਈ ਆਨਲਾਈਨ ਜਮਾਤਾਂ 28 ਨਵੰਬਰ ਤੱਕ ਵਧ ਜਾਣਗੀਆਂ। ਯੂਨੀਵਰਸਿਟੀ ਨੇ ਆਪਣੇ ਅਧਿਕਾਰਤ ਐਕਸ (ਪਹਿਲਾਂ ਟਵਿੱਟਰ) ਅਕਾਊਂਟ ’ਤੇ ਜਾਅਲੀ ਨੋਟਿਸ ਨੂੰ ਮੋਟੇ ਵਾਟਰਮਾਰਕ ਦੇ ਨਾਲ ਪੋਸਟ ਕੀਤਾ। ਜਾਅਲੀ ਨੋਟਿਸ ਵਿੱਚ ਕਿਹਾ ਗਿਆ ਸੀ ਕਿ ਸਮਰੱਥ ਅਥਾਰਟੀ ਨੇ ਜਮਾਤਾਂ ਦੇ ਆਨਲਾਈਨ ਮੋਡ ਨੂੰ ਵੀਰਵਾਰ, 28 ਨਵੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਇਮਤਿਹਾਨਾਂ ਅਤੇ ਇੰਟਰਵਿਊਆਂ ਦੀ ਸਮਾਂ-ਸਾਰਣੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਡੀਯੂ ਨੇ ਦੁਹਰਾਇਆ ਕਿ ਇਹ ਜਾਣਕਾਰੀ ਗਲਤ ਹੈ ਅਤੇ ਵਿਦਿਆਰਥੀਆਂ ਨੂੰ ਅਪਡੇਟ ਲਈ ਸਿਰਫ ਅਧਿਕਾਰਤ ਸਰੋਤਾਂ ’ਤੇ ਭਰੋਸਾ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਫਰਜ਼ੀ ਨੋਟਿਸਾਂ ਨਾਲ ਯੂਨੀਵਰਸਿਟੀ ਨੂੰ ਪ੍ਰੇਸ਼ਾਨ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ, ਇਸੇ ਤਰ੍ਹਾਂ ਦੇ ਇੱਕ ਝੂਠੇ ਐਲਾਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਰਦੀਆਂ ਦੀਆਂ ਛੁੱਟੀਆਂ 19 ਤੋਂ 27 ਨਵੰਬਰ ਤੱਕ ਸ਼ੁਰੂ ਹੋਣੀਆਂ ਸਨ, ਜਿਸ ਨੂੰ ਡੀਯੂ ਨੇ ਤੁਰੰਤ ਰੱਦ ਕਰ ਦਿੱਤਾ ਸੀ। ਜਦੋਂਕਿ ਵਰਸਿਟੀ ਨੇ ਸਰੀਰਕ ਜਮਾਤਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਫਰੀਦਾਬਾਦ, ਗੁਰੂਗ੍ਰਾਮ ਅਤੇ ਨੋਇਡਾ ਸਣੇ ਦਿੱਲੀ-ਐੱਨਸੀਆਰ ਦੇ ਸਕੂਲਾਂ ਨੇ ਗੰਭੀਰ ਹਵਾ ਪ੍ਰਦੂਸ਼ਣ ਕਾਰਨ ਹਾਈਬ੍ਰਿਡ ਮੋਡ ਵਿੱਚ ਜਮਾਤਾਂ ਜਾਰੀ ਰੱਖੀਆਂ ਹਨ। ਦਿੱਲੀ ਯੂਨੀਵਰਸਿਟੀ ਨੇ ਪੁਸ਼ਟੀ ਕੀਤੀ ਕਿ ਆਨਲਾਈਨ ਸੈਸ਼ਨਾਂ ਦੇ ਥੋੜ੍ਹੇ ਸਮੇਂ ਬਾਅਦ 25 ਨਵੰਬਰ ਨੂੰ ਨਿਯਮਤ ਸਰੀਰਕ ਜਮਾਤਾਂ ਮੁੜ ਸ਼ੁਰੂ ਹੋ ਗਈਆਂ। ਯੂਨੀਵਰਸਿਟੀ ਨੇ ਪਹਿਲਾਂ ਦਿੱਲੀ-ਐੱਨਸੀਆਰ ਵਿੱਚ ਖਤਰਨਾਕ ਏਕਿਊਆਈ ਪੱਧਰਾਂ ਦਾ ਹਵਾਲਾ ਦਿੰਦੇ ਹੋਏ ਸਾਵਧਾਨੀ ਦੇ ਤੌਰ ’ਤੇ 23 ਨਵੰਬਰ ਤੱਕ ਆਨਲਾਈਨ ਜਮਾਤਾਂ ਦਾ ਆਯੋਜਨ ਕੀਤਾ ਸੀ।