ਪੰਜਾਬ ਵਿਚ ਕੈਂਸਰ ਦਾ ਕਾਰਨ ਖੇਤੀ ਰਸਾਇਣ ਨਹੀਂ
ਡਾ. ਐੱਸਪੀਐੱਸ ਬਰਾੜ
ਹਰੀ ਕ੍ਰਾਂਤੀ (ਤਕਨੀਕੀ ਖੇਤੀ) ਨੇ ਦੇਸ਼ ਦੇ ਅੰਨ ਭੰਡਾਰ ਭਰ ਦਿੱਤੇ। ਇਹੀ ਨਹੀਂ, ਦੇਸ਼ ਦੇ ਚੌਲ 129 ਦੇਸ਼ਾਂ ਵਿੱਚ ਜਾ ਰਹੇ ਹਨ ਅਤੇ ਕਣਕ ਦੀ ਮੰਗ ਵੀ ਯੂਕਰੇਨ ਦੀ ਲੜਾਈ ਸਮੇਂ ਜਦੋਂ ਭਾਰਤ ਨੇ ਕਣਕ ਦੀ ਬਰਾਮਦ ਬੰਦ ਕੀਤੀ ਤਾਂ ਯੂਰੋਪੀਅਨ ਦੇਸ਼ਾਂ ਨੇ ਇਸ ਫੈਸਲੇ ਖਿਾਲਫ ਰੌਲਾ ਪਾਇਆ ਅਤੇ ਆਈਐੱਮਐੱਫ ਦੀ ਡਿਪਟੀ ਮੈਨੇਜਿੰਗ ਡਾਇਰੈਕਟਰ ਗੀਤਾ ਗੋਪੀਨਾਥ ਨੇ ਇਹ ਵੀ ਕਿਹਾ ਕਿ ਇਸ ਵਕਤ ਇਹ ਫੈਸਲਾ ਠੀਕ ਨਹੀਂ; ਭਾਵ ਕਣਕ ਦੀ ਬਰਾਮਦ ਰੋਕਣ ਨਾਲ ਦੁਨੀਆ ਵਿੱਚ ਕਣਕ ਦੇ ਭਾਅ ਵਧ ਜਾਣਗੇ ਪਰ ਇਸ ਦੇ ਬਾਵਜੂਦ ਦੇਸ਼ ਅੰਦਰ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਕਿ ਹਰੀ ਕ੍ਰਾਂਤੀ ਨੇ ਪੰਜਾਬ ਦੀਆਂ ਜ਼ਮੀਨਾਂ ਅਤੇ ਧਰਤੀ ਹੇਠਲੇ ਪਾਣੀ ਵਿੱਚ ਭਾਰੀ ਧਾਤਾਂ ਦੀ ਮਾਤਰਾ ਵਧਾ ਦਿੱਤੀ ਹੈ ਜਿਸ ਨਾਲ ਜ਼ਮੀਨ ਦੀ ਸਿਹਤ ਖਰਾਬ ਹੋ ਗਈ ਅਤੇ ਇੱਥੇ ਪੈਦਾ ਕੀਤੀਆਂ ਜਾਣ ਵਾਲੀਆਂ ਫਸਲਾਂ ਵਿੱਚ ਜ਼ਹਿਰੀਲੇ ਰਸਾਇਣਾਂ ਦੀ ਮਾਤਰਾ ਜ਼ਿਆਦਾ ਹੈ। ਇਸ ਲਿਖਤ ਵਿੱਚ ਇਹ ਵਿਸ਼ਲੇਸ਼ਣ ਕੀਤਾ ਜਾਵੇਗਾ ਕਿ ਅਜੇ ਤੱਕ ਖਾਦਾਂ ਅਤੇ ਪੈਸਟੀਸਾਈਡ ਦੀ ਵਰਤੋਂ ਨਾਲ ਨਾ ਜ਼ਮੀਨ ਦੀ ਸਿਹਤ ਖਰਾਬ ਹੋਈ ਹੈ, ਨਾ ਪਾਣੀ ਪਲੀਤ ਹੋਇਆ ਅਤੇ ਨਾ ਹੀ ਇੱਥੇ ਪੈਦਾ ਹੋਣ ਵਾਲੇ ਅਨਾਜ। ਸਮੱਸਿਆ ਕਿਤੇ ਹੋਰ ਹੈ, ਇਲਜ਼ਾਮ ਕਿਤੇ ਹੋਰ ਲਗਾਇਆ ਜਾ ਰਿਹਾ ਹੈ।
ਇਸ ਵਕਤ ਬ੍ਰਹਿਮੰਡ ਵਿੱਚ 119 ਤੱਤਾਂ ਦੀ ਸ਼ਨਾਖਤ ਹੋਈ ਹੈ। ਤੱਤ ਤੋਂ ਭਾਵ ਕਾਰਬਨ, ਆਕਸੀਜਨ, ਹਾਈਡ੍ਰੋਜਨ, ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਵਗੈਰਾ ਹਨ। ਇਹਨਾਂ ਵਿੱਚੋਂ 95 ਕੁਦਰਤੀ ਹਨ ਅਤੇ ਬਾਕੀ 24 ਨਿਊਕਲੀਅਰ ਰਿਐਕਟਰਾਂ ਨਾਲ ਲੈਬਾਰਟਰੀਆਂ ਵਿੱਚ ਬਣਾਏ ਗਏ ਹਨ। ਜਿਹੜੇ ਤੱਤਾਂ ਦਾ ਅਟੌਮਿਕ ਭਾਰ ਜ਼ਿਆਦਾ ਹੈ ਅਤੇ ਇਹਨਾਂ ਦੀ ਘਣਤਾ 5 ਗ੍ਰਾਮ ਪ੍ਰਤੀ ਕਿਊਬਿਕ ਸੈਂਟੀਮੀਟਰ ਤੋਂ ਵੱਧ ਹੈ, ਉਹਨਾਂ ਨੂੰ ਭਾਰੀਆਂ ਧਾਤਾਂ ਵੀ ਕਿਹਾ ਜਾਂਦਾ ਹੈ। ਇਹ ਧਾਤਾਂ ਮਿੱਥੀ ਹੱਦ ਤੋਂ ਵੱਧ ਪੌਦਿਆਂ ਅਤੇ ਜੀਵ ਜੰਤੂਆਂ ਨੂੰ ਨੁਕਸਾਨਦਾਇਕ ਹਨ। ਇਹ ਧਾਤਾਂ ਥੋੜ੍ਹੀ ਬਹੁਤੀ ਮਾਤਰਾ ਵਿੱਚ ਹਰ ਜ਼ਮੀਨ ਵਿੱਚ ਹੁੰਦੀਆਂ ਹਨ। ਜ਼ਮੀਨ ਵਿੱਚ ਉੱਗਣ ਵਾਲੇ ਪੌਦੇ ਵਿੱਚ ਵੀ ਤਕਰੀਬਨ 70 ਤੱਤ ਹੁੰਦੇ ਹਨ, ਭਾਵੇਂ ਪੌਦੇ ਲਈ ਜ਼ਰੂਰੀ ਸਿਰਫ 16 ਤੱਤ ਹੀ ਹੁੰਦੇ ਹਨ। ਇਹ ਤੱਤ ਜ਼ਮੀਨ ਵਿੱਚ ਹੁੰਦੇ ਹਨ, ਇਸ ਲਈ ਇਹ ਕੁਝ ਮਾਤਰਾ ਵਿੱਚ ਬੂਟੇ ਨੂੰ ਜ਼ਰੂਰਤ ਨਾ ਹੋਣ ਦੇ ਬਾਵਜੂਦ ਅੰਦਰ ਚਲੇ ਜਾਂਦੇ ਹਨ। ਇਹਨਾਂ ਵਿੱਚੋਂ ਕੁਝ ਤੱਤ ਲੋੜ ਤੋਂ ਵੱਧ ਮਾਤਰਾ ਵਿੱਚ ਜ਼ਹਿਰੀਲੇ ਹਨ ਜੋ ਹੌਲੀ-ਹੌਲੀ ਕੈਂਸਰ ਜਾਂ ਹੋਰ ਬਿਮਾਰੀਆਂ ਦਾ ਕਾਰਨ ਬਣਦੇ ਹਨ।
ਪੰਜਾਬ ਦੀਆਂ ਜ਼ਮੀਨਾਂ ਵਿੱਚ ਭਾਰੀ ਧਾਤਾਂ ਦੀ ਮਾਤਰਾ
ਪੰਜਾਬ ਵਿੱਚ ਵੱਖ-ਵੱਖ ਸਾਇੰਸਦਾਨਾਂ ਨੇ ਮਿੱਟੀ ਦੀ ਪਰਖ ਕਰ ਕੇ ਭਾਰੀਆਂ ਧਾਤਾਂ ਦੇ ਜੋ ਅੰਕੜੇ ਦਿੱਤੇ ਹਨ, ਉਹ ਇਸ ਪ੍ਰਕਾਰ ਹਨ: ਐਲੂਮੀਨੀਅਮ 11542 ਮਿਲੀਗ੍ਰਾਮ ਪ੍ਰਤੀ ਕਿਲੋ (ਜਾਂ 10 ਲੱਖ ਵਿੱਚੋਂ ਹਿੱਸੇ), ਲੋਹਾ 1038, ਵਨੇਡੀਅਨ 1289, ਮੈਨਗਨੀਜ਼ 154-422.1, ਸਿੱਕਾ 0.4 ਤੋਂ 118, ਤਾਂਬਾ 0.4 ਤੋਂ 58.1, ਕੋਬਾਲਟ 0.1 ਤੋਂ 19.2, ਨਿਕਲ 3.9 ਤੋਂ 27.9, ਕੈਡਮੀਅਮ 0.1 ਤੋਂ 30.0, ਕਰੋਮੀਅਮ ਨਾਮਾਤਰ (ਪਰਖਿਆ ਨਹੀਂ ਜਾ ਸਕਦਾ) ਤੋਂ 75.7, ਆਰਸੇਨਿਕ 1.7, ਜਿ਼ੰਕ 0.1 ਤੋਂ 98.1 ਮਿਲੀਗ੍ਰਾਮ/ਕਿਲੋ। ਇਹਨਾਂ ਵਿੱਚ ਕੁਝ ਤੱਤ/ਧਾਤਾਂ ਪੌਦਿਆਂ ਲਈ ਜ਼ਰੂਰੀ ਹਨ ਜਿਵੇਂ ਲੋਹਾ, ਤਾਂਬਾ, ਮੈਨਗਨੀਜ਼ ਅਤੇ ਜਿ਼ੰਕ। ਅੱਜ ਤੱਕ ਦੀ ਖੋਜ ਅਨੁਸਾਰ, ਤਕਰੀਬਨ ਸਭ ਨੇ ਇਹੋ ਕਿਹਾ ਕਿ ਉਪਰੋਕਤ ਤੱਤ ਜ਼ਮੀਨ ਵਿੱਚ ਮਿੱਥੀ ਹੱਦ ਤੋਂ ਘੱਟ ਹਨ; ਸਿਰਫ 1-2 ਥਾਵਾਂ ’ਤੇ ਕੈਡਮੀਅਮ ਅਤੇ ਸਿੱਕਾ ਮਿੱਥੀ ਹੱਦ ਤੋਂ ਥੋੜ੍ਹਾ ਵੱਧ ਹਨ।
