ਖੇਤੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 27 ਅਕਤੂਬਰ
ਬਲਾਕ ਖੇਤੀਬਾੜੀ ਅਫਸਰ ਡਾ. ਸ਼ਸ਼ੀਕਾਂਤ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਜੇਕਰ ਕੋਈ ਕਿਸਾਨ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਂਦਾ ਹੈ ਤਾਂ ਉਸ ਖਿਲਾਫ ਤੁੰਰਤ ਪ੍ਰਭਾਵ ਨਾਲ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਸ਼ਸ਼ੀ ਕਾਂਤ ਨੇ ਬਾਬੈਨ ਖੇਤਰ ਦੇ ਪਿੰਡਾਂ ਦੇ ਦੌਰੇ ਦੌਰਾਨ ਕਿਸਾਨਾਂ ਨੂੰ ਦੱਸਿਆ ਕਿ ਬਲਾਕ ਦੇ ਅੱਠ ਕਿਸਾਨਾਂ ਖਿਲਾਫ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਾਉਣ ਸਬੰਧੀ ਐਫ਼ਆਈਆਰ ਦਰਜ ਕੀਤੀ ਗਈ ਹੈ।
ਕੇਸ ਦਰਜ ਕਰਨ ਉਪਰੰਤ ਕਿਸਾਨ ਦੀ ਰੈੱਡ ਐਂਟਰੀ ਕਰ ਦਿੱਤੀ ਜਾਵੇਗੀ ਤੇ ਉਹ ਅਗਲੇ ਇਕ ਸਾਲ ਲਈ ਆਪਣੀ ਫਸਲ ਮੇਰੀ ਫਸਲ ਮੇਰਾ ਬਿਊਰਾ ਪੋਰਟਲ ’ਤੇ ਨਹੀਂ ਵੇਚ ਸਕੇਗਾ ਤੇ ਨਾ ਹੀ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਤਰ੍ਹਾਂ ਦੀਆਂ ਖੇਤੀ ਯੋਜਨਾਵਾਂ ਦਾ ਲਾਭ ਲੈ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਪਰਾਲੀ ਦੀਆਂ ਬੇਲਰ ਰਾਹੀਂ ਗੰਢਾ ਬਣਾਉਣ ਜਾਂ ਪਰਾਲੀ ਪ੍ਰਬੰਧਨ ਲਈ ਢੰਗ ਵਰਤੇ ਜਾਣ।
ਉਨ੍ਹਾਂ ਕਿਹਾ ਕਿ ਜੋ ਕਿਸਾਨ ਫਸਲ ਦਾ ਰਹਿੰਦ ਖੂੰਹਦ ਨਹੀਂ ਸਾੜਦਾ ਉਸ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਏਕੜ ਸੂਬਾ ਸਰਕਾਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਕਿਸਾਨ ਇਸ ਯੋਜਨਾ ਦਾ ਲਾਹਾ ਲੈਣ ਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ।
ਉਨਾਂ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਜੇ ਕੋਈ ਕਿਸਾਨ ਫਸਲ ਦੇ ਰਹਿੰਦ ਖੂੰਹਦ ਨੂੰ ਅੱਗ ਲਾਉਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲੀਸ ਪ੍ਰਸ਼ਾਸਨ ਜਾਂ ਖੇਤੀ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ।