ਸੰਘਣੀ ਧੁੰਦ ਕਾਰਨ ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ
ਨਵੀਂ ਦਿੱਲੀ, 13 ਜਨਵਰੀ
ਕੌਮੀ ਰਾਜਧਾਨੀ ਵਿੱਚ ਸੰਘਣੀ ਧੁੰਦ ਅਤੇ ਠੰਢ ਜ਼ੋਰ ਫੜਨ ਲੱਗ ਪਈ ਹੈ। ਭਾਵੇਂ ਦੋ ਦਿਨ ਰੁਕ-ਰੁਕ ਕੇ ਮੀਂਹ ਵੀ ਪਿਆ ਫੇਰ ਵੀ ਅੱਜ ਕਈ ਥਾਵਾਂ ’ਤੇ ਧੁੰਦ ਪਈ। ਇਸ ਕਾਰਨ ਰੇਲ, ਹਵਾਈ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਅੱਜ ਕੌਮੀ ਰਾਜਧਾਨੀ ਵਿੱਚ ਘੱਟੋ ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਤਾਪਮਾਨ ਨਾਲੋਂ 2.2 ਡਿਗਰੀ ਸੈਲਸੀਅਸ ਵੱਧ ਹੈ। ਆਈਐੱਮਡੀ ਨੇ ਕੌਮੀ ਰਾਜਧਾਨੀ ਵਿੱਚ ਸੰਘਣੀ ਧੁੰਦ ਕਾਰਨ ਯੈਲੋ ਅਲਰਟ ਜਾਰੀ ਕੀਤਾ ਹੈ। ਸਵੇਰੇ ਸੰਘਣੀ ਧੁੰਦ ਕਾਰਨ ਕਈ ਹਵਾਈ ਉਡਾਣਾਂ ਅਤੇ ਰੇਲਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਘੱਟ ਦਿਖਣ ਦੀ ਤੀਬਰਤਾ ਕਾਰਨ ਦਿੱਲੀ ਦੇ ਕੌਮੀ ਹਵਾਈ ਅੱਡੇ ’ਤੇ ਕਈ ਉਡਾਣਾਂ ਦੇਰ ਨਾਲ ਚੱਲੀਆਂ, ਇਸ ਕਾਰਨ ਕਾਫ਼ੀ ਯਾਤਰੀਆਂ ਨੂੰ ਖੱਜਲਖੁਆਰ ਹੋਣਾ ਪਿਆ। ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ।
ਇਸ ਕਾਰਨ ਕਈ ਰੇਲਾਂ ਦੇਰ ਨਾਲ ਚੱਲੀਆਂ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਸਵੇਰੇ ਨੌਂ ਵਜੇ ਹਵਾ ਦੀ ਗੁਣਵੱਤਾ ਸੂਚਕ ਅੰਕ (ਏਕਿਊਆਈ) 274 ਦਰਜ ਕੀਤੀ ਗਈ। ਧੁੰਦ ਕਾਰਨ ਸੜਕੀ ਆਵਜਾਈ ਦੌਰਾਨ ਵਾਹਨ ਚਾਲਕ ਦਿਨੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਆਪਣੀ ਮੰਜ਼ਿਲ ਵੱਲ ਵਧਦੇ ਦੇਖੇ ਗਏ। ਵਾਹਨਾਂ ਦੀ ਰਫ਼ਤਾਰ ਵੀ ਆਮ ਨਾਲੋਂ ਘੱਟ ਸੀ। ਠੰਢ ਅਤੇ ਧੁੰਦ ਕਾਰਨ ਬਾਜ਼ਾਰਾਂ ਵਿੱਚ ਵੀ ਚਹਿਲ ਪਹਿਲ ਘੱਟ ਹੀ ਦਿਖਾਈ ਦਿੱਤੀ। -ਪੀਟੀਆਈ