ਤੱਤਾਂ ਦਾ ਜ਼ਮੀਨ ਵਿੱਚ ਸਰੋਤ
ਇਹਨਾਂ ਤੱਤਾ ਦਾ ਮੁੱਖ ਸਰੋਤ ਚੱਟਾਨਾਂ ਹਨ ਜਿਹਨਾਂ ਤੋਂ ਇਹ ਜ਼ਮੀਨ ਬਣੀ ਹੈ; ਭਾਵ, ਮੁੱਖ ਸਰੋਤ ਕੁਦਰਤੀ ਹੈ ਜਾਂ ਕਹਿ ਲਓ ਕਿ ਜ਼ਮੀਨ ਦੀ ਬਣਤਰ ਦਾ ਹਿੱਸਾ ਹਨ; ਜਿਵੇਂ ਚੀਕਣੀ ਮਿੱਟੀ ਨੂੰ ਰਸਾਇਣਿਕ ਵਿਗਿਆਨ ਦੀ ਭਾਸ਼ਾ ਵਿੱਚ ਅਲਮੀਨੋ ਸਿਲੀਕੇਟ (ਐਲੂਮੀਨੀਅਮ ਤੇ ਸਿਲੀਕਾ) ਕਿਹਾ ਜਾਂਦਾ ਹੈ। ਬਾਕੀ ਦੀਆਂ ਧਾਤਾਂ ਇਹਦੇ ਨਾਲ ਜੁੜੀਆਂ ਹੁੰਦੀਆਂ ਹਨ।
ਇਹਨਾਂ ਧਾਤਾਂ ਦਾ ਦੂਜਾ ਸਰੋਤ ਹੈ ਜ਼ਮੀਨ ਵਿੱਚ ਬੰਦੇ ਵੱਲੋਂ ਹਰ ਫਾਲਤੂ ਚੀਜ਼ ਜ਼ਮੀਨ ਵਿੱਚ ਸੁੱਟਣਾ ਜਾਂ ਦੱਬਣਾ। ਮੁੱਖ ਤੌਰ ’ਤੇ ਜਿਨ੍ਹਾਂ ਵੀ ਆਦਮੀਆਂ ਅਤੇ ਜਾਨਵਰਾਂ ਦਾ ਰਹਿਮਦ-ਖੂੰਹਦ ਹੈ, ਉਹ ਸਾਰਾ ਧਰਤੀ ਵਿੱਚ ਹੀ ਜਾਂਦਾ ਹੈ ਜਿਹੜਾ ਬਾਇਉਲਾਜੀਕਲ ਵੇਸਟ ਹੈ, ਉਹ ਧਰਤੀ ਵਿੱਚ ਗਲ ਕੇ ਧਰਤੀ ਦਾ ਹਿੱਸਾ ਬਣ ਜਾਂਦਾ ਹੈ ਪਰ ਜਿਹੜਾ ਵੇਸਟ ਕਾਰਖਾਨਿਆਂ ਦਾ ਹੈ, ਉਹ ਗਲ ਕੇ ਧਰਤੀ ਵਿੱਚ ਸਮਾਉਂਦਾ ਨਹੀਂ ਅਤੇ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ।
ਖੇਤੀ ਵਿੱਚ ਵਰਤੋਂ ਵਾਲੇ ਰਸਾਇਣਾਂ ਦਾ ਪ੍ਰਦੂਸ਼ਣ
ਖੇਤੀ ਵਿੱਚ ਦੋ ਤਰ੍ਹਾਂ ਦੇ ਰਸਾਇਣ ਵਰਤੇ ਜਾਂਦੇ ਹਨ। ਬੂਟਿਆਂ ਦੇ ਖੁਰਾਕੀ ਤੱਤ ਜਿਹਨਾਂ ਨੂੰ ਖਾਦਾਂ ਕਹਿੰਦੇ ਹਨ; ਦੂਜੇ ਪੈਸਟੀਸਾਈਡ ਜੋ ਫਸਲ ਨੂੰ ਕੀੜੇ, ਬਿਮਾਰੀਆਂ ਅਤੇ ਨਦੀਨਾਂ ਤੋਂ ਬਚਾਉਣ ਲਈ ਵਰਤੇ ਜਾਂਦੇ ਹਨ। ਖਾਦਾਂ ਮੁੱਖ ਤੌਰ ’ਤੇ ਯੂਰੀਆ, ਡੀਏਪੀ, ਮਿਊਰੇਟ ਆਫ ਪੋਟਾਸ਼ ਅਤੇ ਜਿ਼ੰਕ ਸਲਫੇਟ ਹੀ ਜ਼ਮੀਨ ਵਿੱਚ ਹਨ। ਇਹਨਾਂ ਵਿੱਚ ਭਾਰੀਆਂ ਧਾਤਾਂ ਜਿ਼ੰਕ ਨੂੰ ਛੱਡ ਕੇ ਹੋਰ ਕਿਸੇ ਵੀ ਖਾਦ ਦਾ ਅੰਗ ਨਹੀਂ ਪਰ ਕਿਉਂਕਿ ਡੀਏਪੀ ਅਤੇ ਮਿਉਰੇਟ ਆਫ ਪੋਟਾਸ਼ ਖਾਣਾਂ ਵਿੱਚੋਂ ਲਏ ਖਣਿਜਾਂ ਤੋਂ ਬਣਦੀ ਹੈ, ਇਸ ਕਰ ਕੇ ਉਸ ਦੀ ਸਫਾਈ ਕਰਨ ਵੇਲੇ ਬਹੁਤ ਘੱਟ ਮਾਤਰਾ ਵਿੱਚ ਭਾਰੀਆਂ ਧਾਤਾਂ ਰਹਿ ਸਕਦੀਆਂ ਹਨ। ਯੂਰੀਆ ਵਿੱਚ ਔਸਤ 