ਖੇਤੀ ਮੰਤਰੀ ਵੱਲੋਂ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ
ਪੱਤਰ ਪ੍ਰੇਰਕ
ਯਮੁਨਾਨਗਰ, 25 ਨਵੰਬਰ
ਰਾਜ ਦੇ ਖੇਤੀ, ਮੱਛੀ ਪਾਲਣ ਅਤੇ ਪਸ਼ੂ ਪਾਲਣ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਜਗਾਧਰੀ ਪੀਡਬਲਿਊਡੀ ਰੈਸਟ ਹਾਊਸ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਦੀ ਮੀਟਿੰਗ ਕੀਤੀ। ਬੈਠਕ ਵਿੱਚ ਨਗਰ ਨਿਗਮ ਖੇਤਰ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਪ੍ਰਾਜੈਕਟਾਂ ਸਬੰਧੀ ਚਰਚਾ ਕੀਤੀ ਗਈ । ਇਸ ਮੌਕੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਸਾਬਕਾ ਕੈਬਨਿਟ ਮੰਤਰੀ ਕੰਵਰਪਾਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਸਾਬਕਾ ਮੇਅਰ ਮਦਨ ਚੌਹਾਨ, ਨਿਗਮ ਕਮਿਸ਼ਨਰ ਆਯੂਸ਼ ਸਿਨਹਾ, ਪੁਲੀਸ ਸੁਪਰਡੈਂਟ ਰਾਜੀਵ ਦੇਸਵਾਲ, ਡਿਪਟੀ ਨਿਗਮ ਕਮਿਸ਼ਨਰ ਡਾ. ਵਿਜੇ ਪਾਲ ਯਾਦਵ, ਐੱਸਈ ਹੇਮੰਤ ਕੁਮਾਰ, ਐਕਸੀਅਨ ਵਿਕਾਸ ਧੀਮਾਨ ਹਾਜ਼ਰ ਸਨ। ਮੀਟਿੰਗ ਵਿੱਚ ਖੇਤੀ ਮੰਤਰੀ ਸ੍ਰੀ ਰਾਣਾ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸੈਕਟਰ 17 ਵਿੱਚ 52.87 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਓਪਨ ਏਅਰ ਥੀਏਟਰ ਅਤੇ ਆਡੀਟੋਰੀਅਮ ਦਾ ਨੀਂਹ ਪੱਥਰ ਰੱਖਣ ਦੀ ਰਸਮ ਵੱਡੇ ਸਮਾਗਮ ਵਿੱਚ ਰੱਖੀ ਜਾਵੇਗੀ, ਜਗਾਧਰੀ ਜ਼ੋਨ ਦੇ 7 ਵਾਰਡਾਂ ਅਤੇ ਟਵਿਨ ਸਿਟੀ ਵਿੱਚ 41 ਹਜ਼ਾਰ ਰੁਪਏ ਦੀ ਲਾਗਤ ਨਾਲ ਐੱਲਈਡੀ ਸਟਰੀਟ ਲਾਈਟਾਂ, ਕੂੜਾ ਪ੍ਰੋਸੈਸਿੰਗ, ਡਿਵਾਈਡਰ, ਸੁੰਦਰੀਕਰਨ ਦਾ ਕੰਮ ਭਗਤ ਸਿੰਘ ਚੌਕ ਤੋਂ ਮਾਣਕਪੁਰ, ਅਗਰਸੈਨ ਚੌਕ ਤੋਂ ਰਕਸ਼ਕ ਵਿਹਾਰ ਨਾਕਾ ਤੱਕ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੋਡ ਸਵੀਪਿੰਗ ਦੇ ਟੈਂਡਰ, ਵਾਰਡ ਵਾਇਜ਼ ਅਲਾਟ ਕੀਤੇ ਗਏ ਕੰਮ ਅਤੇ ਟੈਂਡਰ, ਸਪੈਸ਼ਲ ਸਫ਼ਾਈ ਮੁਹਿੰਮ ਸਣੇ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾਣਗੇ।
ਉਨ੍ਹਾਂ ਸ਼ਹਿਰ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਲਈ ਤੁਰੰਤ ਕੰਮ ਅਲਾਟ ਕਰਕੇ ਉਸਾਰੀ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਅਤੇ ਸ਼ਹਿਰ ਵਿੱਚ ਪਹਿਲਾਂ ਤੋਂ ਹੋ ਰਹੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ। ਮੀਟਿੰਗ ਤੋਂ ਬਾਅਦ ਖੇਤੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਨਿਗਮ ਅਧਿਕਾਰੀਆਂ ਨਾਲ ਐਂਟੀ ਸਮੋਗ ਗੰਨ ਮਸ਼ੀਨ ਦਾ ਨਿਰੀਖਣ ਕੀਤਾ।