For the best experience, open
https://m.punjabitribuneonline.com
on your mobile browser.
Advertisement

ਪਟਾਕਿਆਂ ਕਾਰਨ ਹਵਾ ਪ੍ਰਦੂਸ਼ਣ ਹੋਰ ਵਧਿਆ

08:57 AM Nov 14, 2023 IST
ਪਟਾਕਿਆਂ ਕਾਰਨ ਹਵਾ ਪ੍ਰਦੂਸ਼ਣ ਹੋਰ ਵਧਿਆ
ਜਲੰਧਰ ਵਿੱਚ ਦੀਵਾਲੀ ਵਾਲੀ ਰਾਤ ਆਤਿਸ਼ਬਾਜ਼ੀ ਦੀ ਝਲਕ। -ਫੋਟੋ: ਸਰਬਜੀਤ ਸਿੰਘ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਨਵੰਬਰ
ਪਿਛਲੇ ਦਿਨੀਂ ਮੀਂਹ ਪੈਣ ਕਾਰਨ ਹਵਾ ਪ੍ਰਦੂਸ਼ਣ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ ਪਰ ਦੀਵਾਲੀ ਵਾਲੀ ਰਾਤ ਚਲਾਏ ਗਏ ਪਟਾਕਿਆਂ ਕਾਰਨ ਸ਼ਹਿਰ ’ਚ ਹਵਾ ਦੀ ਗੁਣਵੱਤਾ ਦਾ ਪੱਧਰ ਮੁੜ ਵਧ ਗਿਆ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਕੀਤੀ ਗਈ ਸਖਤੀ ਦੇ ਬਾਵਜੂਦ ਸ਼ਹਿਰ ’ਚ ਬੀਤੀ ਰਾਤ ਭਾਰੀ ਗਿਣਤੀ ਵਿੱਚ ਪਟਾਕੇ ਚਲਾਏ ਗਏ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਕੇ ਚਲਾਉਣ ਦਾ ਸਮਾਂ 8 ਤੋਂ 10 ਵਜੇ ਤੱਕ ਮਿਥਿਆ ਗਿਆ ਸੀ ਅਤੇ ਸਿਰਫ ਹਰੇ ਪਟਾਕੇ ਚਲਾਉਣ ਦੇ ਆਦੇਸ਼ ਦਿੱਤੇ ਸਨ, ਪਰ ਲੋਕਾਂ ਨੇ ਇਨ੍ਹਾਂ ਆਦੇਸ਼ਾਂ ਨੂੰ ਅਣਡਿੱਠਾ ਕਰਦੇ ਹੋਏ ਸ਼ਾਮ 6 ਵਜੇ ਹੀ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ, ਜੋ ਦੇਰ ਰਾਤ ਤੱਕ ਚੱਲਦੇ ਰਹੇ। ਪਟਾਕਿਆਂ ਕਾਰਨ ਆਸਮਾਨ ਵਿੱਚ ਸਿਰਫ ਧੂਆਂ ਹੀ ਨਜ਼ਰ ਆ ਰਿਹਾ ਹੈ। ਏਅਰ ਕੁਆਲਿਟੀ ਇੰਡੈਕਸ ਇੰਨਾ ਵੱਧ ਗਿਆ ਹੈ ਕਿ ਬਜ਼ੁਰਗਾਂ ਅਤੇ ਖਾਸ ਕਰਕੇ ਸਾਹ ਰੋਗਾਂ ਦੇ ਪੀੜਤਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਪ੍ਰਦੂਸ਼ਣ ਕੰਟਰੋਲ ਵਿਭਾਗ ਅਨੁਸਾਰ ਬੀਤੇ ਕੱਲ੍ਹ ਏਅਰ ਕੁਆਲਿਟੀ ਇੰਡੈਕਸ ਦੀ ਔਸਤ ਦਰ 235 ਰਹੀ, ਜੋ ਕਿ ਖਤਰਨਾਕ ਸਥਿਤੀ ਮੰਨੀ ਜਾਂਦੀ ਹੈ। ਵਿਭਾਗ ਤੋਂ ਮਿਲੇ ਅੰਕੜਿਆਂ ਦੇ ਮੁਤਾਬਿਕ ਭਾਵੇਂ ਇਹ ਔਸਤ ਦਰ ਹੈ ਪਰ ਰਾਤ ਵੇਲੇ ਜਦੋਂ ਪਟਾਕੇ ਚਲਾਏ ਜਾ ਰਹੇ ਸਨ ਤਾਂ ਇਹ ਦਰ ਹੋਰ ਵੀ ਵੱਧ ਸੀ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਵਰ੍ਹੇ ਇਹ ਔਸਤ ਦਰ ਇਸ ਵਰ੍ਹੇ ਨਾਲੋਂ ਵਧੇਰੇ ਸੀ। ਪਿਛਲੇ ਵਰ੍ਹੇ ਏਅਰ ਕੁਆਲਿਟੀ ਇੰਡੈਕਸ ਦੀ ਦਰ ਦਿਵਾਲੀ ਵਾਲੇ ਦਿਨ 262 ਸੀ।
ਇਸ ਦੌਰਾਨ ਦੀਵਾਲੀ ਵਾਲੀ ਰਾਤ ਪਟਾਕਿਆਂ ਕਾਰਨ ਸ਼ਹਿਰ ਵਿੱਚ 10 ਤੋਂ ਵੱਧ ਥਾਵਾਂ ’ਤੇ ਅੱਗ ਲੱਗਣ ਦੀ ਜਾਣਕਾਰੀ ਮਿਲੀ ਹੈ। ਵੇਰਵਿਆਂ ਅਨੁਸਾਰ ਸਥਾਨਕ ਅਜੀਤ ਨਗਰ ਅਤੇ ਇਸਲਾਮਾਬਾਦ ਵਿੱਚ ਦੋ ਫੈਕਟਰੀਆਂ ਨੂੰ ਵੀ ਅੱਗ ਲੱਗਣ ਨਾਲ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਮਹਾ ਸਿੰਘ ਗੇਟ, ਝੀਲ ਮੰਡੀ , 100 ਫੁੱਟੀ ਰੋਡ, ਦਆਨੰਦ ਨਗਰ, ਮਹਿਤਾ ਰੋਡ ’ਤੇ ਇੱਕ ਕਬਾੜ ਦੇ ਗੁਦਾਮ ਵਿੱਚ, ਏਅਰਪੋਰਟ ਰੋਡ ’ਤੇ ਇੱਕ ਦੁਕਾਨ ਵਿੱਚ, ਮਿਸ਼ਰੀ ਬਾਜ਼ਾਰ ਵਿੱਚ ਇੱਕ ਦੁਕਾਨ ਵਿੱਚ ਤੇ ਹੋਰ ਕਈ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਇਸ ਦੌਰਾਨ ਫਾਇਰ ਬ੍ਰਿਗੇਡ ਵਿਭਾਗ ਸਾਰੀ ਰਾਤ ਮੁਸਤੈਦ ਰਿਹਾ।
ਜਲੰਧਰ (ਪਾਲ ਸਿੰਘ ਨੌਲੀ): ਪਰਾਲੀ ਦੇ ਧੂੰਏਂ ਕਾਰਨ ਪਹਿਲਾਂ ਹੀ ਸ਼ਹਿਰ ਦੀ ਸਥਿਤੀ ਕਾਫ਼ੀ ਨਾਜ਼ੁਕ ਬਣੀ ਹੋਈ ਹੈ, ਉਥੇ ਹੀ ਦੀਵਾਲੀ ਵਾਲੀ ਰਾਤ ਚੱਲੇ ਪਟਾਕਿਆਂ ਕਾਰਨ ਹਲਾਤ ਹੋਰ ਵਿਗੜ ਗਏ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਅਨੁਸਾਰ ਜਲੰਧਰ ਵਿੱਚ ਹਵਾ ਦੀ ਗੁਣਵੱਤਾ 300 ਤੋਂ ਟੱਪ ਗਈ ਸੀ ਜਦ ਕਿ ਅੱਜ ਇਹ ਅੰਕੜਾ 180 ਤੱਕ ਰਿਹਾ। ਜਦ ਕਿ ਸਧਾਰਨ ਹਲਾਤਾਂ ਵਿੱਚ ਹਵਾ ਦੀ ਗੁਣ ਵੱਤਾ 50 ਦੇ ਨੇੜੇ ਚਾਹੀਦੀ ਹੁੰਦੀ ਹੈ।

Advertisement

Advertisement
Author Image

joginder kumar

View all posts

Advertisement
Advertisement
×