1.8 ਮਿਲੀਗ੍ਰਾਮ ਪ੍ਰਤੀ ਕਿਲੋ ਸਿੱਕਾ, 2.8 ਮਿਲੀਗ੍ਰਾਮ ਕਰੋਮੀਅਮ, 2.6 ਮਿਲੀਗ੍ਰਾਮ ਨਿਕਲ, 0.25 ਮਿਲੀਗ੍ਰਾਮ ਕੈਡਮੀਅਮ, 0.16 ਮਿਲੀਗ੍ਰਾਮ ਕੋਬਾਲਟ ਹੁੰਦਾ ਹੈ; ਮਤਲਬ, ਸਾਰੀਆਂ ਧਾਤਾਂ ਮਿਲਾ ਕੇ ਵੀ 7.61 ਮਿਲੀਗ੍ਰਾਮ ਪ੍ਰਤੀ ਕਿਲੋ ਬਣਦੀਆਂ ਹਨ; ਭਾਵ, ਜੇ ਤਿੰਨ ਬੋਰੀਆਂ ਯੂਰੀਏ ਦੀਆਂ ਝੋਨੇ ਅਤੇ ਤਿੰਨ ਹੀ ਕਣਕ ਨੂੰ ਪਾਈਏ ਤਾਂ ਸਾਲ ਵਿੱਚ 2 ਗ੍ਰਾਮ ਭਾਰੀਆਂ ਧਾਤਾਂ ਖੇਤ ਵਿੱਚ ਜਾਂਦੀਆਂ ਹਨ।
ਡੀਏਪੀ ਵਿੱਚ ਇਹ ਧਾਤਾਂ ਔਸਤ ਇਸ ਪ੍ਰਕਾਰ ਹਨ: ਸਿੱਕਾ 8.2 ਮਿਲੀਗ੍ਰਾਮ, ਕਰੋਮੀਅਮ 13.0 ਮਿਲੀਗ੍ਰਾਮ, ਨਿਕਲ 14.8 ਮਿਲੀਗ੍ਰਾਮ, ਕੈਡਮੀਅਮ 6.3 ਮਿਲੀਗ੍ਰਾਮ ਅਤੇ ਕੋਬਾਲਟ 8.2 ਮਿਲੀਗ੍ਰਾਮ। ਇਸ ਦੀ ਸਿਫਾਰਸ਼ 50 ਕਿਲੋ ਕਣਕ ਅਤੇ 25 ਕਿਲੋ ਝੋਨੇ ਨੂੰ ਕੀਤੀ ਜਾਂਦੀ ਹੈ। ਇਹ 75 ਕਿਲੋ ਡੀਏਪੀ ਵਿੱਚ 3.8 ਗ੍ਰਾਮ ਬਣਦੀਆਂ ਹਨ; ਭਾਵ, ਦੋਨੋਂ ਤਰ੍ਹਾਂ ਦੀਆਂ ਖਾਦਾਂ ਮਿਲਾ ਕੇ ਵੀ 6 ਗ੍ਰਾਮ ਪ੍ਰਤੀ ਏਕੜ ਹੁੰਦੀਆਂ। ਅੱਗੇ ਇਹ 6 ਗਰਾਮ ਇਕ ਹਜ਼ਾਰ ਟਨ ਮਿੱਟੀ ਵਿੱਚ ਰਲਣਾ ਹੈ ਜਿਸ ਵਿੱਚ ਅਗਾਂਹ ਫਿਰ ਜੀਵਕ ਮਾਦੇ ਅਤੇ ਚੀਕਣੀ ਮਿੱਟੀ ਨੇ ਇਸ ਦੀ ਪਕੜ ਕਰਨੀ ਹੈ। ਇਸ ਲਈ ਖਾਦਾਂ ਵਿੱਚਲੀਆਂ ਭਾਰੀਆਂ ਧਾਤਾਂ ਦਾ ਜ਼ਮੀਨ ਵਿੱਚ ਇਕੱਠਾ ਹੋਣਾ ਅਤੇ ਇਸ ਦਾ ਧਰਤੀ ਹੇਠਲੇ ਪਾਣੀ ਨੂੰ ਖਰਾਬ ਕਰਨ ਜਾਂ ਬੂਟੇ ਵਿੱਚ ਜਾ ਕੇ ਖਰਾਬ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਿਹੜੇ ਨਾਈਟ੍ਰੇਟ ਪਾਣੀ ਵਿੱਚ ਆਉਂਦੇ ਹਨ, ਉਹ ਬੰਦਿਆਂ ਅਤੇ ਪਸ਼ੂਆਂ ਦੇ ਮਲ ਮੂਤਰ ਤੋਂ ਆਉਂਦੇ ਹਨ, ਖਾਦਾਂ ਤੋਂ ਨਹੀਂ। ਜਿੰਨੀ ਆਬਾਦੀ ਪਿੰਡਾਂ ਅਤੇ ਸ਼ਹਿਰਾਂ ਦੇ ਬਾਹਰਲੇ ਹਿੱਸਿਆਂ ਵਿੱਚ ਰਹਿੰਦੀ ਹੈ, 90 ਪ੍ਰਤੀਸ਼ਤ ਦੇ ਕੱਚੇ ਟੋਏ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਪਾਣੀ ਪੱਕਿਆਂ ਵਿਚੋਂ ਵੀ ਰਸਦਾ ਹੈ।
