ਦਿੱਲੀ ਹਵਾਈ ਅੱਡੇ ਦੇ ਸੰਕਟ ਦਰਮਿਆਨ ਹਵਾਈ ਉਡਾਣਾਂ ਦੇ ਕਿਰਾਏ ਨਾ ਵਧਾਏ ਜਾਣ
ਨਵੀਂ ਦਿੱਲੀ, 28 ਜੂਨ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਾਰੀਆਂ ਏਅਰਲਾਈਨਾਂ ਨੂੰ ਅੱਜ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਟਰਮੀਨਲ ਇਕ ਦੀ ਛੱਤ ਡਿੱਗਣ ਤੋਂ ਬਾਅਦ ਹਵਾਈ ਉਡਾਣਾਂ ਦੇ ਕਿਰਾਇਆਂ ਵਿੱਚ ਭਾਰੀ ਵਾਧਾ ਨਹੀਂ ਹੋਣਾ ਚਾਹੀਦਾ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਨੇ ਅਧਿਕਾਰੀਆਂ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਸੱਦੀ ਤੇ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਅਤੇ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਮੰਤਰਾਲੇ ਨੇ ਹਵਾਈ ਅੱਡੇ ਦੇ ਹੋਰ ਟਰਮੀਨਲਾਂ ਦੇ ਕੁਸ਼ਲ ਪ੍ਰਬੰਧਨ ਲਈ ਦਿੱਲੀ ਹਵਾਈ ਅੱਡੇ ’ਤੇ 24/7 ਵਾਰ ਰੂਮ ਸਥਾਪਤ ਕਰਨ ਦੇ ਵੀ ਨਿਰਦੇਸ਼ ਦਿੱਤੇ। ਮੰਤਰਾਲੇ ਨੇ ਕਿਹਾ, ‘ਇਹ ਵਾਰ ਰੂਮ ਰੱਦ ਕੀਤੀਆਂ ਉਡਾਣਾਂ ਦਾ ਪੂਰਾ ਰਿਫੰਡ ਯਕੀਨੀ ਬਣਾਏਗਾ ਜਾਂ ਉਪਲਬਧਤਾ ਅਨੁਸਾਰ ਵਿਕਲਪਿਕ ਯਾਤਰਾ ਰੂਟ ਦੀਆਂ ਟਿਕਟਾਂ ਮੁਹੱਈਆ ਕਰੇਗਾ। ਉਨ੍ਹਾਂ ਕਿਹਾ ਕਿ ਸਾਰੇ ਰਿਫੰਡ 7 ਦਿਨਾਂ ਦੇ ਨਿਰਧਾਰਤ ਸਮੇਂ ਅੰਦਰ ਦੇਣੇ ਯਕੀਨੀ ਬਣਾਏ ਜਾਣ। ਜ਼ਿਕਰਯੋਗ ਹੈ ਕਿ ਟਰਮੀਨਲ 1 ਦੀ ਛੱਤ ਡਿੱਗਣ ਕਾਰਨ ਇਕ ਦੀ ਮੌਤ ਹੋ ਗਈ ਸੀ ਤੇ ਛੇ ਜ਼ਖ਼ਮੀ ਹੋ ਗਏ ਸਨ ਜਿਸ ਕਾਰਨ ਇਸ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ।