ਦਿੱਲੀ ਦੰਗਿਆਂ ਦੇ ਮੁਲਜ਼ਮ ਸ਼ਾਹਰੁਖ ਪਠਾਨ ਨੂੰ ਵਿਧਾਨ ਸਭਾ ਚੋਣਾਂ ਵਿੱਚ ਉਤਾਰ ਸਕਦੀ ਹੈ ਏਆਈਐੱਮਆਈਐੱਮ
ਨਵੀਂ ਦਿੱਲੀ, 25 ਦਸੰਬਰ
ਅਸਦੂਦੀਨ ਓਵੈਸੀ ਦੀ ਅਗਵਾਈ ਵਾਲੀ ਏਆਈਐੱਮਆਈਐੱਮ 2020 ਵਿੱਚ ਉੱਤਰ-ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਦੇ ਮਾਮਲੇ ਵਿੱਚ ਜੇਲ੍ਹ ’ਚ ਬੰਦ ਮੁਲਜ਼ਮ ਸ਼ਾਹਰੁਖ ਪਠਾਨ ਨੂੰ ਆਗਾਮੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਉਮੀਦਵਾਰ ਬਣਾਉਣ ’ਤੇ ਵਿਚਾਰ ਕਰ ਰਹੀ ਹੈ। ਪਾਰਟੀ ਆਗੂਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਹਾਲਾਂਕਿ ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲੀਮੀਨ (ਏਆਈਐੱਮਆਈਐੱਮ) ਨੇ ਅਜੇ ਤੱਕ ਪਠਾਨ ਦੀ ਉਮੀਦਵਾਰੀ ’ਤੇ ਕੋਈ ਫੈਸਲਾ ਨਹੀਂ ਲਿਆ ਹੈ। ਏਆਈਐੱਮਆਈਐੱਮ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ਼ੋਏਬ ਜਾਮੇਈ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਾਰਟੀ ਪਠਾਨ ਦੇ ਨਾਮ ’ਤੇ ਵਿਚਾਰ ਕਰ ਰਹੀ ਹੈ ਪਰ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਏਆਈਐੱਮਆਈਐੱਮ ਨੇ ਹਾਲ ਹੀ ਵਿੱਚ 2020 ਦੇ ਦੰਗਿਆਂ ਦੇ ਇਕ ਹੋਰ ਮੁਲਜ਼ਮ ਤਾਹਿਰ ਹੁਸੈਨ ਨੂੰ ਮੁਸਤਫਾਬਾਦ ਚੋਣ ਖੇਤਰ ਤੋਂ ਟਿਕਟ ਦਿੱਤਾ ਹੈ।
ਆਮ ਆਦਮੀ ਪਾਰਟੀ ਦਾ ਸਾਬਕਾ ਨਿਗਮ ਕੌਂਸਲਰ ਹੁਸੈਨ ਹਾਲ ਵਿੱਚ ਏਆਈਐੱਮਆਈਐੱਮ ਵਿੱਚ ਸ਼ਾਮਲ ਹੋਇਆ ਸੀ। ਅੱਜ ਜਾਮੇਈ ਨੇ ਇੱਥੇ ਪਠਾਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਇਸ ਮੁਲਾਕਾਤ ਦੀ ਇਕ ਤਸਵੀਰ ਫੇਸਬੁੱਕ ’ਤੇ ਸਾਂਝੀ ਕੀਤੀ। ਅੱਜ, ਉਨ੍ਹਾਂ ਇਹ ਵੀ ਕਿਹਾ ਕਿ ਏਆਈਐੱਮਆਈਐੱਮ ਆਗਾਮੀ ਚੋਣਾਂ ਵਿੱਚ 12 ਸੀਟਾਂ ’ਤੇ ਉਮੀਦਵਾਰ ਉਤਾਰਨ ਦੀ ਯੋਜਨਾ ਬਣਾ ਰਹੀ ਹੈ। -ਪੀਟੀਆਈ