ਅਹਿਮਦ ਸਲੀਮ: ਪੰਜ ਨਦੀਆਂ ਦੀ ਧਰਤ ਦਾ ਲੱਜਪਾਲ
ਹਰਭਜਨ ਸਿੰਘ ਹੁੰਦਲ
ਅਹਿਮਦ ਸਲੀਮ ਲਹਿੰਦੇ ਪੰਜਾਬ ਦੀ ਪ੍ਰਗਤੀਸ਼ੀਲ ਜੁਝਾਰਵਾਦੀ ਕਵਿਤਾ ਵਿੱਚ ਕਈ ਪੱਖਾਂ ਤੋਂ ਵਿਸ਼ੇਸ਼ ਮਹੱਤਤਾ ਦਾ ਮਾਲਕ ਹੈ। ਉਸਤਾਦ ਦਾਮਨ, ਹਬੀਬ ਜਾਲਬਿ ਦੀ ਤੋਰੀ ਤੇ ਵਿਕਸਿਤ ਕੀਤੀ ਲੋਕ-ਪੱਖੀ ਸ਼ਾਇਰੀ ਵਿੱਚ ਉਸ ਨੇ ਵੱਖਰਾ ਬੌਧਿਕ ਰੰਗ ਭਰਿਆ ਹੈ। ਤਾਨਾਸ਼ਾਹੀ ਫ਼ੌਜੀ ਰਾਜ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਉਸ ਨੇ ਨਿਰਭੈ ਹੋ ਕੇ ਕਾਵਿ-ਰਚਨਾ ਕੀਤੀ ਹੈ ਅਤੇ ਲੋਕ-ਵਿਰੋਧੀ ਧਾਰਮਿਕ ਕੱਟੜਤਾ ਪ੍ਰਤੀ ਵੀ ਉਹ ਚੁੱਪ ਨਹੀਂ ਰਿਹਾ।
ਅਹਿਮਦ ਸਲੀਮ ਦੀ ਕਾਵਿ-ਸੋਝੀ ਦਾ ਘੇਰਾ ਬਹੁਤ ਵਿਸ਼ਾਲ ਹੈ। ਵਿਸ਼ਵ ਭਰ ਦੀਆਂ ਲੋਕ-ਹਿਤੂ ਸ਼ਕਤੀਆਂ ਬਾਰੇ ਉਸ ਨੂੰ ਪੂਰਾ ਪਤਾ ਹੁੰਦਾ ਹੈ ਤੇ ਇੰਝ ਵੀ ਸੰਸਾਰ ਅਮਨ ਅਤੇ ਮਨੁੱਖੀ ਸੁਤੰਤਰਤਾ ਵਿਰੁੱਧ ਸਾਮਰਾਜੀ ਧਿਰਾਂ, ਸਰਕਾਰਾਂ ਤੇ ਦੇਸ਼ ਉਸ ਦੀ ਕਾਵਿ ਦ੍ਰਿਸ਼ਟੀ ਤੋਂ ਓਹਲੇ ਨਹੀਂ ਰਹਿ ਸਕਦੇ। ਸੰਸਾਰ ਦੀ ਹਰ ਗੁੱਠ ਵਿੱਚ ਮਨੁੱਖੀ ਆਜ਼ਾਦੀ ਲਈ ਜੂਝਦੇ ਤੇ ਕੁਰਬਾਨ ਹੁੰਦੇ ਚਿੰਤਕਾਂ, ਕਲਾਕਾਰਾਂ ਤੇ ਲੇਖਕਾਂ ਬਾਰੇ ਉਸ ਨੇ ਬੜੀਆਂ ਨਰੋਈਆਂ ਤੇ ਸੁਜਿੰਦ ਕਾਵਿ ਰਚਨਾਵਾਂ ਲਿਖੀਆਂ ਹਨ। ਉਸ ਲਈ ਜੂਲੀਅਸ ਫਿਊਚਕ, ਲੈਨਿਨ, ਗੁਰੂ ਨਾਨਕ, ਸ਼ਹੀਦ ਭਗਤ ਸਿੰਘ, ਅੰਮ੍ਰਿਤਾ ਸ਼ੇਰਗਿੱਲ, ਬਲਰਾਜ ਸਾਹਨੀ, ਸੁਖਬੀਰ, ਮਿਰਜ਼ਾ ਗਾਲਬਿ, ਹੋ ਚੀ ਮਿੰਨ੍ਹ, ਹੀਰ ਸਲੇਟੀ, ਸੋਹਣੀ ਮਹੀਂਵਾਲ, ਘਰ ਦੇ ਜੀਅ ਪ੍ਰਤੀਤ ਹੁੰਦੇ ਹਨ। ਉਨ੍ਹਾਂ ਨਾਲ ਕਾਵਿ ਗੁਫ਼ਤਗੂ ਕਰਦਾ ਉਹ ਮਿੱਤਰਾਂ-ਪਿਆਰਿਆਂ ਵਾਂਗ ਗੱਲਾਂ ਕਰਦਾ ਹੈ। ਉਸ ਲਈ ਰੈੱਡ ਕਲਿੱਫ ਰੇਖਾ ਮਹਿਜ਼ ਇੱਕ ਭੁਲੇਖਾ ਪਾਊ ਭੂਗੋਲਿਕ ਲਕੀਰ ਹੈ ਜੋ ਪੰਜਾਬੀ ਜ਼ੁਬਾਨ, ਸਾਂਝੇ ਪੰਜਾਬੀ ਸੱਭਿਆਚਾਰ ਤੇ ਇਤਿਹਾਸ ਨੂੰ ਪਾੜਨ ਅਤੇ ਲੱਖਾਂ ਪੰਜਾਬੀਆਂ ਨੂੰ ਉਜਾੜਨ ਤੇ ਆਪੋ ਵਿੱਚ ਲੜਾਉਣ ਦੀ ਸਾਜ਼ਿਸ਼ ਤਹਿਤ ਖਿੱਚੀ ਗਈ ਸੀ।
ਦੇਸ਼ਵੰਡ ਅਥਵਾ ਸੰਨ ਸੰਤਾਲੀ ਦੇ ਭਿਅੰਕਰ ਦੁਖਾਂਤ ਦਾ ਫੱਟ ਏਨਾ ਡੂੰਘਾ ਸੀ ਜੋ ਸੱਠ ਸਾਲ ਬੀਤ ਜਾਣ ’ਤੇ ਵੀ ਠੀਕ ਹੁੰਦਾ ਨਜ਼ਰ ਨਹੀਂ ਆਉਂਦਾ। ਪੰਜਾਬੀਆਂ ਦੀਆਂ ਤਿੰਨ ਪੀੜ੍ਹੀਆਂ ਇਨ੍ਹਾਂ ਜ਼ਖ਼ਮਾਂ ਦੀ ਪੀੜ ਝੱਲਦੀਆਂ, ਵਿਰਲਾਪ ਕਰਦੀਆਂ ਤੁਰ ਗਈਆਂ ਹਨ, ਪਰ ਇਹ ਦਰਦ ਮਿਟ-ਮੁੱਕ ਨਹੀਂ ਰਿਹਾ। ਹਰ ਪੀੜ੍ਹੀ ਨੇ ਇਸ ਦੀ ਵੇਦਨਾ ਨੂੰ ਲਿਖ ਕੇ ਆਪਣੇ-ਆਪਣੇ ਮਨਾਂ ਨੂੰ ਹੌਲਾ ਕਰਨ ਦੀ ਕੋਸ਼ਿਸ਼ ਕਰਨੀ ਹੈ।
ਮੁੜ ਧਰਤੀ ਰੋ ਰੋ ਆਖਦੀ
ਤੁਸਾਂ ਸੱਭੇ ਮੇਰੇ ਲਾਲ
ਕਿਉਂ ਲਹੂ ਦੀਆਂ ਸਾਂਝਾਂ ਤੋੜ ਕੇ
ਲਾਈਆਂ ਜੇ ਗ਼ੈਰਾਂ ਨਾਲ।
ਮੂੰਹ ਮੋੜ ਖੜਾ ਮਹੀਵਾਲ ਵੇ
ਲਈ ਮਿਰਜ਼ੇ ਖਿੱਚ ਕਮਾਨ
ਇਕ ਪਾਸੇ ਵਰਕੇ ਗ੍ਰੰਥ ਦੇ
ਇਕ ਪਾਸੇ ਪਾਕ-ਕੁਰਾਨ।
(ਕੰਧ, ਤਨ ਤੰਬੂਰ)
