ਸੰਗੀਤ ਦੇ ਸੂਬਾ ਪੱਧਰੀ ਮੁਕਾਬਲੇ ’ਚ ਏਜੀਐੱਸ ਸਕੂਲ ਦੇ ਬੱਚੇ ਮੋਹਰੀ
ਸਤਪਾਲ ਰਾਮਗੜ੍ਹੀਆ
ਪਿਹੋਵਾ, 21 ਅਕਤੂਬਰ
ਇੱਥੋਂ ਦੇ ਏਜੀਐੱਸ ਸਕੂਲ ਦੇ ਵਿਦਿਆਰਥੀਆਂ ਨੇ ਸੰਗੀਤ ਦੇ ਰਾਜ ਪੱਧਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ| ਰਾਜ ਪੱਧਰੀ ਮੁਕਾਬਲੇ ਵਿੱਚ ਅੱਵਲ ਆਉਣ ’ਤੇ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਹੈ। ਪ੍ਰਿੰਸੀਪਲ ਡਾ. ਪ੍ਰੋਮਿਲਾ ਬੱਤਰਾ ਨੇ ਦੱਸਿਆ ਕਿ ਰੋਹਤਕ ’ਚ ਸੰਗੀਤ ਅਧਿਆਪਕ ਰਾਜਿੰਦਰ ਪਾਲ ਦੀ ਅਗਵਾਈ ਹੇਠ ਹੋਏ ਇਸ ਮੁਕਾਬਲੇ ’ਚ ਵਿਦਿਆਰਥੀਆਂ ਦੁਸ਼ਯੰਤ ਗੋਇਲ, ਨਮਨ ਗਰਗ, ਲਵਯਮ ਮਹਿਤਾ, ਨਵਜੋਤ ਸਿੰਘ, ਹਰਵੰਸ਼, ਮਨਨ ਬਾਂਸਲ, ਆਰੀਅਨ ਅਤੇ ਸਾਤਵਿਕ ਬਜਾਜ ਨੇ ਹਿੱਸਾ ਲਿਆ| ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ। ਡਾਇਰੈਕਟਰ ਵਿਭੂ ਦਰਸ਼ਨ ਮੁਰਾਰ ਨੇ ਦੱਸਿਆ ਕਿ ਬੱਚਿਆਂ ਨੂੰ ਸਰਕਾਰ ਵੱਲੋਂ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁਕਾਬਲੇ ਪ੍ਰਤਿਭਾ ਨੂੰ ਨਿਖਾਰਦੇ ਹਨ। ਹਰ ਬੱਚੇ ਨੂੰ ਆਪਣੀ ਰੁਚੀ ਅਨੁਸਾਰ ਅਜਿਹੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਮਾਪਿਆਂ ਦੀ ਵੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਸਫਲ ਬਣਾਉਣ ਵਿੱਚ ਸਕੂਲ ਦਾ ਸਾਥ ਦੇਣ। ਇਸ ਮੌਕੇ ਰਾਮ ਸ਼ਾਂਤੀ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਐਡਵੋਕੇਟ ਸ਼ਿਵ ਦਰਸ਼ਨ ਮੁਰਾਰ, ਸਾਬਕਾ ਪ੍ਰੋਫੈਸਰ ਊਸ਼ਾ ਮੁਰਾਰ, ਜੂਨੀਅਰ ਵਿੰਗ ਦੀ ਪ੍ਰਿੰਸੀਪਲ ਨੀਰੂ ਭੁਟਾਨੀ ਆਦਿ ਨੇ ਵੀ ਸੰਗੀਤ ਅਧਿਆਪਕ ਰਾਜਿੰਦਰ ਪਾਲ ਅਤੇ ਜੇਤੂ ਬੱਚਿਆਂ ਦੀ ਸ਼ਲਾਘਾ ਕੀਤੀ।