For the best experience, open
https://m.punjabitribuneonline.com
on your mobile browser.
Advertisement

ਹਵਾਈ ਹਾਦਸਾ ਜਾਂ ਕਤਲ

07:38 AM Aug 25, 2023 IST
ਹਵਾਈ ਹਾਦਸਾ ਜਾਂ ਕਤਲ
Advertisement

ਰੂਸ ਵਿਚ ਵੈਗਨਰ ਗਰੁੱਪ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਅਤੇ ਨੌਂ ਹੋਰਾਂ ਦੀ 23 ਅਗਸਤ ਨੂੰ ਹਵਾਈ ਹਾਦਸੇ ਵਿਚ ਮੌਤ ਹੋ ਗਈ ਹੈ। ਸੁਰੱਖਿਆ ਅਤੇ ਕੂਟਨੀਤਕ ਮਾਹਿਰਾਂ ਦਾ ਕਹਿਣਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਰੁੱਧ ਬਗ਼ਾਵਤ ਕਰਨ ਤੋਂ ਬਾਅਦ ਪ੍ਰਿਗੋਜ਼ਿਨ ਦਾ ਮਰਨਾ ਤੈਅ ਸੀ। ਜੂਨ 2023 ਵਿਚ ਪ੍ਰਿਗੋਜ਼ਿਨ ਦੇ ਵੈਗਨਰ ਗਰੁੱਪ ਦੇ ਲੜਾਕਿਆਂ ਨੇ ਰੂਸੀ ਹਕੂਮਤ ਵਿਰੁੱਧ ਬਗ਼ਾਵਤ ਕਰ ਕੇ ਮਾਸਕੋ ਵੱਲ ਕੂਚ ਕੀਤਾ ਸੀ। ਉਸ ਸਮੇਂ ਬੇਲਾਰੂਸ ਦੇ ਰਾਸ਼ਟਰਪਤੀ ਨੇ ਵਿਚੋਲਗੀ ਕੀਤੀ ਅਤੇ ਵੈਗਨਰ ਲੜਾਕੇ ਵਾਪਸ ਆਪਣੇ ਕੈਂਪਾਂ ਵਿਚ ਆ ਗਏ। ਮਾਹਿਰਾਂ ਦਾ ਕਹਿਣਾ ਹੈ ਕਿ ਰੂਸ ਵਿਚ ਪੂਤਿਨ ਦਾ ਵਿਰੋਧ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ; ਉਨ੍ਹਾਂ ਵਿਚੋਂ ਕੁਝ ਜੇਲ੍ਹ ਵਿਚ ਹਨ, ਕੁਝ ਵਿਦੇਸ਼ਾਂ ਵਿਚ ਜਲਾਵਤਨੀ ਭੋਗ ਰਹੇ ਹਨ ਅਤੇ ਕੁਝ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਪੂਤਿਨ ਦਾ ਸਿਆਸੀ ਵਿਰੋਧ ਕਰਨ ਵਾਲਾ ਅਲੈਕਸੀ ਨਵਲਨੀ ਜੇਲ੍ਹ ਵਿਚ ਹੈ; ਉਸ ਨੇ ਰੂਸ ਵਿਚ ਰਿਸ਼ਵਤਖੋਰੀ ਵਿਰੁੱਧ ਅੰਦੋਲਨ ਚਲਾਇਆ ਅਤੇ ‘ਭਵਿੱਖ ਦਾ ਰੂਸ’ ਨਾਂ ਦੀ ਸਿਆਸੀ ਪਾਰਟੀ ਸਥਾਪਿਤ ਕੀਤੀ ਸੀ। ਕਈ ਪੂਤਿਨ ਵਿਰੋਧੀਆਂ ਦੀਆਂ ਮੌਤਾਂ ਸ਼ੱਕ ਦੇ ਘੇਰੇ ਵਿਚ ਹਨ। ਇਨ੍ਹਾਂ ਵਿਚ ਵਪਾਰੀ, ਸੁਰੱਖਿਆ ਮਾਹਿਰ, ਵਿਗਿਆਨੀ ਅਤੇ ਵੱਡੀਆਂ ਕੰਪਨੀਆਂ ਦੇ ਮਾਲਕ ਤੇ ਪ੍ਰਬੰਧਕ ਸ਼ਾਮਲ ਹਨ। ਹੁਣ ਹੋਏ ਹਵਾਈ ਹਾਦਸੇ ਵਿਚ ਵੈਗਨਰ ਗਰੁੱਪ ਦੇ ਪ੍ਰਮੁੱਖ ਕਮਾਂਡਰਾਂ ਅਤੇ ਉਸ ਦੇ ਬਾਡੀਗਾਰਡਾਂ ਦੀ ਮੌਤ ਵੀ ਹੋ ਗਈ। ਜਹਾਜ਼ ਮਾਸਕੋ ਤੋਂ ਸੇਂਟ ਪੀਟਰਸਬਰਗ ਜਾ ਰਿਹਾ ਸੀ।
ਪ੍ਰਿਗੋਜ਼ਿਨ ਨੇ ਹੋਟਲ ਬਣਾਏ ਅਤੇ ਕਈ ਤਰ੍ਹਾਂ ਦੀਆਂ ਵਸਤਾਂ ਦਾ ਵਪਾਰ ਕੀਤਾ। ਉਸ ਨੇ ਜੂਏ ਦੇ ਕਾਰੋਬਾਰ ਵਿਚ ਵੱਡਾ ਨਿਵੇਸ਼ ਕੀਤਾ। ਉਹ ਪੂਤਿਨ ਦਾ ਨਜ਼ਦੀਕੀ ਬਣਿਆ ਜਿਸ ਕਾਰਨ ਉਸ ਨੂੰ ਹਰ ਖੇਤਰ ਵਿਚ ਸਫਲਤਾ ਹਾਸਲ ਹੋਈ। 2014 ਵਿਚ ਉਸ ਨੇ ਵੈਗਨਰ ਗਰੁੱਪ ਦੇ ਨਾਂ ਹੇਠ ਲੜਾਕਿਆਂ ਦੇ ਦਸਤੇ ਬਣਾਏ ਜਿਨ੍ਹਾਂ ਨੇ ਰੂਸੀ ਫ਼ੌਜ ਦੀ ਯੂਕਰੇਨ ਦੇ ਪੂਰਬੀ ਖੇਤਰਾਂ ’ਤੇ ਕਬਜ਼ਾ ਕਰਨ ਵਿਚ ਮਦਦ ਕੀਤੀ। 2022 ’ਚ ਸ਼ੁਰੂ ਹੋਈ ਰੂਸ-ਯੂਕਰੇਨ ਜੰਗ ਵਿਚ ਉਸ ਦੇ ਲੜਾਕਿਆਂ ਨੇ ਅਹਿਮ ਭੂਮਿਕਾ ਨਿਭਾਈ। ਉਸ ਨੇ ਸੀਰੀਆ ਦੇ ਗ੍ਰਹਿ ਯੁੱਧ ਵਿਚ ਦਖ਼ਲ ਦਿੱਤਾ ਅਤੇ ਵੈਗਨਰ ਗਰੁੱਪ ਦੇ ‘ਸੈਨਿਕ’ ਉੱਥੇ ਵੀ ਭੇਜੇ ਗਏ। ਇਹ ਗਰੁੱਪ ਕਾਫ਼ੀ ਪ੍ਰਭਾਵਸ਼ਾਲੀ ਹੋ ਗਿਆ ਅਤੇ ਅਫ਼ਰੀਕੀ ਦੇਸ਼ਾਂ – ਸੂਡਾਨ ਅਤੇ ਨਾਈਜਰ ਵਿਚ ਵੀ ਇਸ ਦੀ ਭੂਮਿਕਾ ਵਿਵਾਦਾਂ ਵਿਚ ਰਹੀ ਹੈ। ਰੂਸੀ ਫ਼ੌਜ ਚਾਹੁੰਦੀ ਸੀ ਕਿ ਪ੍ਰਿਗੋਜ਼ਿਨ ਆਪਣੇ ਲੜਾਕੂ ਦਸਤਿਆਂ ਨੂੰ ਰੂਸੀ ਫ਼ੌਜਾਂ ਦੀ ਕਮਾਂਡ ਹੇਠ ਸੌਂਪ ਦੇਵੇ। ਪ੍ਰਿਗੋਜ਼ਿਨ ਰੂਸੀ ਫ਼ੌਜ ਦੇ ਜਰਨੈਲਾਂ ਅਤੇ ਰੱਖਿਆ ਮੰਤਰਾਲੇ ਦੇ ਉੱਚ ਅਧਿਕਾਰੀਆਂ ਦਾ ਆਲੋਚਕ ਸੀ ਅਤੇ ਉਸ ਦਾ ਕਹਿਣਾ ਸੀ ਕਿ ਉਸ ਦੀ ਬਗ਼ਾਵਤ ਇਨ੍ਹਾਂ ਅਧਿਕਾਰੀਆਂ ਤੇ ਜਰਨੈਲਾਂ ਦੇ ਵਿਰੁੱਧ ਸੀ। ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਵੈਗਨਰ ਗਰੁੱਪ ਦੇ ਲੜਾਕੂ ਦਸਤਿਆਂ ਦਾ ਭਵਿੱਖ ਕੀ ਹੋਵੇਗਾ ਅਤੇ ਇਸ ਦਾ ਰੂਸ-ਯੂਕਰੇਨ ਜੰਗ ਅਤੇ ਰੂਸ ਦੇ ਹੋਰ ਦੇਸ਼ਾਂ ਵਿਚ ਇਸ ਗਰੁੱਪ ਰਾਹੀਂ ਦਿੱਤੇ ਜਾ ਰਹੇ ਦਖ਼ਲ ’ਤੇ ਕੀ ਪ੍ਰਭਾਵ ਪਵੇਗਾ।
