ਆਬੋ-ਹਵਾ ਪਲੀਤ: ਕਿਸਾਨ ਪਰਾਲੀ ਸਾੜਨ ਅਤੇ ਅਧਿਕਾਰੀ ਅੱਗ ਬੁਝਾਉਣ ਲਈ ਡਟੇ
ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਨਵੰਬਰ
ਜ਼ਿਲ੍ਹਾ ਮੋਗਾ ਵਿਚ ਸ਼ੁੱਕਰਵਾਰ ਸ਼ਾਮ ਤੱਕ ਪਰਾਲੀ ਸਾੜਨ ਵਾਲੇ 114 ਕਿਸਾਨਾਂ ਖ਼ਿਲਾਫ਼ ਐਫ਼ਆਈਆਰ ਦਰਜ ਕੀਤੀ ਗਈ ਹੈ। ਪਰਾਲੀ ਪ੍ਰਬੰਧਨ ਮੁੱਦੇ ਦਾ ਹੱਲ ਨਾ ਤਾਂ ਕਿਸਾਨ ਕੋਲ ਹੈ ਨਾ ਹੀ ਸਰਕਾਰ ਇਸ ਸਮੱਸਿਆ ਦਾ ਕੋਈ ਠੋਸ ਹੱਲ ਕੱਢ ਸਕੀ ਹੈ। ਕਿਸਾਨ ਖੇਤਾਂ ਵਿੱਚ ਅੱਗ ਲਾ ਰਹੇ ਹਨ ਅਤੇ ਪ੍ਰਸ਼ਾਸਨਿਕ ਅਧਿਕਾਰੀ ਬੁਝਾ ਰਹੇ ਹਨ। ਹੁਣ ਸੀਨੀਅਰ ਅਧਿਕਾਰੀਆਂ ਨੇ ਮਹਿਲਾ ਪੁਲੀਸ ਮੁਲਾਜ਼ਮਾਂ ਨੂੰ ਵੀ ਖੇਤਾਂ ਵੱਲ ਤੋਰ ਦਿੱਤਾ ਹੈ। ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਭਾਵੇਂ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਹੋਏ ਹਨ ਪਰ ਆਬੋ ਹਵਾ ’ਚ ਘੁਲੇ ਜ਼ਹਿਰ ਕਾਰਨ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਭਾਵੇਂ ਕੁਝ ਦਿਨ ਪਹਿਲਾਂ ਮੀਂਹ ਨੇ ਪ੍ਰਦੂਸ਼ਣ ਨੂੰ ਇੱਕ ਵਾਰ ਘਟਾ ਦਿੱਤਾ ਸੀ ਪਰ ਦੀਵਾਲੀ ਤੋਂ ਬਾਅਦ ਲਗਾਤਾਰ ਹਵਾ ਪ੍ਰਦੂਸ਼ਣ ਵਧ ਰਿਹਾ ਹੈ ਅਤੇ ਆਮ ਲੋਕਾਂ ਦਾ ਵੀ ਦਮ ਘੁੱਟ ਰਿਹਾ ਅਤੇ ਸਾਹ ਤੇ ਦਮੇ ਦੇ ਮਰੀਜ਼ਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਤੇ ਐੱਸਡੀਐੱਮ ਚਾਰੂਮਿਤਾ ਨੇ ਖੇਤਾਂ ਵਿਚ ਪੁੱਜ ਕੇ ਕਿਸਾਨਾਂ ਨੂੰ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਵਿੱਢੀ ਮੁਹਿੰਮ ਵਿਚ ਸਹਿਯੋਗ ਕਰਨ ਲਈ ਆਖਿਆ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਹਵਾ, ਪਾਣੀ ਤੇ ਮਿੱਟੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸਾਨ ਸਭ ਤੋਂ ਵੱਡੀ ਭੂਮਿਕਾ ਨਿਭਾ ਸਕਦੇ ਹਨ। ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸੇ ਵੀ ਅਨਸਰ ਨਾਲ ਨਰਮੀ ਵਾਲਾ ਵਤੀਰਾ ਨਹੀਂ ਵਰਤਿਆ ਜਾਵੇਗਾ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐਸਡੀਐਮ ਚਾਰੂਮਿਤਾ ਨੇ ਵੀ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਕੇ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ। ਜ਼ਿਲ੍ਹੇ ਵਿੱਚ ਕਲੱਸਟਰ ਅਫਸਰਾਂ, ਨੋਡਲ ਅਫਸਰਾਂ ਦੀਆਂ ਟੀਮਾਂ ਲਗਾਤਾਰ ਇਸ ਖੇਤਰ ਵਿੱਚ ਦਿਨ ਰਾਤ ਕੰਮ ਕਰ ਰਹੀਆਂ ਹਨ।