ਦੇਸ਼ ਦੀ ਇਸ ਘਿਨੌਣੀ ਵੰਡ ਕਾਰਨ ਸੰਤਾਲੀ ਮਗਰੋਂ ਦੋਵਾਂ ਦੇਸ਼ਾਂ ਵਿਚਕਾਰ ਹੋਈਆਂ ਜੰਗਾਂ ਨੇ ਆਪਸੀ ਸਾਂਝ ਤੇ ਮਿਲਵਰਤਣ ਦੇ ਸਾਰੇ ਰਾਹ ਕਈ ਸਾਲਾਂ ਤੱਕ ਬੰਦ ਕਰੀ ਰੱਖੇ। ਬੇਵਿਸਾਹੀ ਸਦਕਾ ਨਫ਼ਰਤ ਦੀ ਇੱਕ ਹੋਰ ਕੰਧ ਉਸਾਰ ਦਿੱਤੀ ਗਈ। ਸਿੱਟੇ ਵਜੋਂ ਦੋਵਾਂ ਦੇਸ਼ਾਂ ਦੇ ਲੇਖਕਾਂ ਤੇ ਕਲਾਕਾਰਾਂ ਦੇ ਆਪਸੀ ਮੇਲ-ਮਿਲਾਪ ਦੇ ਮੌਕੇ ਖ਼ਤਮ ਹੋ ਗਏ। ਕੁਝ ਸਮੇਂ ਬਾਅਦ ਧਰਮ ਅਸਥਾਨਾਂ ਦੀ ਯਾਤਰਾ ਬਹਾਨੇ ਕੋਈ ਵਿਰਲਾ ਟਾਵਾਂ ਪੰਜਾਬੀ ਲੇਖਕ ਲਹਿੰਦੇ ਪੰਜਾਬ ਵਿੱਚ ਜਾਣ ਲੱਗਾ ਤੇ ਅਜਿਹੇ ਲੇਖਕਾਂ ਦੇ ਹੱਥ ਟਾਵੀਂ-ਟਾਵੀਂ ਕੋਈ ਸ਼ਾਹਮੁਖੀ ਵਿੱਚ ਛਪੀ ਪੰਜਾਬੀ ਕਿਤਾਬ ਇਧਰ ਆਉਣ ਲੱਗੀ।
ਇਉਂ ਹੀ ਜਦੋਂ ਮੈਂ ਮਈ 1969 ਵਿੱਚ ਲਾਹੌਰ ਗਿਆ ਤਾਂ ਅਹਿਮਦ ਸਲੀਮ ਨਾਲ ਪਹਿਲੀ ਛਿਣ-ਭੰਗਰੀ ਮੁਲਾਕਾਤ ਹੋਈ। ਉਸ ਨੇ ਕਿਸੇ ਪੰਜਾਬੀ ਪੱਤ੍ਰਿਕਾ ਵਿੱਚ ‘ਆਰਸੀ’ ਮਾਸਕ ਪੱਤਰ ਦੀਆਂ ਪੁਰਾਣੀਆਂ ਫਾਈਲਾਂ ਦੀ ਮੰਗ ਕੀਤੀ ਸੀ। ਮੇਰੇ ਕੋਲ ਇਹ ਸਾਰੇ ਅੰਕ ਪਏ ਸਨ। ਜਦੋਂ ਮੈਂ ਸ਼ਾਮ ਨੂੰ ਇਹ ਪਰਚੇ ਗੁਰਦੁਆਰਾ ਡੇਰਾ ਸਾਹਿਬ ਦੇ ਅਹਾਤੇ ਵਿੱਚ ਅਹਿਮਦ ਸਲੀਮ ਨੂੰ ਦੇਣ ਲੱਗਾ ਤਾਂ ਇੱਕ ਸਰਕਾਰੀ ਕਰਮਚਾਰੀ ਨੇ ਸਾਨੂੰ ਦੋਵਾਂ ਨੂੰ ਘੇਰ ਲਿਆ। ਮੇਰੀ ਤਾਂ ਛੇਤੀ ਹੀ ਖਲਾਸੀ ਹੋ ਗਈ, ਪਰ ਸਲੀਮ ਨੂੰ ਉਸ ਨੇ ਦਫ਼ਤਰ ਵਿੱਚ ਪੁੱਛਗਿੱਛ ਲਈ ਬਿਠਾ ਲਿਆ। ਮੈਨੂੰ ਇਸ ਦੀ ਫ਼ਿਕਰ ਲੱਗੀ ਰਹੀ।
ਦੂਸਰੀ ਵਾਰ 2008 ਵਿੱਚ ਉਸ ਨਾਲ ਲਲਿਆਣੀ ਖੋਜਗੜ੍ਹ ਦੇ ਬਾਬਾ ਫ਼ਰੀਦ ਸਮਾਗਮ ਵਿੱਚ ਪੂਰੇ 35 ਸਾਲਾਂ ਬਾਅਦ ਮੁਲਾਕਾਤ ਹੋਈ। ਇਨ੍ਹਾਂ ਬੀਤੇ ਪੰਜ ਦਹਾਕਿਆਂ ਵਿੱਚ ਅਸੀਂ ਇੱਕ ਦੂਜੇ ਨੂੰ ਮਿਲੇ ਨਹੀਂ ਸੀ, ਪਰ ਉਸ ਦੀਆਂ ਕਵਿਤਾਵਾਂ ਇਧਰਲੇ ਪਾਸੇ ਅਕਸਰ ਪੜ੍ਹਨ ਨੂੰ ਮਿਲਦੀਆਂ ਸਨ ਅਤੇ ਅਸੀਂ ਇੱਕ ਦੂਸਰੇ ਦੀਆਂ ਸਾਹਿਤਕ ਸਰਗਰਮੀਆਂ ਤੋਂ ਭਲੀ-ਭਾਂਤ ਜਾਣੂੰ ਹੋ ਚੁੱਕੇ ਸੀ।
ਅਹਿਮਦ ਸਲੀਮ ਦਾ ਜਨਮ 26 ਜਨਵਰੀ 1945 ਨੂੰ ਮਿਆਣਾ ਗੋਂਦਲ, ਤਹਿਸੀਲ ਫਲੀਆਂ, ਜ਼ਿਲ੍ਹਾ ਗੁਜਰਾਤ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਖੁਆਜਾ ਮੁਹੰਮਦ ਸ਼ਰੀਫ਼ ਤੇ ਮਾਤਾ ਦਾ ਨਾਂ ਜ਼ੁਬੈਦਾ ਬੇਗਮ ਸੀ। ਅਹਿਮਦ ਸਲੀਮ ਨੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਤੇ ਮੈਟ੍ਰਿਕ ਕਰਨ ਲਈ ਆਪਣੀ ਭੂਆ ਕੋਲ ਪਿਸ਼ਾਵਰ ਚਲਾ ਗਿਆ। ਉਸ ਨੇ ਮੈਟ੍ਰਿਕ 1962 ਵਿੱਚ, ਐਫ.ਏ. 1966 ਵਿੱਚ ਕਰਾਚੀ ਤੋਂ, ਬੀ.ਏ. 1977 ਅਤੇ ਐਮ.ਏ. 1981 ਵਿੱਚ ਪਾਸ ਕੀਤੀ। ਉਸ ਦੀ ਵਿਦਿਆ ਦਾ ਸਫ਼ਰ ਟੁੱਟਵਾਂ ਜਿਹਾ ਹੈ ਕਿਉਂਕਿ ਉਸ ਨੇ ਆਪਣੀ ਪੜ੍ਹਾਈ ਭਟਕਦੇ ਹੋਇਆਂ ਪੂਰੀ ਕੀਤੀ। ਕਾਲਜ ਵਿੱਚ ਵਿਦਿਆਰਥੀ ਜੀਵਨ ਤੋਂ ਹੀ ਉਹ ਕਮਿਊਨਿਸਟ ਲਹਿਰ ਦੇ ਪ੍ਰਭਾਵ ਹੇਠ ਆ ਗਿਆ ਤੇ ਫਿਰ ਹਜ਼ਾਰ ਮੁਸੀਬਤਾਂ ਦੇ ਬਾਵਜੂਦ ਇਸੇ ਮਾਰਗ ’ਤੇ ਤੁਰੀ ਗਿਆ। ਉਸ ਦੀ ਵਡਿਆਈ ਵੀ ਇਸੇ ਵਿੱਚ ਹੈ ਕਿ ਪਾਕਿਸਤਾਨ ਦੀ ਸਿਆਸੀ ਹਾਲਤ ਵਿਪਰੀਤ ਹੋਣ ਦੇ ਬਾਵਜੂਦ ਉਸ ਨੇ ਆਪਣੇ ਵਿਚਾਰਾਂ ਨੂੰ ਤਿਆਗਿਆ ਨਹੀਂ। ਉਸ ਦਾ ਸੰਪਰਕ ਪਹਿਲਾਂ ਨੈਸ਼ਨਲ ਅਵਾਮੀ ਪਾਰਟੀ ਨਾਲ ਸੀ ਤੇ ਬਾਅਦ ਵਿੱਚ ਪੰਜਾਬ ਦੀ ਕਿਸਾਨ ਮਜ਼ਦੂਰ ਪਾਰਟੀ ਨਾਲ।
