ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਰੱਖਿਆ ਪ੍ਰਣਾਲੀ ਤਾਇਨਾਤ ਨਹੀਂ ਕੀਤੀ: ਫੌਜ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਮਈ
No air defence guns deployed in Golden Temple during Op Sindoor, says Army: ਭਾਰਤੀ ਫੌਜ ਦੇ ਇੱਕ ਕੇਂਦਰੀ ਬੁਲਾਰੇ ਨੇ ਅੱਜ ਸ਼ਾਮ ਵੇਲੇ ਸਪਸ਼ਟ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਅਜਿਹੀ ਕੋਈ ਹਵਾਈ ਰੱਖਿਆ ਗਨ ਜਾਂ ਪ੍ਰਣਾਲੀ ਤਾਇਨਾਤ ਨਹੀਂ ਕੀਤੀ ਗਈ ਸੀ ਤੇ ਮੀਡੀਆ ਵਿੱਚ ਚੱਲ ਰਹੀਆਂ ਖਬਰਾਂ ਗਲਤ ਹਨ। ਦੱਸਣਯੋਗ ਹੈ ਕਿ ਅਜਿਹੀਆਂ ਖਬਰਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਖਤ ਇਤਰਾਜ਼ ਕੀਤਾ ਗਿਆ ਹੈ ਅਤੇ ਇਸ ਦਾ ਖੰਡਨ ਵੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਤੋਂ ਬਾਅਦ ਭਾਰਤੀ ਫੌਜ ਨੇ ਬੀਤੇ ਦਿਨ ਖੁਲਾਸਾ ਕੀਤਾ ਸੀ ਕਿ ਪਾਕਿਸਤਾਨੀ ਫ਼ੌਜ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਇੱਥੇ ਭਾਰਤੀ ਫ਼ੌਜ ਦੇ ਇਸ ਦਾਅਵੇ ਨੂੰ ਰੱਦ ਕੀਤਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾਂ ਤਾਇਨਾਤ ਕੀਤੀਆਂ ਗਈਆਂ ਸਨ। ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਨੇ ਬੀਤੇ ਦਿਨ ਇੱਕ ਚੈਨਲ ਨਾਲ ਇੰਟਰਵਿਊ ਦੌਰਾਨ ਭਾਰਤ-ਪਾਕਿਸਤਾਨ ਤਣਾਅ ਦਰਮਿਆਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫ਼ੌਜ ਦੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਸਬੰਧੀ ਦਾਅਵਾ ਕੀਤਾ ਸੀ।
ਇਸ ਦਾਅਵੇ ਨੂੰ ਮੂਲੋਂ ਰੱਦ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਇਸ ਨੂੰ ਹੈਰਾਨੀਜਨਕ ਕਰਾਰ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਬੀਤੇ ਦਿਨੀਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਬਲੈਕਆਊਟ ਸਬੰਧੀ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸਹਿਯੋਗ ਕੀਤਾ ਗਿਆ ਸੀ।