ਰਾਜਧਾਨੀ ’ਚ ਹਵਾ ਦਾ ਮਿਆਰ ‘ਗੰਭੀਰ’ ਸ਼੍ਰੇਣੀ ਵਿੱਚ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਨਵੰਬਰ
ਦਿੱਲੀ ਸਰਕਾਰ ਨੇ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਦੇ ਦੂਜੇ ਪੜਾਅ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿਉਂਕਿ ਏਕਿਊਆਈ ‘ਗੰਭੀਰ’ ਸ਼੍ਰੇਣੀ ਵਿੱਚ ਖਿਸਕ ਗਿਆ ਹੈ। ਦਿੱਲੀ ਸਰਕਾਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਵਧਾਏਗੀ ਕਿਉਂਕਿ ਹਵਾ ਦੀ ਗੁਣਵੱਤਾ ਇਸ ਪੱਧਰ ’ਤੇ ਪਹੁੰਚ ਗਈ ਹੈ। ਇਹ ਜਾਣਕਾਰੀ ਦਿੰਦਿਆਂ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਮੌਜੂਦਾ ਸਥਿਤੀ ਘੱਟ ਹਵਾ ਦੀ ਗਤੀ ਅਤੇ ਠੰਡੇ ਤਾਪਮਾਨ ਦੇ ਨਤੀਜੇ ਕਾਰਨ ਹੈ। ਉਨ੍ਹਾਂ ਕਿਹਾ ਕਿ ਜੀਆਰਏਪੀ ਦੇ ਤੀਜੇ ਪੜਾਅ ਤਹਿਤ ਸਖਤ ਉਪਾਅ ਅਜੇ ਜ਼ਰੂਰੀ ਨਹੀਂ ਹਨ ਕਿਉਂਕਿ ਸੁਧਾਰ ਦੀ ਉਮੀਦ ਹੈ। ਉਨਾਂ ਕਿਹਾ ਕਿ ਇਸ ਸਰਦੀਆਂ ਦੇ ਮੌਸਮ ਵਿੱਚ ਦਿੱਲੀ ਵਿੱਚ ਪਿਛਲੇ ਦੋ ਦਿਨਾਂ ਵਿੱਚ ਏਅਰ ਕੁਆਲਿਟੀ ਇੰਡੈਕਸ ਪਹਿਲੀ ਵਾਰ 400 ਨੂੰ ਪਾਰ ਕਰ ਗਿਆ ਹੈ। ਆਈਐੱਮਡੀ ਦੇ ਵਿਸ਼ਲੇਸ਼ਣ ਵਿੱਚ ਦਿੱਲੀ ਵਿੱਚ ਏਕਿਊਆਈ ਵਿੱਚ ਅਚਾਨਕ ਵਾਧਾ ਹੋਣ ਦੇ ਦੋ ਕਾਰਨ ਦੱਸੇ ਗਏ ਹਨ - ਪਹਿਲਾ, ਪਹਾੜਾਂ ਵਿੱਚ ਉੱਚੇ ਇਲਾਕਿਆਂ ਵਿੱਚ ਬਰਫਬਾਰੀ ਦੇ ਨਤੀਜੇ ਵਜੋਂ ਦਿੱਲੀ ਵਿੱਚ ਤਾਪਮਾਨ ਵਿੱਚ ਗਿਰਾਵਟ ਅਤੇ ਦੂਜਾ ਕਾਰਨ ਧੁੰਦ ਬਣਨ ਨੂੰ ਮੰਨਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਤੋਂ ਹਵਾ ਦੀ ਰਫ਼ਤਾਰ ਤੇਜ਼ ਹੋਣ ਦੀ ਉਮੀਦ ਹੈ। ਅੱਜ ਦਰਜ ਕੀਤਾ ਗਿਆ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਹੈ। ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਵਧਣ ਦੀ ਸੰਭਾਵਨਾ ਹੈ। ਕੱਲ੍ਹ ਸੀਏਕਿਊਐਮ ਦੀ ਮੀਟਿੰਗ ਹੋਈ ਸੀ ਅਤੇ ਇਹ ਫੈਸਲਾ ਕੀਤਾ ਗਿਆ ਸੀ। ਕਿ ਜੀਆਰਏਪੀ ਤਿੰਨ ਦੀਆਂ ਪਾਬੰਦੀਆਂ ਅਜੇ ਲਾਗੂ ਨਹੀਂ ਕੀਤੀਆਂ ਜਾਣਗੀਆਂ। ਰਾਏ ਨੇ ਦਿੱਲੀ ਦੀ ਹਵਾ ਦੀ ਗੁਣਵੱਤਾ ’ਤੇ ਆਲੇ-ਦੁਆਲੇ ਦੇ ਖੇਤਰਾਂ ਦੇ ਪ੍ਰਭਾਵ ਨੂੰ ਉਜਾਗਰ ਕੀਤਾ। ਉਨ੍ਹਾਂ ਅਧਿਐਨਾਂ ਦਾ ਹਵਾਲਾ ਦਿੱਤਾ ਜੋ ਦਰਸਾਉਂਦੇ ਹਨ ਕਿ 30 ਫ਼ੀਸਦ ਪ੍ਰਦੂਸ਼ਣ ਸਥਾਨਕ ਸਰੋਤਾਂ ਤੋਂ ਆਉਂਦਾ ਹੈ, ਜਦੋਂਕਿ 34 ਫ਼ੀਸਦ ਕੌਮੀ ਰਾਜਧਾਨੀ ਖੇਤਰ ਤੋਂ ਪੈਦਾ ਹੁੰਦਾ ਹੈ। ਰਾਏ ਨੇ ਕਿਹਾ ਕਿ ਅਸੀਂ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਾਰੀਆਂ ਚੱਲ ਰਹੀਆਂ ਮੁਹਿੰਮਾਂ ਅਤੇ ਕਾਰਵਾਈਆਂ ਨੂੰ ਮਜ਼ਬੂਤ ਕਰਾਂਗੇ। ਮੌਜੂਦਾ ਯੋਜਨਾਵਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਹੋਰ ਵਿਗਾੜ ਨੂੰ ਰੋਕਣ ਲਈ ਕਈ ਸਖ਼ਤੀਆਂ ਨੂੰ ਲਾਗੂ ਕਰਨਾ ਤੇਜ਼ ਕੀਤਾ ਜਾਵੇਗਾ। ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਵੀਰਵਾਰ ਸਵੇਰੇ 428 ’ਤੇ ਪਹੁੰਚ ਗਿਆ, ਜਿਸ ਨੂੰ ‘ਗੰਭੀਰ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਹ ਬੁੱਧਵਾਰ ਦੇ ਏਕਿਊਆਈ ਮਗਰੋਂ ਹੋਰ ਖਰਾਬ ਸਥਿਤੀ ਵਿੱਚ ਪਹੁੰਚ ਗਿਆ ਹੈ। ਦਿੱਲੀ ਹਵਾਈ ਅੱਡੇ ‘ਤੇ ਵੀਰਵਾਰ ਨੂੰ 151 ਆਉਣ ਵਾਲੀਆਂ ਉਡਾਣਾਂ ਦੇਰੀ ਨਾਲ ਅਤੇ ਇੱਕ ਰੱਦ ਹੋ ਗਈ, ਜਦੋਂ ਕਿ 282 ਰਵਾਨਗੀਆਂ ਨੂੰ ਔਸਤਨ 45 ਮਿੰਟ ਦੀ ਦੇਰੀ ਦਾ ਸਾਹਮਣਾ ਕਰਨਾ ਪਿਆ। ਐਕਸ ’ਤੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਦੀ ਇੱਕ ਪੋਸਟ ’ਤੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਐਕਸ ’ਤੇ ਦੱਸਿਆ ਗਿਆ ਹੈ ਕਿ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀਆਂ ਉਡਾਣਾਂ ਬਾਰੇ ਨਵੀਨਤਮ ਅੱਪਡੇਟ ਲਈ ਆਪਣੀਆਂ ਏਅਰਲਾਈਨਾਂ ਨਾਲ ਸਿੱਧਾ ਸੰਪਰਕ ਕਰਨ।
ਪ੍ਰਿਅੰਕਾ ਨੇ ਦਿੱਲੀ ਦੀ ਹਵਾ ਦੀ ਤੁਲਨਾ ‘ਗੈਸ ਚੈਂਬਰ’ ਨਾਲ ਕੀਤੀ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ, ਜੋ ਹਾਲ ਹੀ ਵਿੱਚ ਲੋਕ ਸਭਾ ਉਪ ਚੋਣ ਲੜਨ ਤੋਂ ਬਾਅਦ ਕੇਰਲ ਦੇ ਵਾਇਨਾਡ ਤੋਂ ਦਿੱਲੀ ਵਾਪਸ ਪਰਤੀ, ਨੇ ਦਿੱਲੀ ਦੀ ਹਵਾ ਦੀ ਤੁਲਨਾ ‘ਗੈਸ ਚੈਂਬਰ’ ਨਾਲ ਕੀਤੀ। ਉਨ੍ਹਾਂ ਸ਼ਹਿਰ ਦੇ ਵਿਗੜ ਰਹੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਇੱਕਜੁਟ ਪਹੁੰਚ ਦੀ ਅਪੀਲ ਕੀਤੀ। ਉਨ੍ਹਾਂ ਵਾਇਨਾਡ ਦੇ 35 ਦੇ ਘੱਟ ਏਕਿਊਆਈ ਅਤੇ ਦਿੱਲੀ ਦੇ ਭਾਰੀ ਧੂੰਏਂ ਦੇ ਵਿਚਕਾਰ ਅੰਤਰ ਨੂੰ ਨੋਟ ਕੀਤਾ ਜੋ ਖਾਸ ਤੌਰ ’ਤੇ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਨੁਕਸਾਨਦੇਹ ਹੈ।