ਅਹਿਮਦ ਸਲੀਮ ਮੁੱਖ ਤੌਰ ’ਤੇ ਕਵੀ ਵਜੋਂ ਪ੍ਰਸਿੱਧ ਹੋਇਆ ਅਤੇ ਉਹ ਦੋ ਤਿੰਨ ਦਹਾਕੇ ਭਾਰਤੀ ਪੰਜਾਬੀ ਰਸਾਲਿਆਂ ਵਿੱਚ ਛਪ ਕੇ ਵਧੇਰੇ ਪ੍ਰਸਿੱਧ ਹੋਇਆ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ‘ਨੂਰ-ਮੁਨਾਰੇ’ ਸੀ ਜੋ 1956 ਵਿੱਚ ਛਪਿਆ। ਇਸ ਪਿੱਛੋਂ ਉਸ ਦੀ ਸੰਪਾਦਨਾ ਹੇਠ ‘ਚੌਮੁਖੀਆ ਦੀਵਾ’ ਕਾਵਿ ਸੰਗ੍ਰਹਿ ਛਪਿਆ ਜਿਸ ਵਿੱਚ ਦੋਹਾਂ ਪੰਜਾਬਾਂ ਦੇ ਚਾਰ ਕਵੀ, ਅਰਥਾਤ ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਅਹਿਮਦ ਰਾਹੀ ਤੇ ਅਹਿਮਦ ਜ਼ਫ਼ਰ ਦੀਆਂ ਨਜ਼ਮਾਂ ਸ਼ਾਮਲ ਸਨ। ਪਿੱਛੋਂ ਜਾ ਕੇ ਉਸ ਨੇ ‘ਲੋਕ ਵਾਰਾਂ’ ਕਾਵਿ ਸੰਗ੍ਰਹਿ ਸੰਪਾਦਿਤ ਕੀਤਾ ਜੋ ਭਾਰਤ ਵਿੱਚ ਹੀ ਛਪਿਆ। ਉਸ ਦੀ ਚੋਣਵੀਂ ਪੰਜਾਬੀ ਕਵਿਤਾ ਉਸ ਦੇ ਭਾਰਤੀ ਮਿੱਤਰ ਲੇਖਕਾਂ ਜੋਗਿੰਦਰ ਸ਼ਮਸ਼ੇਰ ਅਤੇ ਸੰਤੋਖ ਸਿੰਘ ਸੰਤੋਖ ਦੇ ਉੱਦਮ ਤੇ ਸਹਾਇਤਾ ਨਾਲ ‘ਤਨ-ਤੰਬੂਰ’ ਨਾਂ ਹੇਠ ਆਰਸੀ ਪਬਲਿਸ਼ਰਜ਼ ਦਿੱਲੀ ਵੱਲੋਂ 1974 ਵਿੱਚ ਗੁਰਮੁਖੀ ਅੱਖਰਾਂ ਵਿੱਚ ਛਪੀ। ਇਸ ਤੋਂ ਬਿਨਾਂ ਉਸ ਦਾ ਕਾਵਿ-ਸੰਗ੍ਰਹਿ ਸ਼ਾਹਮੁਖੀ ਵਿੱਚ ‘ਕੂੰਜਾਂ ਮੋਈਆਂ’ 1989 ਵਿੱਚ ਤੇ ‘ਘੜੀ ਦੀ ਟਿੱਕ-ਟਿੱਕ’ 1993 ਵਿੱਚ ਪ੍ਰਕਾਸ਼ਿਤ ਹੋਏ। ਉਸ ਦੇ ਦੋ ਕਾਵਿ ਸੰਗ੍ਰਹਿ ‘ਮੇਰੀਆਂ ਨਜ਼ਮਾਂ ਮੋੜ ਦੇ’ ਤੇ ‘ਇੱਕ ਉਧੜੀ ਕਿਤਾਬ ਦੇ ਬੇਤਰਤੀਬੇ ਵਰਕੇ’ ਇਕੱਠੇ ਹੀ 2005 ਵਿੱਚ ਲਾਹੌਰ ਤੋਂ ਛਪੇ। ਉਸ ਨੇ ਦੇਸ਼ ਦੀ ਵੰਡ ਬਾਰੇ ਇਤਿਹਾਸਕ ਖੋਜ ਨਾਲ ਸਬੰਧਿਤ ਦੋ ਪੁਸਤਕਾਂ ਵੀ ਛਾਪੀਆਂ ਤੇ ਇੱਕ ਨਾਵਲ ‘ਤਿਤਲੀਆਂ ਤੇ ਟੈਂਕ’ ਵੀ ਸਾਡੇ ਪਾਸੇ ਵੱਲ ਛਪਿਆ ਹੈ। ਉਸ ਦੀਆਂ ਕਵਿਤਾਵਾਂ ਦੇ ਸੰਗ੍ਰਹਿਆਂ ਦੇ ਦੇਰ ਬਾਅਦ ਛਪਣ ਦਾ ਵੱਡਾ ਕਾਰਨ ਇਹ ਪ੍ਰਤੀਤ ਹੁੰਦਾ ਹੈ ਕਿ ਕਵਿਤਾ ਉਸ ਦਾ ਪਹਿਲਾ ਸ਼ੌਕ ਨਹੀਂ ਰਹੀ। ਉਸ ਨੇ ਉਮਰ ਦੇ ਇਸ ਪੜਾਅ ’ਤੇ ਸ਼ਾਇਦ ਇਤਿਹਾਸਕ ਖੋਜ ਨੂੰ ਆਪਣਾ ਮੁੱਖ ਕਿੱਤਾ ਬਣਾ ਲਿਆ।
1971 ਵਿੱਚ ਬੰਗਲਾਦੇਸ਼ ਵਿਚਲੀ ਕੌਮੀ ਬਗ਼ਾਵਤ ਸਮੇਂ ਜਦੋਂ ਪੱਛਮੀ ਪਾਕਿਸਤਾਨ ਦੀਆਂ ਫ਼ੌਜਾਂ ਨੇ ਫ਼ੌਜੀ ਤਾਨਾਸ਼ਾਹਾਂ ਦੇ ਹੁਕਮਾਂ ਨਾਲ ਬੰਗਾਲੀਆਂ ’ਤੇ ਅਥਾਹ ਜ਼ੁਲਮ ਢਾਹੇ ਤਾਂ ਪਾਕਿਸਤਾਨੀ ਪੰਜਾਬ ਵਿਚਲਾ ਅਹਿਮਦ ਸਲੀਮ ਇੱਕੋ-ਇੱਕ ਕਵੀ ਸੀ ਜਿਸ ਨੇ ਬੰਗਾਲੀਆਂ ਦੀ ਕੌਮੀ ਮੁਕਤੀ ਲਹਿਰ ਦੇ ਹੱਕ ਵਿੱਚ ਕਵਿਤਾਵਾਂ ਲਿਖ ਕੇ ਖੁੱਲ੍ਹੀ ਹਮਾਇਤ ਕੀਤੀ। ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਨੂੰ ਜ਼ੁਰਮਾਨਾ ਕੀਤਾ ਗਿਆ ਤੇ ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ। ਇਨ੍ਹਾਂ ਘਟਨਾਵਾਂ ਨੇ ਅਹਿਮਦ ਸਲੀਮ ਦਾ ਬਿੰਬ ਆਜ਼ਾਦੀ ਤੇ ਇਨਸਾਫ਼ ਪ੍ਰੇਮੀਆਂ ਦੀਆਂ ਨਜ਼ਰਾਂ ਵਿੱਚ ਬਹੁਤ ਉੱਚਾ ਕਰ ਦਿੱਤਾ ਤੇ ਉਸ ਨੂੰ ਨਾਇਕ ਦਾ ਰੁਤਬਾ ਪ੍ਰਾਪਤ ਹੋਇਆ।
