ਨਵੀਂ ਦਿੱਲੀ, 10 ਮਾਰਚਤਕਨੀਕੀ ਖਰਾਬੀ ਕਾਰਨ ਦਿੱਲੀ ਆਧਾਰਿਤ ਹਵਾਈ ਉਡਾਣ ਦੇ ਸ਼ਿਕਾਗੋ ਮੁੜਨ ਦੇ ਕੁੱਝ ਦਿਨਾਂ ਬਾਅਦ ਏਅਰ ਇੰਡੀਆ ਨੇ ਅੱਜ ਇੱਥੇ ਖੁਲਾਸਾ ਕੀਤਾ ਕਿ ਟਾਇਲਟ ਬਲਾਕ ਹੋਣ ਕਾਰਨ ਇਹ ਉਡਾਣ ਸ਼ਿਕਾਗੋ ਮੁੜ ਗਈ ਸੀ। ਏਅਰ ਇੰਡੀਆ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਲਿਫਾਫੇ ਅਤੇ ਫਟੇ ਕੱਪੜੇ ਪਾਈਪ ’ਚ ਫਸਣ ਕਾਰਨ ਟਾਇਲਟ ਬਲਾਕ ਹੋ ਗਏ ਸਨ।ਪ੍ਰਾਪਤ ਜਾਣਕਾਰੀ ਅਨੁਸਾਰ 6 ਮਾਰਚ ਨੂੰ ਅਮਰੀਕੀ ਸ਼ਹਿਰ ਸ਼ਿਕਾਗੋ ਤੋਂ ਦਿੱਲੀ ਆ ਰਹੀ ਹਵਾਈ ਉਡਾਣ AI126 ਕਰੀਬ 10 ਘੰਟੇ ਦੇ ਸਫ਼ਰ ਮਗਰੋਂ ਤਕਨੀਕੀ ਖਰਾਬੀ ਕਾਰਨ ਵਾਪਸ ਪਰਤ ਗਈ ਸੀ। ਇਸੇ ਦਿਨ ਇੱਕ ਸੂਤਰ ਨੇ ਦੱਸਿਆ ਕਿ ਹਵਾਈ ਉਡਾਣ ਵਿੱਚ ਕਈ ਟਾਇਲਟ ਬਲਾਕ ਹੋਣ ਕਾਰਨ ਫਲਾਈਟ ਨੂੰ ਵਾਪਸ ਮੋੜਨਾ ਪਿਆ ਸੀ।ਏਅਰ ਇੰਡੀਆ ਨੇ ਅੱਜ ਵਿਸਥਾਰਤ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇੱਕ ਘੰਟਾ ਤੇ ਪੰਚਤਾਲੀ ਮਿੰਟ ਮਗਰੋਂ ਚਾਲਕ ਦਲ ਨੇ Business and Economy Class ਵਿੱਚ ਟਾਇਲਟ ਬਲਾਕ ਹੋਣ ਬਾਰੇ ਸੂਚਿਤ ਕੀਤਾ। ਬਿਆਨ ਅਨੁਸਾਰ, ‘‘ਬਾਅਦ ਵਿੱਚ, 12 ਵਿੱਚੋਂ ਅੱਠ ਟਾਇਲਟ ਬਲਾਕ ਹੋ ਗਏ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।’’ਇਸ ਸਮੇਂ ਤੱਕ ਜਹਾਜ਼ ਅਟਲਾਂਟਿਕਾ ਦੇ ਉੱਪਰ ਉੱਡ ਰਿਹਾ ਸੀ ਅਤੇ ਜ਼ਿਆਦਾਤਰ ਯੂਰੋਪੀਅਨ ਹਵਾਈ ਅੱਡਿਆਂ ’ਤੇ ਰਾਤ ਵੇਲੇ ਉਡਾਣਾਂ ਦੇ ਕੰਮ-ਕਾਜ ’ਤੇ ਪਾਬੰਦੀ ਕਾਰਨ AI126 ਨੂੰ ਵਾਪਸ ਸ਼ਿਕਾਗੋ ਲਿਜਾਣ ਦਾ ਫ਼ੈਸਲਾ ਲਿਆ ਗਿਆ।ਏਅਰ ਇੰਡੀਆ ਨੇ ਬਿਆਨ ਵਿੱਚ ਕਿਹਾ, ‘‘ਅਸੀਂ ਪੁਸ਼ਟੀ ਕਰਨਾ ਚਾਹੁੰਦੇ ਹਾਂ ਕਿ ਮਾਮਲੇ ਦੀ ਜਾਂਚ ਦੌਰਾਨ ਸਾਡੀ ਟੀਮ ਨੂੰ ਪਾਈਪ ਵਿੱਚ ਫਸੇ ਲਿਫਾਫੇ ਅਤੇ ਫਟੇ ਕੱਪੜੇ ਬਰਾਮਦ ਹੋਏ ਹਨ, ਜਿਸ ਕਾਰਨ ਟਾਇਲਟ ਬਲਾਕ ਹੋ ਗਏ ਸਨ।’’ -ਪੀਟੀਆਈ