ਦਿੱਲੀ ਵਿੱਚ ਹਵਾ ਪ੍ਰਦੂਸ਼ਣ ਹੋਰ ਘਟਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਨਵੰਬਰ
ਹਵਾ ਦੀ ਦਿਸ਼ਾ, ਗਤੀ ਅਤੇ ਹੋਰ ਅਨੁਕੂਲ ਹਾਲਾਤ ਸਦਕਾ ਅੱਜ ਦਿੱਲੀ ਅਤੇ ਇਸ ਦੇ ਉਪਨਗਰਾਂ ਵਿੱਚ ਹਵਾ ਦੀ ਗੁਣਵੱਤਾ ’ਚ ਹੋਰ ਸੁਧਾਰ ਹੋਇਆ। ਕੌਮੀ ਰਾਜਧਾਨੀ ਵਿੱਚ ਅੱਜ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 290 ਦਰਜ ਕੀਤਾ ਗਿਆ। ਸ਼ਨਿਚਰਵਾਰ ਨੂੰ ਇਹ 319, ਸ਼ੁੱਕਰਵਾਰ ਨੂੰ 405 ਅਤੇ ਵੀਰਵਾਰ ਨੂੰ 419 ਸੀ। ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਤੋਂ ਬਾਅਦ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਗਰੈਪ) ਦੇ ਚੌਥੇ ਗੇੜ ਦੀਆਂ ਪਾਬੰਦੀਆਂ ਹਟਾਏ ਜਾਣ ਤੋਂ ਇੱਕ ਦਿਨ ਬਾਅਦ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਪੜਾਅ 1, 2, ਅਤੇ 3 ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੋਪਾਲ ਰਾਏ ਨੇ ਕਿਹਾ ਕਿ ਹਵਾ ਦੀ ਗੁਣਵੱਤਾ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ ਪਰ ਇਸ ਸੁਧਾਰ ਨੂੰ ਬਰਕਰਾਰ ਰੱਖਣ ਲਈ ਲੋਕਾਂ ਨੂੰ ਹਾਲੇ ਵੀ ਜਾਗਰੂਕ ਹੋਣ ਦੀ ਲੋੜ ਹੈ। ਪਿਛਲੇ ਦੋ ਦਿਨਾਂ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਲਗਾਤਾਰ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ, ‘‘ਮੈਂ ਦਿੱਲੀ ਅਤੇ ਉੱਤਰੀ ਭਾਰਤ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਬੇਨਤੀ ਕਰਨਾ ਚਾਹੁੰਦਾ ਹਾਂ। ਪ੍ਰਦੂਸ਼ਣ ਵਿੱਚ ਭਾਵੇਂ ਸੁਧਾਰ ਹੋਇਆ ਹੈ ਪਰ ਸਾਨੂੰ ਹਾਲੇ ਵੀ ਸਾਵਧਾਨ ਰਹਿਣ ਦੀ ਲੋੜ ਹੈ। ਦੀਵਾਲੀ ਤੋਂ ਪਹਿਲਾਂ ਏਕਿਊਆਈ 215 ਤੱਕ ਆ ਗਿਆ ਸੀ ਪਰ ਇਸ ਤੋਂ ਬਾਅਦ ਹੋਈ ਲਾਪਰਵਾਹੀ ਨੇ ਏਕਿਊਆਈ ਵਿੱਚ ਵਾਧਾ ਕੀਤਾ।’’
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਮਗਰੋਂ ਸੀਏਕਿਊਐੱਮ (ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ) ਨੇ ਸ਼ਨਿਚਰਵਾਰ ਨੂੰ ਗਰੈਪ-4 ਤਹਿਤ ਲਗਾਈਆਂ ਗਈਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਟਰੱਕਾਂ ਦੇ ਦਾਖਲੇ ’ਤੇ ਪਾਬੰਦੀ ਭਾਵੇਂ ਹਟਾ ਦਿੱਤੀ ਹੈ ਪਰ ਬੀਐੱਸ-3 ਪੈਟਰੋਲ ਅਤੇ ਬੀਐੱਸ-4 ਡੀਜ਼ਲ ਵਾਹਨਾਂ ’ਤੇ ਪਾਬੰਦੀ ਹਾਲੇ ਵੀ ਲਾਗੂ ਹੈ। ਉਨ੍ਹਾਂ ਕਿਹਾ ਕਿ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਆਉਣ ਮਗਰੋਂ ਇਹ ਪਾਬੰਦੀਆਂ ਵੀ ਹਟਾ ਦਿੱਤੀਆਂ ਜਾਣਗੀਆਂ। ਲਈ ਵਾਤਾਵਰਨ ਵਿਸ਼ੇਸ਼ ਸਕੱਤਰ ਦੀ ਅਗਵਾਈ ਹੇਠ 6 ਮੈਂਬਰੀ ਵਿਸ਼ੇਸ਼ ਟਾਸਕ ਫੋਰਸ ਬਣਾਈ ਗਈ ਹੈ।