ਅਹਿਮਦ ਸਲੀਮ ਦੀ ਸਮੁੱਚੀ ਕਵਿਤਾ ਵਿੱਚ ਕੁਝ ਮੁੱਖ ਮੁੱਦੇ ਉੱਭਰਵੇਂ ਤੇ ਭਰਵੇਂ ਰੂਪ ਵਿੱਚ ਵਾਰ ਵਾਰ, ਨਵੇਂ ਰੰਗਾਂ ’ਚ ਪ੍ਰਗਟ ਹੋਏ ਹਨ। ਫ਼ੌਜੀ ਤਾਨਾਸ਼ਾਹੀ ਦਾ ਵਿਰੋਧ, ਮਨੁੱਖ ਦੀ ਮੁਕਤੀ ਦੀਆਂ ਲਹਿਰਾਂ ਤੇ ਸੰਘਰਸ਼, ਪਿਆਰ ਦਾ ਜਜ਼ਬਾ, ਭਾਰਤ-ਪਾਕਿ ਆਪਸੀ ਨੇੜਤਾ ਤੇ ਸਾਂਝੇ ਸੱਭਿਆਚਾਰ ਪ੍ਰਤੀ ਉਸ ਦੀ ਵਚਨਬੱਧਤਾ ਅਤੇ ਮੁੱਲਾਂ ਮੁਲਾਣਿਆਂ ਦੀ ਕੱਟੜਤਾ ਉਸ ਦੀ ਕਾਵਿ ਰਚਨਾ ਦੇ ਮੂਲ ਮੁੱਦੇ ਹਨ।
ਅਹਿਮਦ ਸਲੀਮ ਨੇ ਆਪਣੀ ਕਾਵਿ ਰਚਨਾ ਰਾਹੀਂ ਸਭ ਤੋਂ ਔਖੀ ਪ੍ਰੀਖਿਆ ਪਾਸ ਕਰ ਕੇ ਇਹ ਸਾਬਤ ਕਰ ਦਿੱਤਾ ਸੀ ਕਿ ਹਰ ਔਖੇ ਮੋੜ ਅਤੇ ਸੰਕਟ ਸਮੇਂ ਉਹ ਆਪਣੇ ਦੇਸ਼ ਦੇ ਜਨ ਸਮੂਹ ਦੇ ਡਟ ਕੇ ਨਾਲ ਖਲੋਤਾ ਹੈ। ਉਸ ਦੀ ਸਮੁੱਚੀ ਕਾਵਿ ਰਚਨਾ ਉਨ੍ਹਾਂ ਭਾਵਨਾਵਾਂ ਨਾਲ ਭਰਪੂਰ ਹੈ ਜੋ ਆਜ਼ਾਦੀ ਦੀ ਤੜਪ ਤੇ ਇਸ ਲਈ ਲਹੂ ਵੀਟਵੇਂ ਸੰਘਰਸ਼ ਨੂੰ ਪ੍ਰਗਟ ਕਰਦੀ ਹੈ।
ਗਲੀਆਂ ਵਿੱਚ ਇੱਜ਼ਤ ਨੂੰ ਖ਼ਤਰਾ ਹੈ
ਗਲੀਆਂ ਵਿੱਚ ਅਤਿ-ਗਰਦੀ ਏ
ਗਲੀਆਂ ਵਿੱਚ ਆਜ਼ਾਦੀ ਦੀ ਪਰੀ
ਨੰਗੇ, ਪਾਟੇ, ਫੱਟੜ ਪੈਰੀਂ
ਡਿੱਗ ਪੈਂਦੀ ਏ ਇੱਕ ਨਾਲੀ ਵਿੱਚ
ਗਲੀਆਂ ਵਿੱਚ ਸਕੈਂਡਲਾਂ ਦੀ ਬੂ ਏ
ਚੌਕ ਫਾਹੀ-ਘਰ ਬਣ ਗਿਆ ਏ
ਅੱਖਾਂ ’ਚੋਂ ਵਗਦਾ ਲਹੂ
ਰਸਤਾ ਬਣਾ ਰਿਹਾ ਏ।
(ਨਵਾਂ ਸਾਲ ਮੁਬਾਰਕ)
ਪਾਕਿਸਤਾਨੀ ਪੰਜਾਬ ਦੇ ਪ੍ਰਸਿੱਧ ਉਰਦੂ ਤੇ ਪੰਜਾਬੀ ਦੇ ਕਵੀ ਹਬੀਬ ਜਾਲਬਿ ਨੂੰ ਸ਼ਰਧਾਂਜਲੀ ਭੇਟ ਕਰਦਾ ਉਹ ਲਿਖਦਾ ਹੈ:
ਚੁੱਪ ਰਹਿਣਾ ਜੇ ਉਹਨੂੰ ਆਉਂਦਾ
ਕਦੀ ਨਾ ਸੰਗਲਾਂ ਦੇ ਗਲ ਲੱਗ ਕੇ ਸੌਂਦਾ
ਕਦੀ ਨਾ ਸਿਰ ਨੂੰ ਸੂਲੀ ਉੱਤੇ ਰੱਖ ਕੇ ਬੂਹੇ ਬੂਹੇ ਭੌਂਦਾ।
... ... ...
ਪੌਣਾਂ ਦੀ ਹਿੱਕ ਚੀਰ ਕੇ ਗੋਲੀ
ਕਿੰਨੇ ਸੋਹਲ ਸਿਰਾਂ ਤੋਂ ਪਾਰ ਗਈ ਏ।
ਸਾਨੂੰ ਜੀਣ ਦੀ ਸੱਧਰ ਮਾਰ ਗਈ ਏ।
ਇਹ ਸਾਰਾ ਜਬਰ ਵੰਨ-ਸੁਵੰਨੇ ਪ੍ਰਤੀਕਾਂ ਦਾ ਰੂਪ ਧਾਰ ਕੇ ਉਸ ਦੀ ਕਾਵਿ ਚੇਤਨਾ ਵਿੱਚ ਘੁਲ ਮਿਲ ਗਿਆ।
ਭੁਆਂਟਣੀ ਖਾ ਕੇ ਡਿੱਗ ਪੈਣ ਨਾਲੋਂ
ਚੰਗਾ ਏ ਟੁਰਦੇ ਜਾਣਾ
ਟੁਰਦੇ ਰਹਿਣਾ, ਯਾਰ ਦਿਆਂ ਰਾਹਾਂ ਉੱਤੇ
ਤੇ ਚੇਤੇ ਰੱਖਣਾ, ਉਨ੍ਹਾਂ ਸੱਭੇ ਲੋਕਾਂ ਨੂੰ
ਜਿਹੜੇ ਜਿਊਂਦੇ-ਜੀ ਸਾੜ ਦਿੱਤੇ ਗਏ
ਤੇ ਜਿਨ੍ਹਾਂ ਜ਼ਮੀਨ ਉੱਤੇ ਡਿੱਗੀ ਖ਼ਲਕਤ ਨੂੰ ਆਖਿਆ,
‘‘ਆਪਣੀਆਂ ਸਲੀਬਾਂ ਰੱਖ ਕੇ
ਚੁੱਕ ਲਓ ਹਥਿਆਰ।’’
(ਟੁਰਦੇ ਜਾਣਾ, ਮੇਰੀਆਂ ਨਜ਼ਮਾਂ ਮੋੜ ਦੇ)
ਦੇਸ਼ਵੰਡ ਅਹਿਮਦ ਸਲੀਮ ਦੀ ਕਵਿਤਾ ਦੇ ਮੁੱਢਲੇ ਪੜਾਅ ਵੇਲੇ ਪ੍ਰਮੁੱਖ ਮੁੱਦਾ ਸੀ। ਉਸ ਨੇ ਭਾਵੁਕ ਤੌਰ ’ਤੇ ਜਿਵੇਂ ਇਸ ਵੰਡ ਨੂੰ ਪ੍ਰਵਾਨ ਹੀ ਨਹੀਂ ਸੀ ਕੀਤਾ। ਸ਼ੁਰੂਆਤੀ ਦੌਰ ਵਿੱਚ ਉਸ ਦੀ ਹਰ ਨਵੀਂ ਕਵਿਤਾ ਪਹਿਲਾਂ ਏਧਰ ਛਪਦੀ ਸੀ ਤੇ ਪਾਰਲੇ ਪੰਜਾਬ ਵਿੱਚ ਮਗਰੋਂ।
ਇਧਰ ਮੇਰੇ ਹੱਥ ਵਿੱਚ
ਮੇਰੀ ਜ਼ਖ਼ਮੀ ਸੋਚ ਦੇ ਸੂਹੇ ਫੁੱਲ ਨੇ
ਨਾਲੇ ਸੱਧਰਾਂ ਦੇ ਰੇਸ਼ਮ ਦੀ ਸਾੜ੍ਹੀ
ਨਾਲੇ ਅੱਖਾਂ ਦੇ ਮੋਤੀ
ਇਹ ਮੈਂ ਆਪਣੀ ਰਾਣੀ ਭੈਣ ਨੂੰ ਕੀਕਣ ਘੱਲਾਂ
(ਕੰਧ ਤੇ ਕੰਧ, ਤਨ-ਤੰਬੂਰ)
ਕਦੋਂ ਵਿੱਥਾਂ ਨੂੰ ਇਸ਼ਕ ਦੀ ਸਾਰ ਹੁੰਦੀ?
ਕਿਸੇ ਕੰਧ ਨੂੰ ਹੁਸਨ ਦੀ ਪੀੜ ਕਿੱਥੇ?