ਖੇਤੀ ਵਿਗਿਆਨੀ ਰਾਜ ਪੁਰਸਕਾਰ ਜੇਤੂ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਲਈ ਮੱਦਦਗਾਰ ਮਸ਼ੀਨਾਂ ’ਤੇ ਸਬਸਿਡੀ ਤੋਂ ਇਲਾਵਾ ਹੋਰ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੱਲੋਂ ਪਰਾਲੀ ਸਾੜਨ ਕਾਰਨ ਪਿੰਡਾਂ ਅਤੇ ਸ਼ਹਿਰਾਂ ਦੀ ਹਵਾ ਕੁਆਲਟੀ ਨੂੰ ਵੀ ਪ੍ਰਭਾਵਿਤ ਕੀਤਾ ਜਾ ਰਿਹਾ ਹੈ।
ਪਰਾਲੀ ਸਾੜਨ ਦੇ ਮਾਮਲੇ ’ਚ ਹਾਈਵੇਅ ਜਾਮ ਕਰਨ ਦਾ ਐਲਾਨ
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਪਿੰਡ ਭੁੱਚੋ ਖੁਰਦ ਵਿੱਚ ਬਠਿੰਡਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਕੀਤੀ। ਇਸ ਮੌਕੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕੌਮੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਮੋਰਚੇ ਦੀਆਂ ਬਾਕੀ ਰਹਿੰਦੀਆਂ ਅਤੇ ਇਨ੍ਹਾਂ ਨਾਲ ਜੁੜਦੀਆਂ ਹੋਰ ਭਖ਼ਵੀਆਂ ਮੰਗਾਂ ਪੂਰੀਆਂ ਕਰਾਉਣ ਲਈ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ 26, 27 ਅਤੇ 28 ਨਵੰਬਰ ਨੂੰ ਤਿੰਨ ਰੋਜ਼ਾ ਦਿਨ ਰਾਤ ਦਾ ਮੋਰਚਾ ਲਾਇਆ ਜਾਵੇਗਾ। ਇਸ ਤਿੰਨ ਰੋਜਾ ਮੋਰਚੇ ਵਿੱਚ ਰਹਿਣ ਲਈ ਟਰਾਲੀਆਂ ਅਤੇ ਲੰਗਰ ਵਾਸਤੇ ਰਾਸ਼ਨ ਪਾਣੀ ਦੇ ਪ੍ਰਬੰਧ ਦੀ ਵਿਉਂਤਬੰਦੀ ਕੀਤੀ ਗਈ ਹੈ। ਇਸ ਨੂੰ ਲਾਗੂ ਕਰਨ ਲਈ 20 ਨਵੰਬਰ ਨੂੰ ਸਾਰੇ ਬਲਾਕਾਂ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਐਨਜੀਟੀ ਅਤੇ ਹਾਈਕੋਰਟ/ਸੁਪਰੀਮ ਕੋਰਟ ਦੇ ਫੈਸਲਿਆਂ ਮੁਤਾਬਕ ਪ੍ਰਬੰਧਾਂ ਦੀ ਅਣਹੋਂਦ ਵਿੱਚ ਪਰਾਲੀ ਸਾੜਨ ਲਈ ਮਜਬੂਰ ਕਿਸਾਨਾਂ ਵਿਰੁੱਧ ਦਰਜ ਪੁਲੀਸ ਕੇਸ, ਜੁਰਮਾਨੇ ਅਤੇ ਮਾਲ ਰਿਕਾਰਡ ਵਿੱਚ ਲਾਲ ਐਂਟਰੀਆਂ ਰੱਦ ਕਰਾਉਣ ਲਈ ਥਾਂ ਥਾਂ ਮੋਰਚੇ ਲਾਏ ਜਾਣਗੇ ਅਤੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਬੰਦ ਕਰਨ ਵਿਰੁੱਧ ਹਾਈਵੇਅ ਜਾਮ ਕੀਤੇ ਜਾਣਗੇ। ਇਸ ਮੌਕੇ ਔਰਤ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਮੋਰਚੇ ਵਿੱਚ ਔਰਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਪਿੰਡਾਂ ਵਿੱਚ ਮੀਟਿੰਗਾਂ ਕਰਵਾਈਆਂ ਜਾਣਗੀਆਂ।