ਵੱਧ ਵਰਤੇ ਜਾਣ ਵਾਲੀਆਂ 6 ਕੀੜੇ ਮਾਰ ਪੈਸਟੀਸਾਈਡਸ ਟੈਸਟ ਕੀਤੀਆਂ ਜਿਨ੍ਹਾਂ ਵਿੱਚ ਸਿੱਕਾ 4.30 ਤੋਂ 15.69 ਮਿਲੀਗ੍ਰਾਮ/ਕਿਲੋ ਅਤੇ ਕੈਡਮੀਅਮ 0.04 ਤੋਂ 0.32 ਮਿਲੀਗ੍ਰਾਮ ਨਿਕਲਿਆ। ਉੱਲੀ ਅਤੇ ਬੈਕਟੀਰੀਆ ਨਾਸ਼ਕ ਫਨਜੀਸਾਈਡ ਵਿੱਚ ਸਿੱਕਾ 5.4 ਤੋਂ 22.3 ਮਿਲੀਗ੍ਰਾਮ ਅਤੇ ਕੈਡਮੀਅਮ 0.05 ਤੋਂ 0.5 ਮਿਲੀਗ੍ਰਾਮ ਦੱਸਿਆ ਗਿਆ ਹੈ। ਨਦੀਨ ਨਾਸ਼ਕ ਗਲਾਈਫੋਸੇਟ ਵਿੱਚ ਸਿੱਕਾ 2.7 ਮਿਲੀਗ੍ਰਾਮ ਅਤੇ ਕੈਡਮੀਅਮ 0.14 ਮਿਲੀਗ੍ਰਾਮ। ਇਹਨਾਂ ਵਿੱਚ ਜਿਹੜੇ ਜ਼ਹਿਰੀਲੇ ਅਣੂ ਹੁੰਦੇ ਹਨ ਜਿਨ੍ਹਾਂ ਨਾਲ ਕੀੜੇ, ਉੱਲੀ, ਬੈਕਟੀਰੀਆ ਅਤੇ ਨਦੀਨ ਮਰਦੇ ਹਨ, ਉਹ ਬਾਇਓਡੀਗਰੇਡੇਬਲ ਹੁੰਦੇ ਹਨ; ਭਾਵ, ਕਿਸੇ ਵੀ ਜਿਊਂਦੀ ਚੀਜ਼ ਨਾਲ ਲੱਗ ਕੇ ਭਾਵੇਂ ਉਹ ਬੂਟਾ ਹੈ ਜਾਂ ਮਿੱਟੀ, ਉਸ ਦੇ ਅਣੂਆਂ ਵਿੱਚ ਤਬਦੀਲੀ ਆਉਣ ਨਾਲ ਅਸਰ ਸਮੇਂ ਅਨੁਸਾਰ ਘਟਦਾ ਜਾਂਦਾ ਹੈ ਅਤੇ ਜੇ ਇਹ ਸਿਫਾਰਸ਼ ਕੀਤੇ ਢੰਗ ਨਾਲ ਵਰਤੇ ਜਾਣ ਤਾਂ ਇਹ ਨੁਕਸਾਨਦਾਇਕ ਨਹੀਂ। ਜਿਥੋਂ ਤੱਕ ਭਾਰੀਆਂ ਧਾਤਾਂ ਦੀ ਗੱਲ ਹੈ, ਇਹਨਾਂ ਜ਼ਹਿਰਾਂ ਦੀ ਸਿਫਾਰਸ਼ ਕੀਤੀ ਡੋਜ਼ ਬਹੁਤ ਘੱਟ ਹੈ। ਭਾਰਤ ਵਿੱਚ ਇਹਨਾਂ ਦੀ ਖਪਤ 260 ਗ੍ਰਾਮ ਪ੍ਰਤੀ ਹੈਕਟੇਅਰ ਹੈ ਅਤੇ ਪੰਜਾਬ ਵਿੱਚ 740 ਗ੍ਰਾਮ ਪ੍ਰਤੀ ਹੈਕਟੇਅਰ (300 ਗ੍ਰਾਮ ਪ੍ਰਤੀ ਏਕੜ) ਹੈ। ਨਤੀਜਾ, ਕਿਸੇ ਵੀ ਪੈਸਟੀਸਾਈਡ ਦੀ ਵਰਤੋਂ ਨਾਲ 50-60 ਮਿਲੀਗ੍ਰਾਮ ਏਕੜ ਤੋਂ ਵੱਧ ਭਾਰੀਆਂ ਧਾਤਾਂ ਨਹੀਂ ਜਾਂਦੀਆਂ। ਸਿਰਫ ਬੋਰਡੈਕਸ ਮਿਕਸਚਰ ਹੀ ਹੈ ਜਿਸ ਵਿੱਚ ਕਾਪਰ ਸਲਫੇਟ ਸਿੱਧਾ ਪੈਂਦਾ ਹੈ ਪਰ ਇਹ ਸਿਰਫ ਬਾਗਾਂ ਵਿੱਚ ਵਰਤਿਆ ਜਾਂਦਾ ਹੈ। ਇਹ ਬੂਟਿਆਂ ਅਤੇ ਬੰਦਿਆਂ ਦਾ ਖੁਰਾਕੀ ਤੱਤ ਵੀ ਹੈ। ਜ਼ਮੀਨ ਵਿੱਚ ਕਾਪਰ (ਤਾਂਬਾ) ਦਾ ਸਰੂਪ ਕੁਪਰਸ ਤੋਂ ਕੁਪਰਿਕ ਬਣ ਕੇ ਘੁਲਣਸ਼ੀਲਤਾ ਘਟ ਜਾਂਦੀ ਹੈ।
ਪਾਣੀ
