ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਨਵੰਬਰ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ ਸਵੇਰੇ 9 ਵਜੇ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 329 ਦਰਜ ਕੀਤਾ ਗਿਆ ਸੀ, ਇਸ ਨੂੰ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ। 39 ਨਿਗਰਾਨੀ ਸਟੇਸ਼ਨਾਂ ਵਿੱਚੋਂ ਦੋ ਸਟੇਸ਼ਨ -ਭਾਵਨਾ (426) ਅਤੇ ਮੁੰਡਕਾ (408) ਵਿੱਚ ਪ੍ਰਦੂਸ਼ਣ ਦਾ ਬਹੁਤ ਜ਼ਿਆਦਾ ਪੱਧਰ ਮਾਪਿਆ ਗਿਆ। ਇਨ੍ਹਾਂ ਸਟੇਸ਼ਨਾਂ ’ਤੇ ਸਮੀਰ ਐਪ ਦੇ ਅਨੁਸਾਰ, ‘ਗੰਭੀਰ’ ਸ਼੍ਰੇਣੀ ਵਿੱਚ ਹਵਾ ਦੀ ਗੁਣਵੱਤਾ ਦਰਜ ਕੀਤੀ ਗਈ, ਜਦੋਂ ਕਿ 22 ਸਟੇਸ਼ਨ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਹੇ, ਅਤੇ ਬਾਕੀ ‘ਮਾੜੀ’ ਸ਼੍ਰੇਣੀ ਵਿੱਚ ਆ ਗਏ, ਜੋ ਹਰ ਘੰਟੇ ਦਾ ਡੇਟਾ ਦਿੰਦੇ ਹਨ। 0 ਅਤੇ 50 ਦੇ ਵਿਚਕਾਰ ਇੱਕ ਏਕਿਊਆਈ ਨੂੰ ‘ਚੰਗਾ’, 51-100 ‘ਤਸੱਲੀਬਖਸ਼’, 101-200 ‘ਮੱਧਮ’, 201-300 ‘ਮਾੜਾ’, 301-400 ‘ਬਹੁਤ ਮਾੜਾ’, 401-450 ‘ਗੰਭੀਰ’ ਅਤੇ 450 ਤੋਂ ਉੱਪਰ ‘ਗੰਭੀਰ ਪਲੱਸ’ ਮੰਨਿਆ ਜਾਂਦਾ ਹੈ।
ਸ਼ਹਿਰ ਵਿੱਚ ਸੀਜ਼ਨ ਦੀ ਹੁਣ ਤੱਕ ਦੀ ਇਹ ਸਭ ਤੋਂ ਠੰਢੀ ਰਾਤ ਵੀ ਰਹੀ, ਰਾਤ ਦਾ ਤਾਪਮਾਨ 9.5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਜੋ ਕਿ ਆਮ ਨਾਲੋਂ ਇੱਕ ਡਿਗਰੀ ਘੱਟ ਹੈ। ਸਵੇਰੇ 8.30 ਵਜੇ ਨਮੀ ਦਾ ਪੱਧਰ 97 ਫ਼ੀਸਦ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦਿਨ ਲਈ ਮੁੱਖ ਤੌਰ ’ਤੇ ਆਸਮਾਨ ਸਾਫ ਰਹਿਣ ਦੀ ਭਵਿੱਖਬਾਣੀ ਕੀਤੀ ਸੀ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 27 ਅਤੇ 9 ਡਿਗਰੀ ਸੈਲਸੀਅਸ ਦੇ ਆਸ ਪਾਸ ਸੀ।