ਪਾਟੀ ਚੁੰਨੀ ਦੇ ਵਾਂਗ ਹੈ ਦੁੱਖ ਸਾਡਾ,
ਇੱਕ ਲੀਰ ਕਿੱਥੇ, ਦੂਜੀ ਲੀਰ ਕਿੱਥੇ?
(ਅੰਮ੍ਰਿਤਾ ਪ੍ਰੀਤਮ ਨੂੰ)
ਦੋ ਕਦਮਾਂ ਦੀ ਵਿੱਥ ਨਾ ਨਾਪੀ ਜਾਵੇ
ਚਾਨਣ, ਧਰਮ ਦੇ ਪੈਰਾਂ ਵਿੱਚ ਇੱਕ ਚੁੰਨੀ ਲੀਰ-ਕਤੀਰਾਂ
ਰੇਸ਼ਮ ਦੀ ਵਿੱਕ ਤਾਰ ਵਿਲਕਦੀ
ਨਿੱਤ ਅੰਮ੍ਰਿਤਸਰ ਦੇ ਸੁਪਨੇ ਆਉਂਦੇ ਨੇ
ਨਿੱਤ ਆਪਣੇ ਚੰਨ ਨੂੰ ਚੁੰਮਣ ਦੀ ਸੱਧਰ
ਦਰਦ ਦਾ ਰੂਪ ਵਟਾਵੇ।
(ਮੇਰਾ ਚੰਨ ਕਿੱਥੇ ਹੈ?)
ਮਾਂ ਨੀ ਮਾਂ ਇਹ ਵੈਰੀ ਕੰਧਾਂ
ਦੱਸ ਨੀ ਕਦ ਕਦ ਢਹਿਸਣ
ਮਾਂ ਨੀ ਮਾਂ ਕਿਸ ਸ਼ੁੱਭ ਦਿਹਾੜੇ
ਵਿਛੜੇ ਰਲ ਕੇ ਬਹਿਸਣ।
(ਮਾਂ ਨੀ ਮਾਂ, ਤਨ-ਤੰਬੂਰ)
ਹੌਲੀ-ਹੌਲੀ ਅਹਿਮਦ ਸਲੀਮ ਦੀ ਕਵਿਤਾ ਦਾ ਇਹ ਭਾਵੁਕ ਦੌਰ ਅਤੇ ਜਜ਼ਬਾ ਠੰਢਾ ਪੈਂਦਾ ਗਿਆ ਤੇ ਦੇਸ਼ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਉਸ ਦਾ ਧਿਆਨ ਮੱਲਣ ਲੱਗੀਆਂ। ਆਪਸੀ ਸਾਂਝ ਦੀ ਤੀਬਰ ਤਾਂਘ ਕਾਰਨ ਹੀ ਇਧਰਲੇ ਪੰਜਾਬ ਵਿੱਚ ਉਸ ਦੀ ਕਵਿਤਾ ਨੂੰ ਆਪਣੀ ਹੀ ਸਾਹਿਤਕ ਪਰੰਪਰਾ ਦਾ ਸਜੀਵ ਅੰਗ ਸਮਝਿਆ ਜਾਂਦਾ ਰਿਹਾ ਹੈ।
ਭਾਰਤ ਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਨੂੰ ਵਿਗਾੜਨ ਤੇ ਹਥਿਆਰਾਂ ਦੀ ਦੌੜ ਪੈਦਾ ਕਰਨ ਪਿੱਛੇ ਸਾਮਰਾਜੀ ਅਮਰੀਕਾ ਦਾ ਵੱਡਾ ਹੱਥ ਰਿਹਾ ਹੈ। ਆਪਸੀ ਖਿੱਚੋਤਾਣ ਜਾਰੀ ਰਹਿਣ ਨਾਲ ਉਸ ਦੇ ਹਥਿਆਰ ਵਿਕਦੇ ਹਨ- ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਦੇ ਮੁਨਾਫ਼ੇ ਵਧਦੇ ਹਨ। ਇਨ੍ਹਾਂ ਲੋੜਾਂ ਤੇ ਸਵਾਰਥੀ ਹਿੱਤਾਂ ਕਾਰਨ ਪਾਕਿਸਤਾਨ ਵਿੱਚ ਹੋਏ (ਜਾਂ ਹੁੰਦੇ ਰਹਿਣੇ) ਸਾਰੇ ਫ਼ੌਜੀ ਰਾਜ ਪਲਟੇ ਅਮਰੀਕੀ ਹਾਕਮਾਂ ਦੀਆਂ ਲੋੜਾਂ ਕਾਰਨ ਹੀ ਹੁੰਦੇ ਰਹੇ ਹਨ। ਉੱਥੇ ਲੋਕਰਾਜੀ ਪ੍ਰਬੰਧ ਦੀਆਂ ਸਾਰਥਿਕ ਤੇ ਨਰੋਈਆਂ ਰਵਾਇਤਾਂ ਨੂੰ ਪ੍ਰਫੁੱਲਤ ਹੀ ਨਹੀਂ ਹੋਣ ਦਿੱਤਾ ਗਿਆ। ਇਸੇ ਕਾਰਨ ਅਵਾਮ ਦੇ ਹਿੱਤਾਂ ਨੂੰ ਪਰਨਾਏ ਹਰ ਲੋਕ-ਕਵੀ ਨੇ ਅਮਰੀਕੀ ਸਾਮਰਾਜੀ ਨੀਤੀਆਂ ਨੂੰ ਆਪਣੀ ਕਵਿਤਾ ਦਾ ਭਾਰੂ ਮੁੱਦਾ ਬਣਾਈ ਰੱਖਿਆ ਹੈ।
ਲਾਮ ਤੇ ਨਫ਼ਰਤ ਦੀ ਕਿਆਰੀ ਤਾਂ ਕੈਦੋ ਲਾਂਦਾ
ਕੁੱਖਾਂ ਸਾੜਨ ਦੀ ਭੱਠੀ ਤਾਂ ਖੇੜੇ ਤਾਂਦੇ
ਸੱਤ ਸਮੁੰਦਰੋਂ ਪਾਰੋਂ ਆ ਕੇ।
(ਤਨ-ਤੰਬੂਰ)
ਜਿਸ ਕਵਿਤਾ ਵਿੱਚ ਰਾਜਸੀ ਮੁੱਦੇ ਭਾਰੂ ਰਹਿਣ, ਉੱਥੇ ਸੁਹਜ ਸ਼ਾਸਤਰ ਦੇ ਅਸੂਲਾਂ ਦਾ ਅਕਸਰ ਹੀ ਉਲੰਘਣ ਹੁੰਦਾ ਰਹਿੰਦਾ ਹੈ। ਰਾਜਨੀਤਕ ਅਨੁਭਵਾਂ ਨੂੰ ਕਾਵਿਕ ਅਨੁਭਵ ਵਿੱਚ ਬਦਲਣ ਦੀ ਸਮੱਸਿਆ ਵਿਸ਼ਵ ਪੱਧਰ ’ਤੇ ਵੱਡੇ ਕਵੀਆਂ ਦੀ ਕਾਵਿ ਰਚਨਾ ਲਈ ਚੁਣੌਤੀ ਬਣੀ ਰਹੀ ਹੈ। ਅਹਿਮਦ ਸਲੀਮ ਮੁੱਖ ਤੌਰ ’ਤੇ ਰਾਜਸੀ/ਵਿਚਾਰਧਾਰਕ ਕਵੀ ਹੈ। ਹੌਲੀ-ਹੌਲੀ ਜੀਵਨ ਅਨੁਭਵ ਦੀ ਡੂੰਘਾਈ ਪ੍ਰਾਪਤ ਕਰਨ ਪਿੱਛੋਂ ਅਜਿਹੇ ਗੁੰਝਲਦਾਰ ਪ੍ਰਸ਼ਨਾਂ ਦਾ ਕੋਈ ਢੁੱਕਵਾਂ ਉੱਤਰ ਕਵੀ ਨੇ ਤਲਾਸ਼ ਕਰਨਾ ਹੁੰਦਾ ਹੈ। ਉਸ ਨੇ ਆਪਣੇ ਅੰਦਾਜ਼ ਦੀ ਵਿਲੱਖਣਤਾ ਦਰਸਾਉਣੀ ਹੁੰਦੀ ਹੈ। ਸਲੀਮ ਨੇ ਆਪਣੇ ਕਾਵਿ ਸ਼ਾਸਤਰ ਦਾ ਨਿਰਮਾਣ ਕਰਨ ਵੱਲ ਗੰਭੀਰਤਾ ਨਾਲ ਧਿਆਨ ਦਿੱਤਾ ਹੈ।
ਪੀਲੀ ਧੁੱਪ ਤੇ ਪੀਲੀ ਕਣਕ ਦੇ ਦਾਣੇ ਮੈਨੂੰ ਚੰਗੇ ਲੱਗਦੇ
ਸੂਹਾ ਜੋੜਾ ਮੇਰੇ ਪਿੰਡੇ ਉੱਤੇ ਫੱਬਦਾ
ਮੈਨੂੰ ਨੀਲ ਗਗਨ ਦਾ ਕਿੰਨਾ ਚਾਅ ਏ
ਕਿੰਨਾ ਚਾਅ ਏ ਮੈਨੂੰ ਪਿਆਰ ਦੇ ਸੱਜਰੇ ਤੇ ਸੂਹੇ ਫੁੱਲਾਂ ਦਾ
ਨੀਲਾ ਸਾਗਰ ਅਮਨ ਦੇ ਗੀਤ ਸੁਣਾਉਂਦਾ
ਸੂਹੇ ਸੂਰਜ ਦੀ ਪੀਲੀ ਧੁੱਪ