ਉਦਯੋਗ ਕੋਈ ਵੀ ਹੈ, ਉਹ ਸਾਰੇ ਹੀ ਪਾਣੀ ਖਰਾਬ ਕਰਦੇ ਹਨ। ਕੱਪੜਾ, ਕਾਗਜ਼, ਚਮੜਾ, ਲੋਹਾ, ਇਲੈਕਟ੍ਰੋਪਲੇਟਿੰਗ (ਕਰੋਮੀਅਮ ਤੇ ਨਿਕਲ ਪਾਲਿਸ਼), ਸ਼ਰਾਬ, ਖੰਡ, ਤੇਲ ਸਾਫ ਕਰਨ ਵਾਲੀਆਂ ਰਿਫਾਈਨਰੀਆਂ, ਰੰਗਾਈ ਅਤੇ ਬੈਟਰੀ ਉਦਯੋਗਾਂ ਦੇ ਕਾਰਖਾਨੇ ਆਦਿ ਦੇ ਗੰਦੇ ਪਾਣੀ ਵਿੱਚ ਧਾਤਾਂ ਜਾਂ ਤੱਤ ਹੁੰਦੇ ਹਨ ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ ਪਰ ਅਫਸੋਸ ਦੀ ਗੱਲ ਹੈ ਕਿ ਪਾਣੀ ਦੇ ਪ੍ਰਦੂਸ਼ਣ ਦੇ ਜਿੰਨੇ ਭਿਆਨਕ ਨਤੀਜੇ ਹਨ, ਉਸ ਹਿਸਾਬ ਨਾਲ ਨਾ ਸਰਕਾਰ ਅਤੇ ਨਾ ਹੀ ਨਤੀਜੇ ਭੁਗਤਣ ਵਾਲੇ ਲੋਕ ਸੁਹਿਰਦ ਹਨ। ਕਈ ਵਿਗਿਆਨੀਆਂ ਨੇ ਪਾਣੀ ਦੇ ਨਮੂਨੇ ਲੈ ਕੇ ਪਰਖ ਕੀਤੀ ਅਤੇ ਆਪੋ-ਆਪਣੇ ਅੰਕੜੇ ਪੇਸ਼ ਕੀਤੇ ਹਨ। ਇਕ ਪਰਚਾ ਅਗਸਤ 2021 ਨੂੰ ਜਰਨਲ ਆਫ ਜੀਓਹਾਈਡਰੋਲਜੀ ਵਿੱਚ ਛਪਿਆ। ਇਹ ਪੰਜਾਬ ਵਿੱਚੋਂ ਇਕੱਠੇ ਕੀਤੇ 263 ਨਮੂਨਿਆ ’ਤੇ ਆਧਾਰਿਤ ਹੈ ਜੋ ਅਗਸਤ ਤੋਂ ਅਕਤੂਬਰ 2019 ਵਿੱਚ 5 ਮੀਟਰ ਤੋਂ 350 ਮੀਟਰ ਦੀ ਡੂੰਘਾਈ ਤੋਂ ਲਏ ਸੀ। ਇਹ ਨਮੂਨੇ ਐਲੂਮੀਨੀਅਮ, ਲੋਹਾ, ਮੈਨਗਨੀਜ਼, ਜਿ਼ੰਕ, ਤਾਂਬਾ, ਕਰੋਮੀਅਮ, ਕੈਡਮੀਅਮ, ਨਿਕਲ ਅਤੇ ਸਿੱਕੇ ਲਈ ਟੈਸਟ ਕੀਤੇ। ਇਸ ਪਰਚੇ ਮੁਤਾਬਕ ਉਸੇ ਵੇਲੇ ਇਕੱਠੇ ਕੀਤੇ ਸਾਰੇ ਪਾਣੀ ਪੀਣ ਯੋਗ ਸਨ।
ਇਕ ਹੋਰ ਪਰਚਾ 2021 ਵਿੱਚ ਹੀ ਛਪਿਆ ਜਿਸ ਅਨੁਸਾਰ ਬਠਿੰਡੇ ਜਿ਼ਲ੍ਹੇ ਵਿੱਚੋਂ 19 ਨਮੂਨੇ ਲਏ। ਇਹ ਨਮੂਨੇ ਮਰਕਰੀ (ਪਾਰਾ), ਕਰੋਮੀਅਮ, ਆਰਸੇਨਿਕ, ਸੀਲੀਨੀਅਮ ਅਤੇ ਕੈਡਮੀਅਮ ਲਈ ਪਰਖੇ ਗਏ; ਕਰੋਮੀਅਮ ਅਤੇ ਪਾਰਾ ਸਾਰੇ ਨਮੂਨਿਆਂ ਵਿੱਚ ਮਿੱਥੀ ਹੱਦ ਤੋਂ ਵੱਧ ਸਨ। ਆਰਸੇਨਿਕ ਅਤੇ ਕੈਡਮੀਅਮ ਸਾਰੇ ਨਮੂਨਿਆਂ ਵਿੱਚ ਮਿੱਥੀ ਹੱਦ ਤੋਂ ਘੱਟ ਹੈ। ਸੀਲੀਨੀਅਮ ਸਿਰਫ ਦੋ ਨਮੂਨਿਆਂ ਵਿੱਚ ਮਿੱਥੇ ਤੋਂ ਵੱਧ ਹੈ। ਇਕ ਹੋਰ ਖੋਜ ਪੱਤਰ ਅਨੁਸਾਰ ਮਾਝੇ ਦੇ ਚਾਰ ਜਿ਼ਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਧਰਤੀ ਹੇਠਲੇ ਪਾਣੀਆਂ ਵਿੱਚ ਨਾਈਟ੍ਰੇਟ ਅਤੇ ਲੋਹਾ ਮਿੱਥੀ ਹੱਦ ਤੋਂ ਵੱਧ ਹੈ। ਤਿੰਨ ਜਿ਼ਲ੍ਹਿਆਂ ਵਿੱਚ ਆਰਸੇਨਿਕ (ਪਠਾਨਕੋਟ ਤੋਂ ਬਿਨਾਂ), ਦੋ ਜਿ਼ਲ੍ਹਿਆ ਤਰਨ ਤਾਰਨ ਅਤੇ ਅੰਮ੍ਰਿਤਸਰ ਵਿੱਚ ਯੂਰੇਨੀਅਮ ਵੱਧ ਹੈ। ਨਤੀਜਾ, ਪਾਣੀ ਵਿੱਚ ਰਸਾਇਣ ਜਗ੍ਹਾ ਅਤੇ ਡੂੰਘਾਈ ਨਾਲ ਬਦਲਦੇ ਹਨ।
