For the best experience, open
https://m.punjabitribuneonline.com
on your mobile browser.
Advertisement

ਅਹਿਮਦਗੜ੍ਹ: ਠੋਸ ਕੂੜਾ ਪ੍ਰਬੰਧਨ ਨਗਰ ਕੌਂਸਲ ਲਈ ਚੁਣੌਤੀ

11:16 AM Apr 21, 2024 IST
ਅਹਿਮਦਗੜ੍ਹ  ਠੋਸ ਕੂੜਾ ਪ੍ਰਬੰਧਨ ਨਗਰ ਕੌਂਸਲ ਲਈ ਚੁਣੌਤੀ
ਅਹਿਮਦਗੜ੍ਹ ਵਿੱਚ ਨਗਰ ਕੌਂਸਲ ਮੁਲਾਜ਼ਮਾਂ ਨੂੰ ਨਿਰਦੇਸ਼ ਦਿੰਦੇ ਹੋਏ ਅਧਿਕਾਰੀ।
Advertisement

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 20 ਅਪਰੈਲ
ਠੋਸ ਕੂੜਾ ਪ੍ਰਬੰਧਨ ਇੱਥੋਂ ਦੀ ਨਗਰ ਕੌਂਸਲ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪਲਾਸਟਿਕ ਦੀ ਵਰਤੋਂ ਬਾਰੇ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਨਾ ਕਰ ਸਕਣਾ, ਕੂੜਾ ਸੁੱਟਣ ਲਈ ਲੋੜੀਂਦੀ ਥਾਂ ਅਤੇ ਠੋਸ ਰਹਿੰਦ-ਖੂੰਹਦ ਨੂੰ ਵੱਖਰਾ ਕਰਕੇ ਕੂੜਾ ਚੁੱਕਣ ਲਈ ਬੁਨਿਆਦੀ ਢਾਂਚੇ ਦੀ ਘਾਟ ਸ਼ਹਿਰ ਵਿੱਚ ਥਾਂ ਥਾਂ ਕੂੜੇ ਦੇ ਢੇਰ ਲੱਗਣ ਪਿੱਛੇ ਮੁੱਖ ਕਾਰਨ ਦੱਸੇ ਗਏ ਹਨ। ਹਾਲਾਂਕਿ ਇਕ ਵਾਰ ਵਰਤੋਂ ਵਾਲੇ ਪਲਾਸਟਿਕ ਸਮੇਤ ਨਾ-ਗਲਣਯੋਗ ਸਮੱਗਰੀ ਨਾਲ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਰੋਕਣ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਰਕਸ਼ਾਪਾਂ ਅਤੇ ਸੈਮੀਨਾਰ ਲੱਗਦੇ ਰਹੇ ਹਨ ਪਰ ਨਾ ਤਾਂ ਆਮ ਲੋਕਾਂ ਨੇ ਕੂੜਾ ਸੁੱਟਣ ਤੋਂ ਪਹਿਲਾਂ ਇਸ ਦੀ ਛਾਂਟੀ ਸ਼ੁਰੂ ਕੀਤੀ ਹੈ ਅਤੇ ਨਾ ਹੀ ਸਫਾਈ ਵਿਭਾਗ ਵੱਲੋਂ ਇਸ ਮੰਤਵ ਲਈ ਲੋੜੀਂਦੇ ਕਦਮ ਚੁੱਕੇ ਗਏ ਹਨ। ਸਫ਼ਾਈ ਮਜ਼ਦੂਰ ਯੂਨੀਅਨ ਦੇ ਆਗੂ ਅਤੇ ਮੇਟ ਚਮਨ ਲਾਲ ਦੁੱਲਾ ਨੇ ਮੰਨਿਆ ਕਿ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਕੂੜਾ ਪ੍ਰਬੰਧਨ ਲਈ ਲੋੜੀਂਦੇ ਸਾਧਨ ਮੁਹੱਈਆ ਨਹੀਂ ਕਰਵਾਏ ਜਾਂਦੇ। ਚਮਨ ਲਾਲ ਦੁੱਲਾ ਨੇ ਕਿਹਾ ਕਿ ਅਧਿਕਾਰੀ ਲੋਕਾਂ ਨੂੰ ਇਸ ਗੱਲ ਲਈ ਵੀ ਜਾਗਰੂਕ ਕਰਨ ਵਿੱਚ ਵੀ ਅਸਫਲ ਰਹੇ ਹਨ ਕਿ ਸਫਾਈ ਮਜ਼ਦੂਰਾਂ ਨੂੰ ਘਰਾਂ ਦਾ ਕੂੜਾ ਸੰਭਾਲਣ ਤੋਂ ਪਹਿਲਾਂ ਉਸ ਦੀ ਛਾਂਟੀ ਕੀਤੀ ਜਾਵੇ। ਨਗਰ ਕੌਂਸਲ ਦੇ ਬ੍ਰਾਂਡ ਐਂਬਸੈਡਰ ਰਾਜ ਕੁਮਾਰ ਸ਼ਰਮਾ ਵੱਲੋਂ ਸੂਚਿਤ ਕੀਤੇ ਜਾਣ ਤੋਂ ਬਾਅਦ ਪੀ.ਐਮ.ਆਈ.ਡੀ.ਸੀ (ਪੰਜਾਬ ਮਿਉਂਸਪਲ ਇਨਫਰਾ ਸਟਰਕਚਰ ਡਿਵੈਲਪਮੈਂਟ ਕੰਪਨੀ) ਦੇ ਇੰਚਾਰਜ ਪੂਰਨ ਸਿੰਘ ਦੀ ਅਗਵਾਈ ਹੇਠ ਸਵੱਛਤਾ ਮਿਸ਼ਨ ਦੀ ਇੱਕ ਟੀਮ ਨੇ ਸ਼ਹਿਰ ਵਿੱਚ ਠੋਸ ਕੂੜਾ ਪ੍ਰਬੰਧਨ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੱਖ ਵੱਖ ਥਾਈਂ ਦੌਰਾ ਕੀਤਾ। ਆਪਣੀ ਟੀਮ ਵੱਲੋਂ ਕੇਂਦਰਿਤ ਕੀਤੀਆਂ ਖਾਮੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਪੂਰਨ ਸਿੰਘ ਨੇ ਕਾਰਜ ਸਾਧਕ ਅਫਸਰ ਅਮਨਦੀਪ ਸਿੰਘ ਨੂੰ ਲੋੜੀਂਦੇ ਕਦਮ ਚੁੱਕਣ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਹਾਲਤ ਵਿੱਚ ਇਸ ਮੰਤਵ ਲਈ ਆਏ ਫੰਡਾਂ ਦੀ ਦੁਵਰਤੋਂ ਨਾ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸਹੂਲਤਾਂ ਦੀ ਵਰਤੋਂ ਇੱਥੋਂ ਦੇ ਵਸਨੀਕਾਂ ਨੂੰ ਸਵੱਛ ਅਤੇ ਸਾਫ਼-ਸੁਥਰਾ ਵਾਤਾਵਰਨ ਪ੍ਰਦਾਨ ਕਰਨ ਲਈ ਕੀਤੀ ਜਾਵੇ।

Advertisement

Advertisement
Author Image

sukhwinder singh

View all posts

Advertisement
Advertisement
×