ਖੇਤੀ ਆਰਡੀਨੈਂਸ: ਦਸ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਅੰਦੋਲਨ ਦਾ ਐਲਾਨ
ਦਵਿੰਦਰ ਪਾਲ
ਚੰਡੀਗੜ੍ਹ, 19 ਅਗਸਤ
ਪੰਜਾਬ ਵਿੱਚ 10 ਕਿਸਾਨ ਜਥੇਬੰਦੀਆਂ ਨੇ ਸਾਂਝੇ ਪਲੇਟਫਾਰਮ ’ਤੇ ਇਕੱਠੇ ਹੁੰਦਿਆਂ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਆਰਡੀਨੈਂਸਾਂ ਖ਼ਿਲਾਫ਼ ਵੱਡਾ ਅੰਦੋਲਨ ਵਿੱਢਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ 25 ਸਤੰਬਰ ਨੂੰ ਚੰਡੀਗੜ੍ਹ ’ਚ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ ਹੈ। ਬੀਕੇਯੂ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ (ਰਾਜੇਵਾਲ) ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਅੱਜ ਬੀਕੇਯੂ (ਲੱਖੋਵਾਲ) ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ, ਬੀਕੇਯੂ ਰਾਜੇਵਾਲ ਦੇ ਨੁਮਾਇੰਦੇ, ਬੀਕੇਯੂ (ਏਕਤਾ ਸਿੱਧੂਪੁਰ) ਦੇ ਜਗਜੀਤ ਸਿੰਘ ਡੱਲੇਵਾਲ, ਬੀਕੇਯੂ ਕਾਦੀਆਂ ਦੇ (ਹਰਮੀਤ ਸਿੰਘ ਕਾਦੀਆਂ), ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ, ਬੀਕੇਯੂ ਦੁਆਬਾ ਦੇ ਮਨਜੀਤ ਸਿੰਘ ਰਾਏ, ਕਿਸਾਨ ਸੰਘਰਸ਼ ਕਮੇਟੀ ਦੁਆਬਾ ਦੇ ਸਤਨਾਮ ਸਿੰਘ ਸਾਹਨੀ, ਮਾਝਾ ਸੰਘਰਸ਼ ਕਮੇਟੀ ਦੇ ਰਾਜਵਿੰਦਰ ਸਿੰਘ ਰਾਜੂ, ਪਠਾਨਕੋਟ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਅਤੇ ਭਾਰਤੀ ਕਿਸਾਨ ਮੰਚ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਸ਼ਮੂਲੀਅਤ ਕੀਤੀ। ਕਿਸਾਨ ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਖੇਤੀ ਸਬੰਧੀ ਜਾਰੀ ਕੀਤੇ ਆਰਡੀਨੈਂਸ ਅਤੇ ਬਿਜਲੀ ਕਾਨੂੰਨ ਵਿੱਚ ਸੋਧਾਂ ਦਾ ਪ੍ਰਸਤਾਵ ਪੰਜਾਬ ਦੇ ਕਿਸਾਨਾਂ ਲਈ ਤਬਾਹੀ ਲੈ ਕੇ ਆਵੇਗਾ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ 9 ਮੈਂਬਰੀ ਤਾਲਮੇਲ ਕਮੇਟੀ ਵੀ ਬਣਾਈ ਹੈ। ਇਸ ਤਾਲਮੇਲ ਕਮੇਟੀ ਵਿੱਚ ਅਜਮੇਰ ਸਿੰਘ ਲੱਖੋਵਾਲ, ਬਲਬੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ, ਬੂਟਾ ਸਿੰਘ ਸ਼ਾਦੀ ਪੁਰ, ਹਰਮੀਤ ਸਿੰਘ ਕਾਦੀਆਂ, ਸਤਨਾਮ ਸਿੰਘ ਬਹਿਰੂ, ਮਨਜੀਤ ਸਿੰਘ ਰਾਏ, ਬਲਦੇਵ ਸਿੰਘ ਸਿਰਸਾ ਅਤੇ ਬਲਵਿੰਦਰ ਸਿੰਘ ਰਾਜੂ ਨੂੰ ਸ਼ਾਮਲ ਕੀਤਾ ਗਿਆ ਹੈ।