ਦਰਿਆਵਾਂ/ਨਹਿਰਾਂ ਦਾ ਪਾਣੀ
ਦਰਿਆਵਾਂ ਅਤੇ ਨਹਿਰਾਂ ਦੇ ਪਾਣੀ ਨੂੰ ਸਭ ਤੋਂ ਵੱਧ ਮਨੁੱਖ ਨੇ ਖਰਾਬ ਕੀਤਾ। ਪਹਾੜਾਂ ਦੀ ਆਬਾਦੀ ਦਾ ਮਲਮੂਤਰ, ਹੋਰ ਕੂੜਾ ਕਰਕਟ ਅਤੇ ਫੈਕਟਰੀਆਂ ਦਾ ਗੰਦਾ ਪਾਣੀ ਮੀਂਹਾਂ ਨਾਲ ਰੁੜ੍ਹ ਕੇ ਨਦੀਆਂ ਨਾਲਿਆਂ ਵਿੱਚ ਦੀ ਹੋ ਕੇ ਸਤਲੁਜ, ਬਿਆਸ ਅਤੇ ਰਾਵੀ ਦਾ ਹਿੱਸਾ ਬਣਦਾ ਹੈ। ਜਿੰਨੀਆਂ ਫੈਕਟਰੀਆਂ ਅਤੇ ਹੋਟਲ ਸਨਅਤ ਹੈ, ਸਾਰੀ ਦੀ ਸਾਰੀ ਪਾਣੀ ਦੇ ਸਰੋਤਾਂ ਉੱਪਰ ਨਿਭਰ ਹੈ। ਇਸੇ ਤਰ੍ਹਾਂ ਪੰਜਾਬ ਦੇ ਜਿੰਨੇ ਸ਼ਹਿਰ ਹਨ, ਤਕਰੀਬਨ ਸਾਰਿਆਂ ਦਾ ਗੰਦਾ ਪਾਣੀ ਡਰੇਨਾਂ ਰਾਹੀਂ ਘੁੰਮ ਫਿਰ ਕੇ ਜਾਂ ਧਰਤੀ ਵਿੱਚ ਜਾਂਦਾ ਹੈ ਜਾਂ ਦਰਿਆਵਾਂ ਵਿੱਚ। ਲੁਧਿਆਣੇ ਦਾ ਸੀਵਰ ਨਿਕਾਸ ਬੁੱਢੇ ਨਾਲੇ ਵਿੱਚੀਂ ਹੋ ਕੇ ਸਤਲੁਜ ਵਿੱਚ ਪੈਂਦਾ ਹੈ ਜਿਸ ਵਿੱਚ ਸਿੱਕਾ, ਕੈਡਮੀਅਮ, ਕੋਬਾਲਟ, ਕਰੋਮੀਅਮ, ਜਿ਼ੰਕ ਤੇ ਨਿਕਲ ਸੰਸਾਰ ਸਿਹਤ ਸੰਸਥਾ ਦੀਆਂ ਮਿੱਥੀਆਂ ਹੱਦਾਂ ਤੋਂ ਵੱਧ ਹਨ।
ਸੀਵਰ ਸੋਧ ਪਲਾਂਟ
ਜਿਹੜੇ ਸੀਵਰੇਜ ਸੋਧ ਪਲਾਂਟ ਲੱਗੇ ਹਨ, ਉਹ ਸਿਰਫ ਪਾਣੀ ਨੂੰ ਆਕਸੀਜੀਨੇਟ (ਬੀਓਡੀ ਘਟਾਉਂਦੇ) ਕਰਦੇ ਹਨ ਅਤੇ ਸਲੱਜ ਅੱਡ ਕਰਦੇ ਹਨ। ਪਾਣੀ ਵਿੱਚੋਂ ਨਾ ਭਾਰੀਆਂ ਧਾਤਾਂ ਬਾਹਰ ਕੱਢੀਆਂ ਜਾਂਦੀਆਂ ਹਨ, ਨਾ ਹੀ ਕਲੋਰੀਨੇਟ ਕਰ ਕੇ ਬਿਮਾਰੀਆਂ ਦੇ ਕੀਟਾਣੂ ਮਾਰੇ ਜਾਂਦੇ ਹਨ। ਅੱਜ ਕੱਲ ਫੈਕਟਰੀਆਂ ਵਾਲਿਆਂ ਨੇ ਨਵਾਂ ਰਾਹ ਲੱਭਿਆ ਹੈ- ਵਾਟਰ ਹਾਰਵੇਸਟਿੰਗ ਦੇ ਨਾਮ ’ਤੇ ਬੋਰ ਕਰ ਕੇ ਗੰਦਾ ਪਾਣੀ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਹੈ।
ਕੈਂਸਰ ਅਤੇ ਹੋਰ ਬਿਮਾਰੀਆਂ ਦੇ ਕਾਰਨ
