ਹਵਾ ਪ੍ਰਦੂਸ਼ਣ: ਨਿਗਮ ਪਾਰਕਿੰਗ ਫੀਸ ਕਰ ਸਕਦੈ ਦੁੱਗਣੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਨਵੰਬਰ
ਸਿਟੀ ਬਿਊਟੀਫੁਲ ਵਿੱਚ ਪਿਛਲੇ ਕਈ ਦਿਨਾਂ ਤੋਂ ਹਵਾ ਪਲੀਤ ਹੋਣ ਕਰ ਕੇ ਯੂਟੀ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਅੱਜ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਮੈਂਬਰ ਸਕੱਤਰ ਟੀਸੀ ਨੋਟਿਆਲ ਦੀ ਅਗਵਾਈ ਹੇਠ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਹਵਾ ਪ੍ਰਦੂਸ਼ਣ ਵਧਣ ਦੇ ਵੱਖ-ਵੱਖ ਕਾਰਨਾਂ ਬਾਰੇ ਵਿਚਾਰ-ਚਰਚਾ ਕੀਤੀ ਤਾਂ ਟਰੈਫਿਕ ਜਾਮ ਵੀ ਵੱਡਾ ਕਾਰਨ ਸਾਹਮਣੇ ਆਇਆ। ਇਸ ਦੌਰਾਨ ਸ਼ਹਿਰ ਨੂੰ ਹਵਾ ਪ੍ਰਦੂਸ਼ਣ ਤੋਂ ਰਾਹਤ ਦਿਵਾਉਣ ਲਈ ਐਕਸ਼ਨ ਪਲਾਨ ਤਿਆਰ ਕੀਤਾ ਗਿਆ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸ਼ਹਿਰ ਦੀਆਂ ਸੜਕਾਂ ਤੋਂ ਵਾਹਨਾਂ ਦੀ ਗਿਣਤੀ ਘਟਾਉਣ ਲਈ ਨਗਰ ਨਿਗਮ ਵੱਲੋਂ ਪਾਰਕਿੰਗ ਫੀਸ ਦੁੱਗਣੀ ਕਰਨ ਬਾਰੇ ਵਿਚਾਰ ਕੀਤਾ ਤਾਂ ਜੋ ਲੋਕ ਆਮ ਦਿਨਾਂ ਨਾਲੋਂ ਘੱਟ ਗਿਣਤੀ ਵਿੱਚ ਵਾਹਨ ਲੈ ਕੇ ਨਿਕਲਣ।
ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਮੈਂਬਰ ਸਕੱਤਰ ਟੀਸੀ ਨੋਟਿਆਲ ਨੇ ਨਗਰ ਨਿਗਮ ਨੂੰ ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ ਅਤੇ ਦਰੱਖਤਾਂ ’ਤੇ ਪਾਣੀ ਦਾ ਛਿੜਕਾਅ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਸ਼ਹਿਰ ਵਿੱਚ ਸਫ਼ਾਈ ਕਾਮਿਆਂ ਨੂੰ ਸਫ਼ਾਈ ਰਾਤ ਸਮੇਂ ਪਾਣੀ ਦਾ ਛਿੜਕਾਅ ਕਰ ਕੇ ਕਰਨ ਦੇ ਨਿਰਦੇਸ਼ ਦਿੱਤੇ। ਕਮੇਟੀ ਨੇ ਸ਼ਹਿਰ ਵਿੱਚ ਉਸਾਰੀ ਅਧੀਨ ਇਮਾਰਤਾਂ ’ਤੇ ਵੀ ਵਾਰ-ਵਾਰ ਪਾਣੀ ਦਾ ਛਿੜਕਾਅ ਕਰ ਕੇ ਧੂੜ ਮਿੱਟੀ ਨੂੰ ਦਬਾਉਣ ਅਤੇ ਸ਼ਹਿਰ ਵਿੱਚ ਪੱਤੀਆਂ ਤੇ ਕੂੜੇ ਨੂੰ ਖੁੱਲ੍ਹੇ ਵਿੱਚ ਨਾ ਸਾੜਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਕਮੇਟੀ ਨੇ ਲੋਕਾਂ ਨੂੰ ਵੀ ਪ੍ਰਦੂਸ਼ਣ ਘਟਾਉਣ ’ਚ ਸਹਿਯੋਗ ਦੀ ਅਪੀਲ ਕੀਤੀ।
ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੀ ਟੀਮ ਨੇ ਚੰਡੀਗੜ੍ਹ ਟਰੈਫਿਕ ਪੁਲੀਸ ਨੂੰ ਸ਼ਹਿਰ ਵਿੱਚ ਟਰੈਫਿਕ ਜਾਮ ਨਾ ਹੋਣ ਦੇਣ ਦੇ ਨਿਰਦੇਸ਼ ਦਿੱਤੇ। ਇਸ ਲਈ ਸਕੂਲਾਂ ਤੇ ਕਾਲਜਾਂ ਵਿੱਚ ਛੁੱਟੀ ਸਮੇਂ ਸੜਕਾਂ ’ਤੇ ਵਨ ਵੇਅ ਟਰੈਫਿਕ ਸਿਸਟਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਚੌਕਾਂ ਵਿੱਚ ਟਰੈਫਿਕ ਜਾਮ ਹੋਣ ’ਤੇ ਟਰੈਫਿਕ ਲਾਈਟਾਂ ਦੀ ਥਾਂ ਟਰੈਫਿਕ ਪੁਲੀਸ ਕਾਮਿਆਂ ਵੱਲੋਂ ਆਵਾਜਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਬਾਰੇ ਵਿਚਾਰ-ਚਰਚਾ ਕੀਤੀ ਗਈ।
ਏਕਿਊਆਈ 350 ਦੇ ਕਰੀਬ ਪੁੱਜਿਆ
ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਅੱਜ ਵੀ ਸਾਰਾ ਦਿਨ ਆਸਮਾਨ ਵਿੱਚ ਧੁਆਂਖੀ ਧੁੰਦ ਛਾਈ ਰਹੀ, ਜਿਸ ਕਰ ਕੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ। ਜਾਣਕਾਰੀ ਅਨੁਸਾਰ ਅੱਜ ਸੈਕਟਰ-22 ਦਾ ਏਕਿਊਆਈ ਪੱਧਰ 335, ਸੈਕਟਰ-25 ਦਾ 317 ਅਤੇ ਮੁਹਾਲੀ ਦੇ ਸੈਕਟਰ-53 ਦੇ ਏਕਿਊਆਈ 341 ਦਰਜ ਕੀਤਾ ਹੈ।