Ahmedabad Plane Crash Updates: ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਫਿਲਮ ਨਿਰਮਾਤਾ ਲਾਪਤਾ
ਅਹਿਮਦਾਬਾਦ, 16 ਜੂਨ
Ahmedabad Plane Crash Updates: ਬੀਤੇ ਹਫ਼ਤੇ ਵਾਪਰੇ ਏਅਰ ਇੰਡੀਆ ਜਹਾਜ਼ ਹਾਦਸੇ ਤੋਂ ਬਾਅਦ ਇੱਕ ਫਿਲਮ ਨਿਰਮਾਤਾ ਮਹੇਸ਼ ਕਾਲਾਵਡੀਆ ਲਾਪਤਾ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਉਸ ਦੇ ਮੋਬਾਈਲ ਫੋਨ ਦੀ ਆਖਰੀ ਲੋਕੇਸ਼ਨ ਹਾਦਸੇ ਵਾਲੀ ਥਾਂ ਤੋਂ ਸਿਰਫ਼ 700 ਮੀਟਰ ਦੂਰ ਦਿਖਾਈ ਦਿੱਤੀ ਹੈ। ਨਰੋਦਾ ਵਾਸੀ ਮਹੇਸ਼ ਕਾਲਾਵਡੀਆ, ਜਿਸ ਨੂੰ ਮਹੇਸ਼ ਜਿਰਾਵਾਲਾ ਵਜੋਂ ਵੀ ਜਾਣਿਆ ਜਾਂਦਾ ਹੈ, ਸੰਗੀਤ ਐਲਬਮ ਦਾ ਨਿਰਦੇਸ਼ਨ ਕਰਦਾ ਹੈ। ਉਸ ਦੀ ਪਤਨੀ ਹੇਤਲ ਨੇ ਦੱਸਿਆ ਕਿ ਉਹ ਦੁਪਹਿਰ ਲਾਅ ਗਾਰਡਨ ਖੇਤਰ ਵਿੱਚ ਕਿਸੇ ਨੂੰ ਮਿਲਣ ਗਿਆ ਸੀ।
ਉਨ੍ਹਾਂ ਕਿਹਾ, ‘‘ਮੇਰੇ ਪਤੀ ਨੇ ਮੈਨੂੰ ਦੁਪਹਿਰ 1:14 ਵਜੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਮੀਟਿੰਗ ਖਤਮ ਹੋ ਗਈ ਹੈ ਅਤੇ ਉਹ ਘਰ ਆ ਰਹੇ ਹਨ। ਹਾਲਾਂਕਿ ਜਦੋਂ ਉਹ ਵਾਪਸ ਨਹੀਂ ਪਰਤੇ, ਤਾਂ ਮੈਂ ਉਨ੍ਹਾਂ ਦੇ ਫੋਨ ’ਤੇ ਕਾਲ ਕੀਤੀ ਪਰ ਉਹ ਬੰਦ ਸੀ। ਪੁਲੀਸ ਨੂੰ ਸੂਚਿਤ ਕਰਨ ਤੋਂ ਬਾਅਦ, ਉਨ੍ਹਾਂ ਦੇ ਮੋਬਾਈਲ ਫੋਨ ਦੀ ਆਖਰੀ ਲੋਕੇਸ਼ਨ ਹਾਦਸੇ ਵਾਲੀ ਥਾਂ ਤੋਂ 700 ਮੀਟਰ ਦੂਰ ਦਿਖਾਈ ਦਿੱਤੀ।’’
ਪਰਿਵਾਰ ਨੇ ਉਸ ਦੇ ਲਾਪਤਾ ਹੋਣ ਤੋਂ ਬਾਅਦ ਡੀਐੱਨਏ ਦੇ ਨਮੂਨੇ ਦਿੱਤੇ ਹਨ। ਕਿਉਂਕਿ ਕਈ ਲਾਸ਼ਾਂ ਸੜਨ ਕਾਰਨ ਪਛਾਣ ਤੋਂ ਬਾਹਰ ਸਨ ਜਾਂ ਕਿਸੇ ਹੋਰ ਤਰੀਕੇ ਨਾਲ ਨੁਕਸਾਨੀਆਂ ਗਈਆਂ ਸੀ। ਅਧਿਕਾਰੀ ਭਿਆਨਕ ਤਰਾਸਦੀ ਦੇ ਪੀੜਤਾਂ ਦੀ ਪਛਾਣ ਕਰਨ ਲਈ ਡੀਐੱਨਏ ਟੈਸਟ ਕਰ ਰਹੇ ਹਨ। ਇੱਥੇ ਅਧਿਕਾਰੀਆਂ ਨੇ ਐਤਵਾਰ ਨੂੰ ਡੀਐੱਨਏ ਮੈਚਿੰਗ ਰਾਹੀਂ 47 ਪੀੜਤਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