ਰਾਜਧਾਨੀ ਦੀ ਹਵਾ ਗੁਣਵੱਤਾ ‘ਗੰਭੀਰ’ ਸ਼੍ਰੇਣੀ ’ਚ ਪੁੱਜੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਦਸੰਬਰ
ਕੌਮੀ ਰਾਜਧਾਨੀ ਦਿੱਲੀ ਦੀ ਹਵਾ ਗੁਣਵੱਤਾ ਇੱਕ ਵਾਰ ਫਿਰ ਗੰਭੀਰ ਸ਼੍ਰੇਣੀ ’ਚ ਪਹੁੰਚ ਗਈ ਹੈ। ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਹਿਣ ਤੋਂ ਬਾਅਦ ਅੱਜ ਸਵੇਰੇ 7 ਵਜੇ 427 ਦੇ ਏਕਿਊਆਈ ਦੇ ਨਾਲ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕਾਂਕ ਇੱਕ ਵਾਰ ਫਿਰ ‘ਗੰਭੀਰ’ ਸ਼੍ਰੇਣੀ ’ਚ ਪਹੁੰਚ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਕਿ ਪ੍ਰਮੁੱਖ ਪ੍ਰਦੂਸ਼ਕ, ਇੱਕ ਵਾਰ ਫਿਰ ਪੀਐਮ 2.5 ਹੈ। ਸ਼ਹਿਰ ਨੂੰ ਕੰਬਣ ਵਾਲੀ ਠੰਢੀ ਲਹਿਰ ਦੇ ਹਾਲਾਤ ਤੋਂ ਇਲਾਵਾ, ਐਤਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਨੂੰ ਧੂੰਏਂ ਦੀਆਂ ਪਰਤਾਂ ਨੇ ਘੇਰ ਲਿਆ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦੀ ਭਵਿੱਖਬਾਣੀ ਅਨੁਸਾਰ ਸਵੇਰੇ 7 ਵਜੇ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਦੇ ਆਸਪਾਸ ਸੀ।
ਬੇਘਰ ਲੋਕ ਸਰਦੀਆਂ ਦੇ ਮੌਸਮ ਵਿੱਚ ਦਿੱਲੀ ਵਿੱਚ ਉਨ੍ਹਾਂ ਲਈ ਬਣਾਏ ਕੈਂਪਾਂ ਅਤੇ ਟੈਂਟਾਂ ਵਿੱਚ ਪਨਾਹ ਲੈਂਦੇ ਦੇਖੇ ਗਏ।
ਹਵਾ ਦੀ ਰਫ਼ਤਾਰ ’ਚ ਗਿਰਾਵਟ ਕਾਰਨ ਦਿੱਲੀ ਦਾ ਏਕਿਊਆਈ ਪਿਛਲੇ ਐਤਵਾਰ ਤੋਂ ਲਗਾਤਾਰ ਵਿਗੜ ਰਿਹਾ ਹੈ, ਜਿਸ ਨਾਲ ਦਸੰਬਰ 2021 ਤੋਂ ਬਾਅਦ ਇਹ ਸਭ ਤੋਂ ਖ਼ਰਾਬ ਹੋ ਗਿਆ ਹੈ। ਐਤਵਾਰ ਲਈ ਆਈਐਮਡੀ ਦੀ ਹਵਾ ਦੀ ਗੁਣਵੱਤਾ ਦੀ ਭਵਿੱਖਬਾਣੀ ਨੂੰ ਸਹੀ ਹੋਣ ਕਰਕੇ ਏਕਿਊਆਈ ਵਾਪਸ ‘ਗੰਭੀਰ’ ਹੋ ਗਿਆ। ਸ਼ਨਿਚਰਵਾਰ ਨੂੰ 24 ਘੰਟੇ ਦੀ ਔਸਤ ਏਕਿਊਆਈ 370 ‘ਤੇ ਸੀ।
ਅਸ਼ੋਕ ਵਿਹਾਰ ਦਾ ਏਕਿਊਆਈ 430 ਦਰਜ
ਐਤਵਾਰ ਸਵੇਰੇ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਵੱਖ ਵੱਖ ਦਾ ਏਕਿਊਆਈ ਦਰਜ ਹੋਇਆ। ਅੱਜ ਵਜ਼ੀਰਪੁਰ ’ਚ ਹਵਾ ਗੁਣਵੱਤਾ ਅੰਕ 434, ਅਸ਼ੋਕ ਵਿਹਾਰ ਤੇ ਨਹਿਰੂ ਨਗਰ ’ਚ 430, ਆਨੰਦ ਵਿਹਾਰ ’ਚ 427, ਬਵਾਨਾ ’ਚ 432, ਬੁਰਾੜੀ ਪਾਰ 410, ਦਵਾਰਕਾ ਸੈਕਟਰ 8 ’ਚ 429, ਆਈਜੀਆਈ ਹਵਾਈ ਅੱਡਾ (ਟੀ3) ’ਤੇ 372, ਆਈਟੀਓ ਦਾ 384, ਜਹਾਂਗੀਰਪੁਰੀ ’ਚ 441, ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਦਾ 382, ਮੁੰਡਕਾ ਦਾ 428, ਓਖਲਾ ਫੇਜ਼ 2: 390, ਪੜਪੜਗੰਜ: 402, ਆਰ ਕੇ ਪੁਰਮ 408 ਅਤੇ ਵਿਵੇਕ ਵਿਹਾਰ ਦਾ ਏਕਿਊਆਈ 419 ਦਰਜ ਹੋਇਆ।
ਅੱਜ ਮੀਂਹ ਤੇ 25 ਤੱਕ ਸੰਘਣੀ ਧੰੁਦ ਪੈਣ ਦੀ ਪੇਸ਼ੀਨਗੋਈ
ਮੌਸਮ ਵਿਭਾਗ ਨੇ 23 ਦਸੰਬਰ ਨੂੰ ਦਿੱਲੀ ਵਿੱਚ ਹਲਕੀ ਬਾਰਿਸ਼ ਜਾਂ ਬੂੰਦਾ-ਬਾਂਦੀ ਦੀ ਭਵਿੱਖਬਾਣੀ ਕੀਤੀ ਹੈ। ਜਿਸ ਵਿੱਚ ਘੱਟੋ-ਘੱਟ ਤਾਪਮਾਨ 7 ਡਿਗਰੀ ਅਤੇ ਵੱਧ ਤੋਂ ਵੱਧ 22 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਕ੍ਰਿਸਮਸ ਦੀ ਸ਼ਾਮ ਅਤੇ ਕ੍ਰਿਸਮਿਸ ਦੇ ਦਿਨ ਕ੍ਰਮਵਾਰ ਸੰਘਣੀ ਅਤੇ ਦਰਮਿਆਨੀ ਧੁੰਦ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ, ਦੋਵੇਂ ਦਿਨ ਹੇਠਲਾ ਤਾਪਮਾਨ 8 ਡਿਗਰੀ ਰਹਿਣ ਦੀ ਸੰਭਾਵਨਾ ਹੈ।