ਦਿੱਲੀ ਵਿੱਚ ਹਵਾ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ’ਚ ਪੁੱਜੀ
ਨਵੀਂ ਦਿੱਲੀ, 16 ਨਵੰਬਰ
ਦਿੱਲੀ ਵਿੱਚ ਵੀਰਵਾਰ ਨੂੰ ਹਵਾ ਗੁਣਵੱਤਾ ‘ਬਹੁਤ ਮਾੜੀ’ ਅਤੇ ‘ਗੰਭੀਰ’ ਸ਼੍ਰੇਣੀ ਵਿੱਚ ਰਹੀ। ਦਿੱਲੀ ਸਰਕਾਰ ਅਤੇ ਆਈਆਈਟੀ-ਕਾਨਪੁਰ ਦੇ ਇੱਕ ਸਾਂਝੇ ਪ੍ਰਾਜੈਕਟ ਤੋਂ ਤਾਜ਼ਾ ਵੇਰਵੇ ਮਿਲੇ ਹਨ ਕਿ ਬੁੱਧਵਾਰ ਨੂੰ ਰਾਜਧਾਨੀ ਦੇ ਹਵਾ ਪ੍ਰਦੂਸ਼ਣ ’ਚ 38 ਫ਼ੀਸਦੀ ਯੋਗਦਾਨ ਵਾਹਨਾਂ ਦਾ ਸੀ। ਵੀਰਵਾਰ ਨੂੰ ਇਹ ਅੰਕੜਾ 40 ਫੀਸਦ ਤੱਕ ਵੱਧਣ ਦੀ ਸੰਭਾਵਨਾ ਹੈ। ਸੈਕੰਡਰੀ ਅਕਾਰਗਨਿਕ ਐਰੋਸੋਲ-ਸਲਫੇਟ ਅਤੇ ਨਾਈਟ੍ਰੇਟ ਵਰਗੇ ਕਣ, ਜੋ ਵਾਯੂਮੰਡਲ ਵਿੱਚ ਗੈਸਾਂ ਅਤੇ ਪਾਵਰ ਪਲਾਂਟਾਂ, ਰਿਫਾਇਨਰੀਆਂ ਅਤੇ ਵਾਹਨਾਂ ਵਰਗੇ ਸਰੋਤਾਂ ਤੋਂ ਪ੍ਰਦੂਸ਼ਕ ਕਣਾਂ ਦੇ ਆਪਸੀ ਤਾਲਮੇਲ ਕਾਰਨ ਬਣਦੇ ਹਨ, ਦਿੱਲੀ ਦੀ ਹਵਾ ਨੂੰ ਪ੍ਰਦੂਸ਼ਿਤ ਕਰਨ ਵਿੱਚ ਦੂਜਾ ਵੱਡਾ ਯੋਗਦਾਨ ਪਾ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ 30 ਤੋਂ 35 ਫੀਸਦੀ ਹਵਾ ਪ੍ਰਦੂਸ਼ਿਤ ਹੋਈ ਹੈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਵਾ ਨਾ ਚੱਲਣ ਅਤੇ ਘੱਟ ਤਾਪਮਾਨ ਕਾਰਨ ਪ੍ਰਦੂਸ਼ਕ ਤੱਤ ਹਵਾ ਵਿੱਚ ਬਣੇ ਹੋਏ ਹਨ ਅਤੇ ਅਗਲੇ ਕੁਝ ਦਿਨਾਂ ਤੱਕ ਵੀ ਇਹੀ ਹਾਲਾਤ ਬਣੇ ਰਹਿਣਗੇ। ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ਅੱਜ ਸਵੇਰੇ ਨੌ ਵਜੇ 393 ਰਿਹਾ, ਜੋ ਦੁਪਹਿਰ 3 ਵਜੇ 412 'ਤੇ ਰਿਹਾ। ਇਹ ਬੁੱਧਵਾਰ ਨੂੰ 401 ਰਿਹਾ ਸੀ। ਮੰਗਲਵਾਰ ਨੂੰ 397, ਸੋਮਵਾਰ ਨੂੰ 358, ਐਤਵਾਰ ਨੂੰ 218, ਸ਼ਨਿਚਰਵਾਰ ਨੂੰ 220, ਸ਼ੁੱਕਰਵਾਰ ਨੂੰ 279 ਅਤੇ ਵੀਰਵਾਰ ਨੂੰ 437 ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਸਵੇਰੇ 7 ਵਜੇ ਹਵਾ ਦੀ ਗੁਣਵੱਤਾ ਬਵਾਨਾ ਵਿੱਚ 442, ਆਰਕੇ ਪੁਰਮ ਵਿੱਚ 418, ਜਹਾਂਗੀਰਪੁਰੀ ਵਿੱਚ 441, ਦਵਾਰਕਾ ਵਿੱਚ 416, ਅਲੀਪੁਰ ਵਿੱਚ 415, ਆਨੰਦ ਵਿਹਾਰ ਵਿੱਚ 412, ਆਈਟੀਓ ਵਿੱਚ 412 ਦਰਜ ਕੀਤੀ ਗਈ। ਦਿੱਲੀ ਹਵਾਈ ਅੱਡੇ ਦੇ ਨੇੜੇ ਏਕਿਊਆਈ 401ਸੀ। ਏਕਿਊਆਈ 50 ਤੋਂ 100 ਦੇ ਵਿਚਕਾਰ ‘ਚੰਗਾ’, 51 ਤੋਂ 100 ਦੇ ਵਿਚਕਾਰ ‘ਤਸੱਲੀਬਖਸ਼’, 101 ਤੋਂ 200 ਦੇ ਵਿਚਕਾਰ ‘ਮੱਧਮ’, 201 ਤੋਂ 300 ਦੇ ਵਿਚਕਾਰ ‘ਖਰਾਬ’, 301 ਤੋਂ 400 ਦੇ ਵਿਚਕਾਰ ‘ਬਹੁਤ ਖ਼ਰਾਬ’, 401 ਤੋਂ 450 ਵਿਚਕਾਰ ‘ਗੰਭੀਰ’ ਅਤੇ 450 ਤੋਂ ਉੱਪਰ ‘ਬਹੁਤ ਗੰਭੀਰ’ ਮੰਨੀ ਜਾਂਦੀ ਹੈ। ਸੂਬਾ ਸਰਕਾਰ ਵੱਲੋਂ ਨਿਰਮਾਣ ਕਾਰਜ ਅਤੇ ਸ਼ਹਿਰ ਵਿੱਚ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੇ ਦਾਖਲ ਹੋਣ ’ਤੇ ਲਾਈਆਂ ਪਾਬੰਦੀਆਂ ਸਣੇ ਸਖਤ ਕਦਮ ਚੁੱਕਣ ਦੇ ਬਾਵਜੂਦ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੀ ਹਵਾ ਦੀ ਗੁਣਵੱਤਾ ਦਾ ਪੱਧਰ ਡਿੱਗ ਰਿਹਾ ਹੈ। -ਪੀਟੀਆਈ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਲਈ ਜੀਆਰਏਪੀ ਦੇ ਪੜਾਅ-4 ਨੂੰ ਹੋਰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਲਈ ਛੇ ਮੈਂਬਰੀ ਐੱਸਟੀਐੱਫ ਦਾ ਗਠਨ ਕੀਤਾ ਹੈ। ਦਿੱਲੀ ਸਰਕਾਰ ਦੀ ਹੋ ਰਹੀ ਆਲੋਚਨਾ ਦੇ ਮੱਦੇਨਜ਼ਰ ਸੂਬੇ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਅੱਜ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਸ੍ਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਦੇ ਵਿਸ਼ੇਸ਼ ਸਕੱਤਰ (ਵਾਤਾਵਰਣ) ਐੱਸਟੀਐੱਫ ਦੀ ਅਗਵਾਈ ਕਰਨਗੇ, ਜਿਸ ਦੇ ਮੈਂਬਰਾਂ ਵਿੱਚ ਟਰਾਂਸਪੋਰਟ, ਆਵਾਜਾਈ, ਮਾਲੀਆ, ਦਿੱਲੀ ਨਗਰ ਨਿਗਮ (ਐੱਮਸੀਡੀ) ਅਤੇ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ। ਸ੍ਰੀ ਰਾਏ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਸ਼ੇਸ਼ ਟਾਸਕ ਫੋਰਸ ਪ੍ਰਦੂਸ਼ਣ ਕੰਟਰੋਲ ਉਪਾਵਾਂ ਨੂੰ ਲਾਗੂ ਕਰਨ ਵਿੱਚ ਸ਼ਾਮਲ ਸਾਰੇ ਵਿਭਾਗਾਂ ਨਾਲ ਤਾਲਮੇਲ ਕਰੇਗੀ ਅਤੇ ਰੋਜ਼ਾਨਾ ਇੱਕ ਰਿਪੋਰਟ ਸਰਕਾਰ ਨੂੰ ਸੌਂਪੇਗੀ। ਇਸ ਤੋਂ ਪਹਿਲਾਂ ਦਿਨ ਵਿੱਚ ਰਾਏ ਨੇ ਹਵਾ ਪ੍ਰਦੂਸ਼ਣ ਵਿਰੋਧੀ ਉਪਾਵਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਲਈ ਵਿਭਾਗਾਂ ਨਾਲ ਇੱਕ ਮੀਟਿੰਗ ਕੀਤੀ ਹੈ। ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਪੜਾਅ 4) ਤਹਿਤ ਉਸਾਰੀ ਦੇ ਕੰਮ ਅਤੇ ਰਾਜਧਾਨੀ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਦੇ ਦਾਖਲੇ ’ਤੇ ਪਾਬੰਦੀ ਸਮੇਤ ਸਖ਼ਤ ਪਾਬੰਦੀਆਂ ਲਾਗੂ ਹਨ।
ਸ੍ਰੀ ਰਾਏ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਹੁਣ ਤੱਕ 2,573 ਏਕੜ ਜ਼ਮੀਨ ’ਤੇ ਬਾਇਓ-ਡੀਕੰਪੋਜ਼ਰ ਦਾ ਮੁਫਤ ਛਿੜਕਾਅ ਕੀਤਾ ਹੈ। 3895 ਉਸਾਰੀ ਵਾਲੀਆਂ ਥਾਵਾਂ ਦਾ ਨਰੀਖਣ ਕੀਤਾ ਤੇ ਨੇਮਾਂ ਦੀ ਪਾਲਣਾ ਨਹੀਂ ਕਰਨ ’ਤੇ 1.85 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ। ਬੀਐਸ-3 ਪੈਟਰੋਲ ਅਤੇ ਬੀਐਸ 4 ਡੀਜ਼ਲ ਦੇ 16689 ਗੱਡੀਆਂ ਨੂੰ ਜੁਰਮਾਨਾ ਕੀਤਾ ਗਿਆ ਹੈ। ਦਿੱਲੀ ਦੀਆਂ ਹੱਦਾਂ ਤੋਂ 6046 ਟਰੱਕ ਵਾਪਸ ਭੇਜੇ ਗਏ ਤੇ ਦਿੱਲੀ ਅੰਦਰ ਆਉਣ ਵਾਲੇ 1316 ਵਾਹਨਾਂ ਨੂੰ ਜੁਰਮਾਨਾ ਕੀਤਾ ਗਿਆ ਹੈ। ਕੂੜਾ ਸਾੜਨ ਵਿਰੋਧੀ ਮੁਹਿੰਮ ਤਹਿਤ 154 ਚਲਾਨ ਕੀਤੇ ਗਏ ਅਤੇ 3.95 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ
ਹਵਾ ਪ੍ਰਦੂਸ਼ਣ ਰੋਕਣ ’ਚ ਪੰਜਾਬ ਸਰਕਾਰ ਅਣਗਹਿਲੀ ਵਰਤ ਰਹੀ ਹੈ: ਵੀਕੇ ਸਕਸੈਨਾ
ਨਵੀਂ ਦਿੱਲੀ: ਉਪ ਰਾਜਪਾਲ ਵੀਕੇ ਸਕਸੈਨਾ ਨੇ ਕੌਮੀ ਰਾਜਧਾਨੀ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਅੱਜ ਦਿੱਲੀ ਅਤੇ ਪੰਜਾਬ ਦੀਆਂ ‘ਆਪ’ ਸਰਕਾਰਾਂ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੂਜੇ ਰਾਜਾਂ ਤੋਂ ਪਰਾਲੀ ਸਾੜਨ ਕਾਰਨ ਹੋਏ ਧੂੰਏਂ ਨੂੰ ਘੱਟ ਕਰਨ ਲਈ ਖੁਦ ਵੀ ਕੁੱਝ ਯਤਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਟੁੱਟੀਆਂ ਸੜਕਾਂ, ਉਸਾਰੀ ਵਾਲੀਆਂ ਥਾਵਾਂ ਅਤੇ ਕੱਚੇ ਫੁੱਟਪਾਥਾਂ ਤੋਂ ਉੱਠਣ ਵਾਲੀ ਧੂੜ ਨੂੰ ਘਟਾ ਕੇ ਅਤੇ ਵਾਹਨਾਂ ਦੇ ਧੂੰਏਂ ਨੂੰ ਰੋਕ ਕੇ ਹਵਾ ਪ੍ਰਦੂਸ਼ਣ ਘੱਟ ਕੀਤਾ ਜਾ ਸਕਦਾ ਹੈ। ਸ੍ਰੀ ਸਕਸੈਨਾ ਨੇ ਕਿਹਾ ਕਿ ਦੂਜਿਆਂ ’ਤੇ ਠੀਕਰਾ ਭੰਨ੍ਹ ਕੇ ਆਪਣੀਆਂ ਸਾਲਾਂ ਦੀਆਂ ਨਾਕਾਮੀਆਂ ’ਤੇ ਪਰਦਾ ਨਹੀਂ ਪਾਉਣਾ ਚਾਹੀਦਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਹਵਾ ਪ੍ਰਦੂਸ਼ਣ ਰੋਕਣ ਵਿੱਚ ਅਣਗਹਿਲੀ ਵਰਤ ਰਹੀ ਹੈ। ਉਨ੍ਹਾਂ ਕਿਹਾ, ‘‘ਅਸੀਂ ਦੂਜੇ ਰਾਜਾਂ ਤੋਂ ਫਸਲਾਂ ਦੀ ਰਹਿੰਦ-ਖੂੰਹਦ ਦੇ ਧੂੰਏਂ ਨੂੰ ਰੋਕਣ ਲਈ ਬੇਨਤੀ ਕਰਨ ਤੋਂ ਇਲਾਵਾ ਜ਼ਿਆਦਾ ਕੁਝ ਨਹੀਂ ਕਰ ਸਕਦੇ। ਰਾਜਾਂ, ਖਾਸ ਕਰ ਕੇ ਪੰਜਾਬ ਨੂੰ ਬੇਨਤੀ ਹੀ ਕਰ ਸਕਦੇ ਹਾਂ। ਏਕਿਊਆਈ ਇੱਕ ਵਾਰ ਫਿਰ 400 ਦੇ ਆਸਪਾਸ ਹੈ, ਜਿਸ ਕਾਰਨ ਦਿੱਲੀ ’ਚ ਸਾਹ ਲੈਣਾ ਔਖਾ ਹੋ ਗਿਆ ਹੈ।’’ -ਪੀਟੀਆਈ