ਮੇਰੇ ਖੇਤਾਂ ਦੀ ਮੰਜੀ ’ਤੇ ਚਾਦਰ ਵਾਂਗ ਵਿਛੀ ਜਾਵੇ
ਚੰਨ ਦਾ ਪੀਲਾ ਚਾਨਣ ਮੈਨੂੰ ਕਿੰਨੀ ਨਿੱਘੀ ਜੱਫੀ ਪਾਂਦਾ
ਤੇ ਚਾਹ ਦੀ ਨੀਲੀ ਪਿਆਲੀ ਜਿਉਂ ਸੱਜਣ ਬੇਲੀ।
ਨੀਲੇ ਪੀਲੇ ਤੇ ਸੂਹੇ ਰੰਗਾਂ ਦੀ ਮੇਰੀ ਚੁੰਨੀ।
(ਤਨ-ਤੰਬੂਰ)
ਭਾਰਤ ਦੀ ਵੰਡ ਵੇਲੇ ਇੱਕ ਤੋਂ ਤਿੰਨ ਦੇਸ਼ ਬਣਾਉਣ ਦੀ ਸਾਜ਼ਿਸ਼ ਸਾਮਰਾਜ ਤੇ ਫ਼ਿਰਕੂ ਆਗੂਆਂ ਦੀ ਸਾਂਝ-ਭਿਆਲੀ ਦਾ ਹੀ ਸਿੱਟਾ ਸੀ। ਹੌਲੀ-ਹੌਲੀ ਪੂਰਬੀ ਪਾਕਿਸਤਾਨ, ਪੱਛਮੀ ਪਾਕਿਸਤਾਨ ਦੀ ਇੱਕ ਬਸਤੀ ਬਣ ਕੇ ਰਹਿ ਗਿਆ ਸੀ। ਦੋਹਾਂ ਦੇਸ਼ਾਂ ਵਿੱਚ ਨਾ ਭੂਗੋਲ, ਨਾ ਇਤਿਹਾਸ, ਨਾ ਭਾਸ਼ਾ ਤੇ ਨਾ ਹੀ ਸੱਭਿਆਚਾਰ ਜਾਂ ਕੌਮੀਅਤ ਦੀ ਕੋਈ ਸਾਂਝ ਸੀ। ਜਦੋਂ 1971 ਵਿੱਚ ਪਾਕਿਸਤਾਨ ਦੀ ਫ਼ੌਜੀ ਜੁੰਡਲੀ ਨੇ ਬੰਗਲਾਦੇਸ਼ ਵਿੱਚ ਹੋਈਆਂ ਆਮ ਚੋਣਾਂ ਵਿੱਚ ਸ਼ੇਖ ਮੁਜੀਬੁਲ ਰਹਿਮਾਨ ਦੀ ਪਾਰਟੀ ਦੀ ਹੋਈ ਜਿੱਤ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਸਾਰੀ ਬੰਗਲਾ ਕੌਮ ਇਸ ਫ਼ੌਜੀ ਧੱਕੜਸ਼ਾਹੀ ਵਿਰੁੱਧ ਲੜਨ ਲਈ ਉੱਠ ਖੜ੍ਹੀ ਹੋਈ। ਲੋਕਾਂ ਉੱਤੇ ਫ਼ੌਜੀ ਹਾਕਮਾਂ ਨੇ ਅਕਹਿ ਤਸ਼ੱਦਦ ਕੀਤਾ ਤੇ ਲੋਕਾਂ ਨੂੰ ਟੈਂਕਾਂ ਹੇਠ ਦੇ ਕੇ ਕੁਚਲਿਆ। ਇਸ ਬਾਰੇ ਲਿਖੀਆਂ ਕਵਿਤਾਵਾਂ ਕਾਰਨ ਅਹਿਮਦ ਸਲੀਮ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਅਤੇ ਕਵਿਤਾ ਲਿਖਣ ਦੇ ਇਸ ‘ਗੁਨਾਹ’ ਬਦਲੇ ਕੋੜੇ ਮਾਰਨ ਦਾ ਹੁਕਮ ਦਿੱਤਾ ਗਿਆ। ਉਸ ਦੀ ਕਲਮ ਫ਼ਿਰਕੂ ਜਨੂਨ ਵਿਰੁੱਧ ਵੰਗਾਰ ਬਣ ਗਈ ਤੇ ਉਸ ਨੇ ਕੌਮੀ ਆਜ਼ਾਦੀ ਮੰਗਦੇ ਬੰਗਾਲੀ ਲੋਕਾਂ ਦੇ ਹੱਕਾਂ-ਹਿੱਤਾਂ ਲਈ ਆਵਾਜ਼ ਬੁਲੰਦ ਕੀਤੀ। ਇਸ ਇੱਕੋ ਪੈਂਤੜੇ ਤੇ ਕਾਵਿ-ਰਚਨਾ ਨੇ ਅਹਿਮਦ ਸਲੀਮ ਦੇ ਸਾਹਿਤਕ ਕੱਦ ਨੂੰ ਏਨਾ ਉੱਚਾ ਕਰ ਦਿੱਤਾ ਕਿ ਉਹ ਇੱਕ ਬੀਰ ਗਾਥਾ ਦਾ ਪ੍ਰਤੀਕ ਬਣ ਕੇ ਉਭਰਿਆ।
ਪੰਜਾਂ ਨੈਣਾਂ ਵਾਲੀ ਗੋਰੀ ਦੇ ਦੇਸ਼ ਤੋਂ
ਭੈੜੀਆਂ ਵਰਦੀਆਂ ਪਾਈ ਕੁਝ ਗੱਭਰੂ ਆਏ।
ਤੇ ਪਹਿਲੀ ਰਾਤੇ
ਸੜਕਾਂ ਉੱਤੇ ਬੂਟਾਂ ਦੀ ਖੜ ਖੜ ਨਾਲ
ਤੇਰੀ ਛਾਤੀ ਕੰਬੀ
ਦੂਜੀ ਰਾਤੇ ਗੋਲੀਆਂ ਦੀ ਵਾਛੜ ਨਾਲ
ਤੇਰੀ ਹਿੱਕ ਪਾਟ ਗਈ।
(ਸਦਾ ਜੀਵੇ ਬੰਗਲਾਦੇਸ਼, ਤਨ-ਤੰਬੂਰ)
ਕੱਫਣ ਸਿਰਾਂ ਤੇ ਬੰਨ੍ਹ ਕੇ, ਨਿਕਲੇ ਵਿੱਚ ਮੈਦਾਨ
ਲਹੂ ਡੋਲ੍ਹ ਕੇ ਰੱਖ ਲਿਆ, ਮਾਂ ਬੋਲੀ ਦਾ ਮਾਣ
ਬੰਦੀ ਖਾਨੇ ਜਾਗਦੇ, ਜਾਗਣ ਰਾਤਾਂ ਨਾਲ
ਰਾਹੀਂ ਤੱਕਣ ਗੋਰੀਆਂ, ਅੱਖੀਂ ਦੀਵੇ ਬਾਲ
ਤੁਰਿਆ ਅੱਗੇ ਕਾਫ਼ਲਾ, ਲਹੂ ਦੀਆਂ ਨਦੀਆਂ ਝਾਗ
ਕਾਲੇ ਹੱਥੀਂ ਅੱਜ ਵੀ, ਲੋਕ-ਰਾਜ ਦੀ ਵਾਗ।
ਸੂਰਜ ਦਾ ਫੁੱਲ ਟਹਿਕਿਆ, ਕਾਲੀ ਰਾਤ ਗਈ
ਜਾਗੀ ਸੁੱਤੀ ਲੋਕੜੀ, ਧਰਤੀ ਜਾਗ ਪਈ।
ਸ਼ਾਇਰ ਦੇਸ਼ ਪੰਜਾਬ ਦਾ, ਅਹਿਮਦ ਉਹਦਾ ਨਾਂ
ਹੱਸ-ਹੱਸ ਕੇ ਆਖਦਾ, ਹੋਸੀ ਅੱਜ ਨਿਆਂ।
(ਤਨ-ਤੰਬੂਰ)
ਮੁਕਤੀ ਲਈ ਜੂਝਦੇ ਅਵਾਮ ਦੇ ਹੱਕ ਵਿੱਚ ਏਨੀ ਜੁਰੱਅਤ ਨਾਲ ਖਲੋ ਕੇ ਫੈ਼ਜ਼, ਦਾਮਨ ਤੇ ਜਾਲਬਿ ਦੀ ਜਬਰ-ਵਿਰੋਧੀ ਕਵਿਤਾ ਦੀ ਰਵਾਇਤ ਨੂੰ ਜੀਵਿਤ ਰੱਖਣਾ ਤੇ ਅੱਗੇ ਤੋਰਨਾ ਵੱਡੇ ਮਾਣ ਵਾਲੀ ਗੱਲ ਸੀ। ਅਹਿਮਦ ਸਲੀਮ ਨੇ ਵਿਸ਼ਵ ਦੀ ਜਨਵਾਦੀ ਇਨਕਲਾਬੀ ਕਵਿਤਾ ਦੀ ਲਾਟ ਬਲਦੀ ਰੱਖ ਕੇ ਆਜ਼ਾਦੀਪਸੰਦ ਲੋਕਾਂ ਦਾ ਮਾਣ ਰੱਖਿਆ। ਕਿਸੇ ਵੀ ਅਵਾਮੀ ਕਵੀ ਦੇ ਜੀਵਨ ਵਿੱਚ ਅਜਿਹੇ ਇਤਿਹਾਸਕ ਮੋੜ ਕਦੇ-ਕਦੇ ਹੀ ਆਉਂਦੇ ਹਨ, ਜਦੋਂ ਉਸ ਲਈ ਇਮਤਿਹਾਨ ਦੀ ਘੜੀ ਆਉਂਦੀ ਹੈ। ਸਲੀਮ ਇਸ ਪ੍ਰੀਖਿਆ ਵਿੱਚ ਸੋਲ੍ਹਾਂ ਆਨੇ ਪੂਰਾ ਉਤਰਿਆ ਹੈ। ਜ਼ਿੰਦਾਬਾਦ!!
