ਖੇਤੀਬਾੜੀ ਮੰਤਰੀ ਨੇ ਯਮੁਨਾਨਗਰ-ਗੁਮਥਲਾ ਸੜਕ ਦਾ ਨੀਂਹ ਪੱਥਰ ਰੱਖਿਆ
ਦਵਿੰਦਰ ਸਿੰਘ
ਯਮੁਨਾਨਗਰ, 7 ਨਵੰਬਰ
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਔਰੰਗਾਬਾਦ, ਫਰਕਪੁਰ, ਹਰਨੌਲ, ਖੁਰਦੀ, ਗੁਮਥਲਾ, ਬਰਹੇੜੀ ਅਤੇ ਅਲਾਹਰ ਪਿੰਡਾਂ ਦਾ ਦੌਰਾ ਕਰਕੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨੇ ਰਾਦੌਰ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਯਮੁਨਾਨਗਰ-ਖਜੂਰੀ-ਜਠਲਾਣਾ-ਗੁਮਥਲਾ ਰਾਉ ਤੱਕ ਸੜਕ ਦੀ ਮਜ਼ਬੂਤੀ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਹ ਸੜਕ ਕਰੀਬ 20 ਕਿਲੋਮੀਟਰ ਤੱਕ ਬਣਾਈ ਜਾਵੇਗੀ ਜਿਸ ’ਤੇ 23 ਕਰੋੜ 62 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਸੜਕ ਦੀ ਮਜ਼ਬੂਤੀ ਦਾ ਕੰਮ ਕਰਨਾਲ ਦੀ ਅਜੀਤ ਕੰਸਟਰਕਸ਼ਨ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੜਕ 17 ਮਹੀਨੇ 20 ਦਿਨਾਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ, ਜਿਸ ਨਾਲ ਇਲਾਕਾ ਵਾਸੀਆਂ ਨੂੰ ਸਹੂਲਤ ਮਿਲੇਗੀ। ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਛਠ ਪੂਜਾ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਹਲਕੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਜਨਤਾ ਦੇ ਭਰੋਸੇ ਅਤੇ ਉਮੀਦਾਂ ਨੂੰ ਕਦੇ ਵੀ ਘੱਟ ਨਹੀਂ ਹੋਣ ਦੇਣਗੇ।
ਇਸ ਦੌਰਾਨ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ
ਭਰੋਸਾ ਦਿੱਤਾ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਦੇਸ਼ ਅਤੇ ਸੂਬਾ ਸਰਕਾਰ ਕਿਸਾਨਾਂ ਦੀ ਗਰੀਬ ਭਲਾਈ, ਮਹਿਲਾ ਸਸ਼ਕਤੀਕਰਨ ਅਤੇ ਖੁਸ਼ਹਾਲੀ ਸਬੰਧੀ ਮੋਦੀ ਦੀ ਗਾਰੰਟੀ ਨੂੰ ਲਾਗੂ ਕਰੇਗੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲੋਕਾਂ ਦੀ ਭਲਾਈ ਅਤੇ ਹਰਿਆਣਾ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨਵੀਨ ਖੱਤਰੀ, ਬੀਡੀਪੀਓ ਰਾਦੌਰ ਸ਼ਿਆਮ ਲਾਲ, ਨਰਿੰਦਰ ਰਾਣਾ, ਮੰਡਲ ਪ੍ਰਧਾਨ ਰਵੀ ਮੌਦਗਿਲ, ਸ਼ਸ਼ੀ ਦੁਰੇਜਾ, ਨਰੇਸ਼ ਕੁਮਾਰ, ਡਾ. ਨੀਰਜ ਸ਼ਰਮਾ, ਸਤਪਾਲ ਮੰਡੇਰ, ਕੈਪਟਨ ਕੇਦਾਰਨਾਥ, ਨਮਰਤਾ ਨੇਗੀ, ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਰਿੰਪੀ ਸੈਣੀ, ਸਰਪੰਚ ਨਿਰਮਲ ਹਰਨੌਲ, ਨੀਰਜ, ਸੰਦੀਪ ਬਾਲਿਆਣ, ਸੀਨੀਅਰ ਭਾਜਪਾ ਆਗੂ ਤੇ ਵਰਕਰ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪਤਵੰਤੇ ਵੀ ਹਾਜ਼ਰ ਸਨ।