ਸਿੱਖ ਕਤਲੇਆਮ ਦੇ ਪੀੜਤਾਂ ਲਈ ਸਹਾਇਤਾ ਕੈਂਪ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਨਵੰਬਰ
ਇੱਥੇ ’84 ਕਤਲੇਆਮ ਪੀੜਤ ਵੈੱਲਫੇਅਰ ਸੁਸਾਇਟੀ ਵੱਲੋਂ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਲਗਾਏ ਕੈਂਪ ਦੌਰਾਨ 200 ਦੇ ਕਰੀਬ ਪਰਿਵਾਰਾਂ ਨੇ ਸਰਕਾਰ ਤੋਂ ਮੁਆਵਜ਼ਾ ਅਤੇ ਹੋਰ ਸਹੂਲਤਾਂ ਲੈਣ ਲਈ ਆਪਣੇ ਫਾਰਮ ਭਰੇ ਹਨ। ਸੁਸਾਇਟੀ ਦੀ ਇਸਤਰੀ ਵਿੰਗ ਪ੍ਰਧਾਨ ਬੀਬੀ ਗੁਰਦੀਪ ਕੌਰ ਦੇ ਗ੍ਰਹਿ 2934 ਸੀਆਰਪੀਐਫ ਕਲੋਨੀ ਵਿੱਚ ਲੱਗੇ ਕੈਂਪ ਦੌਰਾਨ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਅਤੇ ਹੋਰ ਮੈਂਬਰਾਂ ਵੱਲੋਂ ਦੰਗਾ ਪੀੜਤਾਂ ਦੇ ਫਾਰਮ ਭਰੇ ਜਾ ਰਹੇ ਹਨ। ਸੁਸਾਇਟੀ ਦੇ ਆਗੂ ਦਲਜੀਤ ਸਿੰਘ ਸੋਨੀ ਨੇ ਦੱਸਿਆ ਹੈ ਕਿ ਨਿਰਦੋਸ਼ ਸਿੱਖਾਂ ਦੇ ਕਤਲੇਆਮ ਨੂੰ 39 ਸਾਲ ਹੋ ਗਏ ਹਨ ਪਰ ਹਾਲੇ ਵੀ ਸੈਂਕੜੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਐਲਾਨੀਆਂ ਸਹੂਲਤਾਂ ਨਹੀਂ ਮਿਲੀਆਂ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ 25 ਨਵੰਬਰ ਤੱਕ ਕੈਂਪ ਚੱਲੇਗਾ ਅਤੇ ਇਸ ਤੋਂ ਬਾਅਦ ਸਾਰੇ ਵੇਰਵੇ ਇਕੱਤਰ ਕਰਕੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਜਾਵੇਗੀ ਤਾਂ ਜੋ ਸਰਕਾਰ ਵੱਲੋਂ ਕੀਤੇ ਗਏ ਫ਼ੈਸਲੇ ਅਨੁਸਾਰ ਸਾਰੇ ਪੀੜਤ ਪਰਿਵਾਰਾਂ ਨੂੰ ਬੂਥ, ਫਲੈਟ ਅਤੇ ਪਲਾਟ ਸਮੇਤ ਮੁਆਵਜ਼ਾ ਰਾਸ਼ੀ ਮਿਲ ਸਕੇ। ਪੀੜਤਾਂ ਨੂੰ ਅਪੀਲ ਕੀਤੀ ਕਿ ਉਹ ਲਾਲ ਕਾਰਡ, ਰਿਹਾਇਸ਼ੀ ਸਬੂਤ ਅਤੇ ਹੋਰ ਲੌੜੀਂਦੇ ਦਸਤਾਵੇਜ਼ ਲੈ ਕੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਪੁੱਜ ਕੇ ਆਪਣੇ ਫਾਰਮ ਭਰਵਾਉਣ।