ਮੈਂ ਪੰਜਾਬੀ ਕਵਿਤਾ ਦੇ ਗੰਭੀਰ ਪਾਠਕਾਂ ਦਾ ਧਿਆਨ ਅਹਿਮਦ ਸਲੀਮ ਦੀ ਪ੍ਰਸਿੱਧ ਕਵਿਤਾ ‘ਮਿਆਣਾ ਗੋਂਦਲ ਦਾ ਢੋਲਾ’ ਵੱਲ ਦਿਵਾਉਣਾ ਚਾਹੁੰਦਾ ਹਾਂ। ਇਸ ਵਿੱਚ ਕਵੀ ਨੇ ਮਾਨਵਵਾਦੀ ਭਾਵਨਾ ਦੀਆਂ ਅਪਹੁੰਚ ਸਿਖਰਾਂ ਵਿਖਾਲ ਕੇ, ਸਾਡੇ ਲੋਕਾਂ ਸਾਹਮਣੇ ਅਨੇਕ ਭਾਂਤ ਦੇ ਗੰਭੀਰ ਸਵਾਲ ਪੇਸ਼ ਕਰ ਕੇ, ਸਾਨੂੰ ਭਾਈਚਾਰਕ, ਧਾਰਮਿਕ ਤੇ ਇਤਿਹਾਸਕ ਸਾਂਝ ਦੇ ਨਾਲ-ਨਾਲ ਸੱਭਿਆਚਾਰਕ ਸਾਂਝਾਂ ਨਾਲ ਜੁੜੀਆਂ ਬੜੀਆਂ ਡੂੰਘੀਆਂ ਪਰਤਾਂ ਨੂੰ ਪੇਸ਼ ਕੀਤਾ ਹੈ।
ਇਸ ਕਵਿਤਾ ਦੀਆਂ ਸਾਰੀਆਂ ਤਹਿਆਂ ਨੂੰ ਵਾਰ-ਵਾਰ ਫਰੋਲਣ ਤੇ ਅਨੁਭਵ ਕਰਨ ਲਈ ਕਵਿਤਾ ਦਾ ਵਾਰ-ਵਾਰ ਪਾਠ ਜ਼ਰੂਰੀ ਹੈ। ਅਜਿਹਾ ਉੱਚ ਪੱਧਰ ਦਾ ਮਾਨਵਵਾਦੀ ਫਲਸਫ਼ਾ ਸਾਡੇ ਚਿੰਤਨ ਦਾ ਗੰਭੀਰ ਮੁੱਦਾ ਬਣਨ ਵਾਲਾ ਹੈ। ਇਸ ਵਿੱਚ ਮਨੁੱਖੀ ਰਿਸ਼ਤਿਆਂ ਦੀਆਂ ਅਨੇਕ ਤਹਿਆਂ ਹਨ ਜਿਸ ਵਿੱਚ ਇਸਲਾਮ, ਹਿੰਦੂ ਧਰਮ ਤੇ ਸਿੱਖੀ ਦੀਆਂ ਮਾਨਵਵਾਦੀ ਕਦਰਾਂ-ਕੀਮਤਾਂ ਦਾ ਸ਼ਾਨਦਾਰ ਮਿਸ਼ਰਣ ਪੇਸ਼ ਹੈ। ਇੱਕ ਵਿਅਕਤੀ ਧਰਮ ਦੀਆਂ ਬਾਹਰੀ ਨਿਸ਼ਾਨੀਆਂ ਅਪਣਾ ਕੇ ਵੀ ਧੁਰ ਅੰਦਰ ਆਪਣੇ ਪਹਿਲੇ ਧਰਮ ਦੇ ਵਿਸ਼ਵਾਸਾਂ ਨੂੰ ਤਿਆਗ ਸਕਣ ਤੋਂ ਬੇਬਸ ਰਹਿੰਦਾ ਹੈ। ਧਰਮ ਦੇ ਬਾਹਰਲੇ ਚਿੰਨ੍ਹਾਂ ਤੋਂ ਪਾਰ ਮਨੁੱਖ ਦੇ ਹਿਰਦੇ ਵਿੱਚ ਹਮਦਰਦੀਆਂ ਦੇ ਅਨੂਠੇ ਚਸ਼ਮੇ ਫੁੱਟਦੇ ਰਹਿੰਦੇ ਹਨ।
ਜੂਨ 2008 ਵਿੱਚ ਬਾਬਾ ਫ਼ਰੀਦ ਇੰਟਰਨੈਸ਼ਨਲ ਸਮਾਗਮ ਸਮੇਂ ਲਲਿਆਣੀ ਖੋਜਗੜ੍ਹ (ਲਾਹੌਰ) ਦੇ ਸਮਾਗਮ ਉੱਤੇ ਅਹਿਮਦ ਸਲੀਮ ਨੇ ਇਹ ਕਵਿਤਾ ਪੜ੍ਹੀ ਤਾਂ ਕਸੂਰ ਤੋਂ ਪਾਰਲੀਮੈਂਟ ਦੀ ਸੀਟ ਜਿੱਤਿਆ ਇੱਕ ਮੈਂਬਰ ਇਸ ਕਵਿਤਾ ਨੂੰ ਸੁਣ ਕੇ ਤੜਪ ਉੱਠਿਆ ਸੀ ਤੇ ਕਿੰਨੀ ਦੇਰ ਤੀਕਰ ਫ਼ਿਰਕੂ ਜ਼ਹਿਰ ਉਗਲਦਾ ਰਿਹਾ ਸੀ।
ਅਹਿਮਦ ਸਲੀਮ ਨੇ ਆਪਣੇ ਆਤਮ-ਪ੍ਰਗਟਾਵੇ ਲਈ ਕਵਿਤਾ ਦੇ ਸਾਰੇ ਹੀ ਪ੍ਰਚੱਲਿਤ ਰੂਪਾਂ ਦੀ ਵਰਤੋਂ ਕੀਤੀ ਹੈ। ਉਸ ਨੇ ਛੰਦ-ਬੱਧ ਕਵਿਤਾ ਵੀ ਲਿਖੀ ਹੈ ਤੇ ਛੰਦ-ਰਹਿਤ ਵੀ। ਉਸ ਦੇ ਉਚਾਰਣ ਤੇ ਲਹਿਜੇ ਉੱਤੇ ਲਹਿੰਦੀ ਪੰਜਾਬੀ ਦਾ ਡੂੰਘਾ ਪ੍ਰਭਾਵ ਹੈ।
ਚਿੱਠੜੀ ਵੇ ਦਰਦ ਫ਼ਿਰਾਕ ਦੀ ਸੱਜਣ
ਵਿੱਚੋਂ ਸੱਧਰਾਂ ਦੀ ਮਹਿਕ ਪਈ ਆਵੇ।
ਕਾਗਜ਼ ਦੀ ਭੋਏਂ ਬੜੀ ਸੂਹੀ ਦੇ ਸਾਵੀ
ਕੋਈ ਮੁਹੱਬਤਾਂ ਦਾ ਪਾਣੀ ਲਾਵੇ।
(ਚਿੱਠੜੀ, ਤਨ-ਤੰਬੂਰ)
ਖੁੱਲ੍ਹੀ ਕਵਿਤਾ ਦਾ ਉਹ ਰੂਪ ਜੋ ਵਾਰਤਕ ਨਾਲੋਂ ਨਿਖੇੜਨਾ ਔਖਾ ਹੈ।
ਲੁਕੀ ਹੋਈ ਤਾਰਿਆਂ ਵਾਲੀ ਚੁੰਨੀ ਦੀ ਬੁੱਕਲ ਵਿੱਚ ਰਾਤ
ਤੇ ਸਾਡੀਆਂ ਅਹਿਲ ਜਵਾਨੀਆਂ ਚੁਰਾਈਆਂ ਜਾ ਰਹੀਆਂ
ਨਿੰਮ੍ਹੇ ਨਿੰਮ੍ਹੇ ਚਾਨਣ ਹੇਠ
ਤੇ ਗੀਤ ਸਾਡਾ ਭਟਕ ਰਿਹਾ,
ਡੂੰਘੀ ਰਾਤ ਦਿਆਂ ਵਹਿਣਾਂ ਵਿੱਚ।
ਉਕਤ ਬੰਦ, ਅੰਤਮ ਨਿਰਣੇ ਵਿੱਚ ਵਾਰਤਕ ਦੀ ਰਚਨਾ ਨਾਲੋਂ ਕੋਈ ਵੱਖਰਾ ਨਹੀਂ ਹੈ।
‘ਸੋਨਾਰ ਬੰਗਲਾ’ ਕਵਿਤਾ ਛੰਦ-ਬੱਧ ਤੇ ਪ੍ਰਭਾਵਸ਼ਾਲੀ ਹੈ।
ਪਰ ਸ਼ਾਇਰ ਦੀ ਅੱਖ ਨੇ ਡਿੱਠਾ ਉਹ ਤੂਫ਼ਾਨ
ਹਿੱਕ ਹਿੱਕ ਗੱਭਰੂ ਦੇਸ਼ ਤੇ ਹੋਣ ਲੱਗਾ ਕੁਰਬਾਨ।
‘ਦੇਸ਼-ਪੰਜਾਬ’ ਕਵਿਤਾ ਵੀ ਇਸੇ ਰੂਪ-ਵਿਧਾਨ ਵਾਲੀ ਹੈ। ਢੋਲਾ ਕਾਵਿ-ਰੂਪ ਲੋਕ-ਕਾਵਿ ਦਾ ਨਮੂਨਾ। ਇਹ ਪਾਕਿਸਤਾਨ ਦੀਆਂ ਬਾਰਾਂ ਦੇ ਇਲਾਕਿਆਂ ਵਿਚ ਵੱਸਦੇ ‘ਜਾਂਗਲੀਆਂ’ ਅਥਵਾ ਪੰਜਾਬ ਦੇ ਆਦਿ-ਵਾਸੀਆਂ ਦਾ ਲੋਕ-ਕਾਵਿ ਹੈ ਜਿਸ ਦੀਆਂ ਪੰਗਤੀਆਂ ਛੋਟੀਆਂ ਵੱਡੀਆਂ ਹੁੰਦੀਆਂ ਹਨ।
ਆਜ਼ਾਦ ਨਜ਼ਮ ਅਹਿਮਦ ਸਲੀਮ ਦਾ ਮਨ-ਭਾਉਂਦਾ ਕਾਵਿ-ਰੂਪ ਹੈ। ਉਸ ਵਿੱਚ ਮਨਚਾਹੀਆਂ ਖੁੱਲ੍ਹਾਂ ਲੈਂਦਾ ਹੈ। ਮੁੱਢਲੇ ਦੌਰ ਵਿੱਚ ਉਸ ਦੀ ਕਾਵਿ-ਸ਼ੈਲੀ ਉੱਤੇ ਅੰਮ੍ਰਿਤਾ ਪ੍ਰੀਤਮ ਅਤੇ ਸੁਖਬੀਰ ਦੇ ਕਾਵਿ-ਮੁਹਾਵਰੇ ਦਾ ਅਸਰ ਪ੍ਰਤੀਤ ਹੁੰਦਾ ਸੀ।
‘ਮੇਰੀਆਂ ਨਜ਼ਮਾਂ ਮੋੜ ਦੇ’ (2005) ਕਾਵਿ-ਸੰਗ੍ਰਹਿ ਦੀਆਂ ਆਜ਼ਾਦ ਨਜ਼ਮਾਂ ਪੜ੍ਹਦਿਆਂ ਮੈਨੂੰ ਅਹਿਸਾਸ ਹੋਇਆ ਕਿ ਇਨ੍ਹਾਂ ਨਜ਼ਮਾਂ ਉੱਤੇ ਪਾਬਲੋ ਨੇਰੂਦਾ ਦੀ ਕਾਵਿ-ਸ਼ੈਲੀ ਦਾ ਖ਼ਾਸਾ ਪ੍ਰਭਾਵ ਪਿਆ ਪ੍ਰਤੀਤ ਹੁੰਦਾ ਹੈ।
ਹਰ ਸ਼ੈਅ ਉੱਤੇ ਉਨ੍ਹਾਂ ਦਾ ਜ਼ੋਰ ਹੈ
ਪਰ ਤੇਰੇ ਹੱਥਾਂ
ਤੇਰੀਆਂ ਅੱਖਾਂ
ਤੇ ਤੇਰੇ ਬੁੱਲ੍ਹਾ ਤੋਂ
ਮੈਂ ਇਨਸਾਨ ਨੂੰ
ਤੇ ਰਾਹਾਂ ਨੂੰ ਪਛਾਣਿਆ ਹੈ
ਤੇ ਇਹ ਪਛਾਣ
ਕਦੀ ਨਹੀਂ ਮਰਦੀ
ਕਿਸੇ ਵੀ ਜ਼ੋਰ-ਜਬਰ ਤੋਂ
(ਜਦੋਂ, ਮੇਰੀਆਂ ਨਜ਼ਮਾਂ ਮੋੜ ਦੇ)
ਇਸ ਕਾਵਿ-ਸੰਗ੍ਰਹਿ ਵਿੱਚ ਉਸ ਦੀਆਂ ਪਿਆਰ-ਕਵਿਤਾਵਾਂ ਆਪਣੇ ਪੂਰੇ ਜਾਹੋ-ਜਲਾਲ ਸਮੇਤ ਹਾਜ਼ਰ ਹਨ। ਇਨ੍ਹਾਂ ਵਿੱਚ ਦਾਰਸ਼ਨਿਕ ਗਹਿਰਾਈ, ਵਿਸ਼ਵਾਸ ਤੇ ਠਰ੍ਹੰਮਾ ਹੈ।
ਉਹ ਲਿਖਦਾ ਹੈ:
ਜਲਾਵਤਨ ਬੰਦੇ ਦੇ ਦਿਲ ਵਿੱਚ
ਇੱਕ ਭੇਤ ਹੁੰਦਾ ਏ
ਵਤਨ ਦਾ
ਇੱਕ ਖ਼ਾਬ ਹੁੰਦਾ ਏ ਮਿੱਟੀ ਦਾ
ਇੱਕ ਪੀੜ ਹੁੰਦੀ ਏ, ਬੇਗਾਨਗੀ ਦੀ
ਪਰ ਆਪ ਆਪਣੇ ਵਤਨ ਵਿੱਚ
ਜਦੋਂ ਬੰਦੇ ਉੱਤੇ ਕਿਆਮਤਾਂ ਡਿੱਗਦੀਆਂ ਨੇ
ਉਨ੍ਹਾਂ ਪਲਾਂ ਵਿੱਚ
ਮਾਂ! ਅਸੀਂ ਤੈਨੂੰ ਉਡੀਕਦੇ ਆਂ।
- ਹਰਭਜਨ ਸਿੰਘ ਹੁੰਦਲ ਨੇ ਅਹਿਮਦ ਸਲੀਮ ਬਾਰੇ ਇਹ ਲੇਖ ਕਈ ਵਰ੍ਹੇ ਪਹਿਲਾਂ ਲਿਖਿਆ ਸੀ ਜੋ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਸੰਪਾਦਿਤ ਕੀਤੀ ਪੁਸਤਕ ‘ਵਾਹਗੇ ਪਾਰ ਦੇ ਪੰਜਾਬੀ ਕਵੀ’ (2011) ਵਿੱਚ ਸ਼ਾਮਿਲ ਹੈ।