ਬੁੱਢੇ ਨਾਲੇ ਦਾ ਪਾਣੀ ਬਹੁਤ ਪ੍ਰਦੂਸ਼ਤ ਹੈ ਜਿਸ ਵਿੱਚ ਲੁਧਿਆਣੇ ਦੀ 30 ਲੱਖ ਦੀ ਆਬਾਦੀ ਦਾ ਮਲਮੂਤਰ ਅਤੇ ਤਾਜਪੁਰ ਤੇ ਹੈਬੋਵਾਲ ਦੀਆਂ ਡੇਅਰੀਆਂ ਦਾ ਗੋਹਾ ਹੋਣ ਕਰ ਕੇ ਇਸ ਵਿੱਚ ਭਿਆਨਕ ਬਿਮਾਰੀਆਂ ਨੂੰ ਜਨਮ ਦੇਣ ਵਾਲੇ ਜ਼ਰਮ ਪਲਦੇ ਹਨ। ਇਸ ਵਿੱਚ ਫੈਕਟੀਰੀਆ ਦਾ ਗੰਦਾ ਪਾਣੀ ਵੀ ਨਿਕਾਸ ਕੀਤਾ ਜਾਂਦਾ ਹੈ ਜਿਸ ਵਿੱਚ ਸਿੱਕਾ, ਨਿਕਲ, ਕੈਡਮੀਅਮ ਤੇ ਕਰੋਮੀਅਮ ਵਰਗੀਆਂ ਭਾਰੀਆਂ ਧਾਤਾਂ ਵੀ ਸੰਸਾਰ ਸਿਹਤ ਸੰਸਥਾ ਦੀ ਮਿੱਥੀ ਮਾਤਰਾ ਤੋਂ ਵੱਧ ਹੁੰਦੀਆਂ ਹਨ। ਇਹੋ ਪਾਣੀ ਸਤਲੁਜ ਦਰਿਆ ਵਿੱਚ ਮਿਲ ਕੇ ਹਰੀਕੇ ਪੱਤਣ ਤੋਂ ਨਿਕਲਦੀਆਂ ਨਹਿਰਾਂ ਰਾਹੀਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਲੋਕਾਂ ਨੂੰ ਪੀਣ ਲਈ ਦਿੱਤਾ ਜਾਂਦਾ ਹੈ ਅਤੇ ਇਹੋ ਧਾਤਾਂ ਸਰੀਰ ਵਿੱਚ ਜਾ ਕੇ ਕੈਂਸਰ ਦਾ ਕਾਰਨ ਬਣਦੀਆਂ ਹਨ। ਸੀਵਰੇਜ ਵਿੱਚ ਜਰਮ (ਬੈਕਟੀਰੀਆ ਆਦਿ) ਟੀਬੀ, ਪੇਟ ਅਤੇ ਚਮੜੀ ਰੋਗ ਵਰਗੀਆਂ ਬਿਮਾਰੀਆਂ ਨੂੰ ਜਨਮ ਦਿੰਦੀਆਂ ਹਨ।
ਨਿਚੋੜ
ਪੰਜਾਬ ਵਿੱਚ ਤਕਨੀਕੀ ਖੇਤੀ ਕਰਨ ਨਾਲ ਪੰਜਾਬ ਦੀ ਜ਼ਮੀਨ ਦੀ ਸਿਹਤ ਖਰਾਬ ਨਹੀਂ ਹੋਈ ਸਗੋਂ ਸੁਧਰੀ ਹੈ। ਇਸੇ ਕਰ ਕੇ ਫਸਲਾਂ ਦੇ ਝਾੜ ਵਧ ਰਹੇ ਹਨ। ਨਾ ਹੀ ਖੇਤੀ ਨਾਲ ਜ਼ਮੀਨ ਹੇਠਲੇ ਪਾਣੀ ਨੂੰ ਕੋਈ ਨੁਕਸਾਨ ਪਹੁੰਚਿਆ ਹੈ, ਨਾ ਇੱਥੇ ਪੈਦਾ ਹੋਣ ਵਾਲੇ ਅਨਾਜ ਵਿੱਚ ਕੋਈ ਕਮੀ ਹੈ। ਇੱਥੇ ਪੈਦਾ ਕੀਤੇ ਚੌਲ ਅਤੇ ਬਾਸਮਤੀ ਬਾਹਰਲੇ ਦੇਸ਼ ਖਰੀਦਦੇ ਹਨ, ਉਹ ਕਮਲੇ ਨਹੀਂ। ਇਹ ਕਿਸੇ ਸੋਚੀ ਸਮਝੀ ਸਾਜਿ਼ਸ਼ ਤਹਿਤ ਫੈਕਟਰੀਆਂ ਦੇ ਪ੍ਰਦੂਸ਼ਣ ਤੋਂ ਐੱਨਜੀਟੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਧਿਆਨ ਪਾਸੇ ਹਟਾਉਣ ਲਈ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸੀਵਰ ਦੇ ਪਾਣੀ ਨੂੰ ਸਾਫ ਕਰ ਕੇ ਅੱਡ ਨਹਿਰ ਕੱਢ ਕੇ ਸਿੰਜਾਈ ਲਈ ਵਰਤਣ ਨੂੰ ਦੇਣ। ਮਾਲਵੇ ਨੂੰ ਮਾਲਵਾ ਨਹਿਰ ਤੋਂ ਪਹਿਲਾਂ ਪੀਣ ਵਾਲੇ ਸਾਫ ਪਾਣੀ ਦੀ ਲੋੜ ਹੈ।
ਸੰਪਰਕ: 99151-94104