ਸੰਕਟ ਦੇ ਦੌਰ ’ਚੋਂ ਲੰਘ ਰਹੀ ਹੈ ਕਿਸਾਨੀ: ਨਿਤਿਨ ਗਡਕਰੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਦਸੰਬਰ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਇਸ ਵੇਲੇ ਕਿਸਾਨੀ ਸੰਕਟ ਵਿੱਚੋਂ ਲੰਘ ਰਹੀ ਹੈ ਅਤੇ ਇਸ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਠੋਸ ਯਤਨਾਂ ਦੀ ਲੋੜ ਹੈ। ਉਹ ਇੱਥੇ ਸਹਿਕਾਰ ਭਾਰਤੀ ਦੀ ਤਿੰਨ ਦਿਨਾਂ ਅੱਠਵੀਂ ਕੌਮੀ ਕਾਨਫਰੰਸ ਦੇ ਸਮਾਪਤੀ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ। ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਕਿਸਾਨੀ ਨੂੰ ਖੁਸ਼ਹਾਲ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਕਿਸਾਨ ਸਿਰਫ ਅੰਨਦਾਤਾ ਹੀ ਨਹੀਂ ਸਗੋਂ ਊਰਜਾ ਵਾਸਤੇ ਈਂਧਣ ਦੇਣ ਵਾਲਾ ਵੀ ਹੈ। ਭਾਰਤ ਨੂੰ ਆਤਮ ਨਿਰਭਰ ਬਣਾਉਣ ਲਈ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੋਵੇਗਾ ਅਤੇ ਇਸ ਲਈ ਉਨ੍ਹਾਂ ਨੂੰ ਸਹਿਕਾਰਤਾ ਅੰਦੋਲਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਫਸਲਾਂ ਦੀ ਰਹਿੰਦ-ਖੂਹੰਦ ਤੋਂ ਈਂਧਣ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਈਥਾਨੌਲ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇੰਡੀਅਨ ਆਇਲ ਕੰਪਨੀ ਵੱਲੋਂ ਦੇਸ਼ ਭਰ ਵਿੱਚ ਈਥਾਨੌਲ ਦੇ ਲਗਭਗ 400 ਪੰਪ ਸਥਾਪਿਤ ਕੀਤੇ ਜਾ ਰਹੇ ਹਨ। ਸ੍ਰੀ ਗਡਕਰੀ ਨੇ ਆਖਿਆ ਕਿ ਦੇਸ਼ ਦੇ ਵਿਕਾਸ ਵਿੱਚ ਖੇਤੀਬਾੜੀ ਤੇ ਸਹਾਇਕ ਧੰਦਿਆਂ ਦਾ ਯੋਗਦਾਨ 12 ਤੋਂ 14 ਫੀਸਦ ਹੈ ਅਤੇ ਆਤਮ ਨਿਰਭਰ ਭਾਰਤ ਬਣਾਉਣ ਲਈ ਮਜ਼ਦੂਰਾਂ ਤੇ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣਾ ਪਵੇਗਾ ਅਤੇ ਅਜਿਹਾ ਸਹਿਕਾਰਤਾ ਦੇ ਮਾਧਿਅਮ ਰਾਹੀਂ ਹੀ ਸੰਭਵ ਹੈ। ਇਸ ਤੋਂ ਪਹਿਲਾਂ ਸਹਿਕਾਰ ਭਾਰਤੀ ਦੇ ਸਾਬਕਾ ਪ੍ਰਧਾਨ ਦੀਨਾਨਾਥ ਠਾਕੁਰ ਵੱਲੋਂ ਸਹਿਕਾਰਤਾ ਸਬੰਧੀ ਤਿਆਰ ਕੀਤੇ ਇੱਕ ਡੇਟਾ ਪੋਰਟਲ ਦਾ ਉਦਘਾਟਨ ਕੀਤਾ ਗਿਆ। ਕੇਂਦਰੀ ਮੰਤਰੀ ਨੇ ਸਹਿਕਾਰ ਭਾਰਤੀ ਵੱਲੋਂ ਤਿਆਰ ਕੀਤੇ ਸੋਵੀਨਰ ਨੂੰ ਵੀ ਰਿਲੀਜ਼ ਕੀਤਾ। ਸਮਾਗਮ ਦੌਰਾਨ ਡਾਕਟਰ ਉਦੈ ਜੋਸ਼ੀ ਨੂੰ ਸਹਿਕਾਰ ਭਾਰਤੀ ਦਾ ਕੌਮੀ ਪ੍ਰਧਾਨ ਅਤੇ ਦੀਪਕ ਚੌਰਸੀਆ ਨੂੰ ਕੌਮੀ ਜਨਰਲ ਸਕੱਤਰ ਚੁਣਿਆ ਗਿਆ।