ਤਾਨਾਸ਼ਾਹੀ ਰੁਚੀਆਂ ਵਾਲੇ ਹੁਕਮਰਾਨ ਸਿਆਸੀ ਕਤਲ ਕਰਵਾਉਂਦੇ ਆਏ ਹਨ। ਪ੍ਰਮੁੱਖ ਸਵਾਲ ਇਹ ਹੈ ਕਿ ਰੂਸ ਵਿਚ ਜਮਹੂਰੀਅਤ ਸਥਾਪਿਤ ਕਿਉਂ ਨਹੀਂ ਹੋ ਸਕੀ। ਰੂਸ ਦੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਰੂਸੀ ਲੋਕਾਂ ਦਾ ਮਿਜ਼ਾਜ ਵੱਖਰੀ ਤਰ੍ਹਾਂ ਦਾ ਹੈ ਅਤੇ ਲੰਮਾ ਸਮਾਂ ਜ਼ਾਰਸ਼ਾਹੀ ਅਤੇ ਬਾਅਦ ਵਿਚ ਕਮਿਊਨਿਸਟ ਰਾਜ ਵਿਚ ਰਹਿਣ ਕਾਰਨ ਉਨ੍ਹਾਂ ਨੂੰ ਜਮਹੂਰੀ ਕਦਰਾਂ-ਕੀਮਤਾਂ ਨੂੰ ਅਪਣਾਉਣ ਵਿਚ ਮੁਸ਼ਕਿਲਾਂ ਆ ਰਹੀਆਂ ਹਨ। ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਜਮਹੂਰੀਅਤ ਕਾਇਮ ਤਾਂ ਹੋ ਰਹੀ ਸੀ ਪਰ ਸਿਆਸਤ ਵਿਚ ਪੂਤਿਨ ਦੀ ਚੜ੍ਹਤ ਨੇ ਇਸ ਦੀਆਂ ਸੰਭਾਵਨਾਵਾਂ ਖ਼ਤਮ ਕਰ ਦਿੱਤੀਆਂ। ਪੂਤਿਨ ਨੇ ਮੌਕਾਪ੍ਰਸਤ ਸਿਆਸਤਦਾਨਾਂ ਵਾਂਗ ਅੰਧਰਾਸ਼ਟਰਵਾਦ ਨੂੰ ਆਪਣੀ ਤਾਕਤ ਮਜ਼ਬੂਤ ਕਰਨ ਲਈ ਵਰਤਿਆ ਹੈ। ਰੂਸੀ ਲੋਕਾਂ ਵਿਚ ਸਾਂਝੀਵਾਲਤਾ ਅਤੇ ਜਮਹੂਰੀਅਤ ਦੀਆਂ ਰਵਾਇਤਾਂ ਹਨ; ਉਹ ਜਬਰ ਤੇ ਦਮਨ ਵਿਰੁੱਧ ਲੜੇ ਅਤੇ ਜ਼ਾਰਸ਼ਾਹੀ ਦਾ ਤਖਤਾ ਪਲਟਿਆ; ਉਨ੍ਹਾਂ ਨੂੰ ਧੋਖਾ ਉਨ੍ਹਾਂ ਦੇ ਆਪਣੇ ਆਗੂਆਂ ਨੇ ਦਿੱਤਾ ਹੈ। ਇਸ ਦਾ ਖਮਿਆਜ਼ਾ ਰੂਸ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਮਹੂਰੀ ਸੰਸਥਾਵਾਂ ਬਣਾਉਣ ਵਿਚ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਅਹਿਮ ਭੂਮਿਕਾਵਾਂ ਨਿਭਾਉਂਦੇ ਹਨ। ਇਹ ਅਤਿਅੰਤ ਅਫ਼ਸੋਸਨਾਕ ਹੈ ਕਿ ਰੂਸ ਨੂੰ ਅਜਿਹੇ ਆਗੂ ਨਹੀਂ ਮਿਲੇ।

Advertisement

Advertisement
Advertisement
Author Image

Advertisement