ਉਨ੍ਹਾਂ ਕਿਹਾ ਕਿ ਹੌਟਸਪੌਟ ’ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਲਗਾਤਾਰ ਪਾਣੀ ਛਿੜਕਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨਾਂ, ਮੈਟਰੋ, ਹਵਾਈ ਅੱਡਿਆਂ, ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਉਸਾਰੀ, ਅੰਤਰਰਾਜੀ ਬੱਸ ਸਟੈਂਡ, ਹਸਪਤਾਲ, ਫਲਾਈਓਵਰ, ਬਿਜਲੀ, ਸੀਵਰੇਜ ਲਾਈਨਾਂ ਅਤੇ ਸੈਨੀਟੇਸ਼ਨ ਪ੍ਰੋਜੈਕਟਾਂ ਦੀ ਉਸਾਰੀ ’ਤੇ ਛੋਟ ਦਿੱਤੀ ਗਈ ਹੈ।
ਇਸ ਦੌਰਾਨ ਗਾਜ਼ੀਆਬਾਦ (275), ਗੁਰੂਗ੍ਰਾਮ (242), ਗ੍ਰੇਟਰ ਨੋਇਡਾ (232), ਨੋਇਡਾ (252) ਅਤੇ ਫਰੀਦਾਬਾਦ (318) ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਦਰਜ ਕੀਤੀ ਗਈ। ਜਾਣਕਾਰੀ ਅਨੁਸਾਰ ਦਿੱਲੀ ਏਅਰਪੋਰਟ ਟਰਮੀਨਲ-3 ’ਤੇ ਏਕਿਊਆਈ 346 ਸਭ ਤੋਂ ਖਰਾਬ ਸ਼੍ਰੇਣੀ ’ਚ ਦਰਜ ਕੀਤਾ ਗਿਆ। ਜਦੋਂਕਿ ਦਿੱਲੀ ਯੂਨੀਵਰਸਿਟੀ ਖੇਤਰ ਵਿੱਚ ਏਕਿਊਆਈ 328 ਦਰਜ ਕੀਤਾ ਗਿਆ, ਦਿੱਲੀ ਦੇ ਲੋਧੀ ਰੋਡ ’ਤੇ ਇਹ 302 ਅਤੇ ਮਥੁਰਾ ਰੋਡ ’ਤੇ 269 ਸੀ। ਇਸੇ ਤਰ੍ਹਾਂ ਆਈਆਈਟੀ ਦਿੱਲੀ ਵਿੱਚ ਏਕਿਊਆਈ 317 ਅਤੇ ਪੂਸਾ ਵਿੱਚ 312 ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ 0 ਤੋਂ 50 ਦੇ ਵਿਚਕਾਰ ਏਕਿਊਆਈ ਨੂੰ ‘ਚੰਗਾ’, 51 ਤੋਂ 100 ਵਿਚਾਲੇ ‘ਤਸੱਲੀਬਖਸ਼’, 101 ਤੋਂ 200 ਵਿਚਾਲੇ ‘ਦਰਮਿਆਨਾ’, 201 ਤੋਂ 300 ਦੇ ਵਿਚਾਲੇ ‘ਖ਼ਰਾਬ’, 301 ਤੋਂ 400 ਵਿਚਾਲੇ ‘ਬਹੁਤ ਖ਼ਰਾਬ’, 401 ਤੋਂ 450 ਦੇ ਵਿਚਾਲੇ ਗੰਭੀਰ ਅਤੇ 450 ਤੋਂ ਉੱਪਰ ਨੂੰ ‘ਬਹੁਤ ਗੰਭੀਰ’ ਮੰਨਿਆ ਜਾਂਦਾ ਹੈ। ਕੇਂਦਰ ਸਰਕਾਰ ਨੇ ਸ਼ਨਿਚਰਵਾਰ ਨੂੰ ਦਿੱਲੀ-ਐੱਨਸੀਆਰ (ਕੌਮੀ ਰਾਜਧਾਨੀ ਖੇਤਰ) ਵਿੱਚ ਅਨੁਕੂਲ ਹਵਾ ਦੀ ਗਤੀ ਕਾਰਨ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦੇ ਬਾਅਦ ਗ੍ਰੈਜੂਅਲ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਦੇ ਚੌਥੇ ਪੜਾਅ ਤਹਿਤ ਲਗਾਈਆਂ ਗਈਆਂ ਪਾਬੰਦੀਆਂ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਦੌਰਾਨ ਦਿੱਲੀ ਦਾ ਘੱਟੋ-ਘੱਟ ਤਾਪਮਾਨ 12.2 ਡਿਗਰੀ ਸੈਲਸੀਅਸ ਰਿਹਾ। ਭਾਰਤ ਮੌਸਮ ਵਿਭਾਗ ਅਨੁਸਾਰ ਦਿੱਲੀ ਵਿੱਚ 20 ਤੋਂ 25 ਨਵੰਬਰ ਦਰਮਿਆਨ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਘੱਟੋ-ਘੱਟ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆ ਸਕਦੀ ਹੈ।
ਸਰਕਾਰ ਵੱਲੋਂ ਅੱਜ ਤੋਂ ਸਕੂਲ ਖੋਲ੍ਹਣ ਦੇ ਹੁਕਮ
ਸਿੱਖਿਆ ਡਾਇਰੈਕਟੋਰੇਟ ਨੇ 20 ਨਵੰਬਰ ਤੋਂ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਹੁਕਮ ਪ੍ਰੀ-ਸਕੂਲ ਤੋਂ ਲੈ ਕੇ 12ਵੀਂ ਜਮਾਤ ਤੱਕ ਲਾਗੂ ਹੋਣਗੇ। ਇਸ ਤਹਿਤ 20 ਨਵੰਬਰ ਤੋਂ ਸਾਰੀਆਂ ਕਲਾਸਾਂ ਔਫਲਾਈਨ ਹੋਣਗੀਆਂ ਹਾਲਾਂਕਿ ਅਗਲੇ ਇੱਕ ਹਫ਼ਤੇ ਤੱਕ ਬਾਹਰੀ ਖੇਡ ਸਰਗਰਮੀਆਂ ਅਤੇ ਸਵੇਰ ਦੀ ਅਸੈਂਬਲੀ ਨਹੀਂ ਹੋਵੇਗੀ।