ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੂੰਜੀਪਤੀਆਂ ਪੱਖੀ ਨੀਤੀਆਂ ਕਾਰਨ ਸੰਕਟ ’ਚ ਖੇਤੀ: ਉਗਰਾਹਾਂ

10:50 AM Oct 09, 2024 IST
ਜੋਗਿੰਦਰ ਸਿੰਘ ਉਗਰਾਹਾਂ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ।

ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ/ਸੰਗਤ ਮੰਡੀ, 8 ਅਕਤੂਬਰ
ਬੀਤੇ ਦਿਨੀਂ ਵਿਛੋੜਾ ਦੇ ਗਏ ਪਿੰਡ ਰਾਇ ਕੇ ਕਲਾਂ ਦੇ ਜੰਮਪਲ ਅਤੇ ਕਿਸਾਨ ਆਗੂ ਕੁਲਵੰਤ ਰਾਏ ਦੇ ਭੋਗ ਉਪਰੰਤ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਜ਼ਿਲ੍ਹਾ ਕਮੇਟੀ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਰਾਇ ਕੇ ਕਲਾਂ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ।
ਇਸ ਮੌਕੇ ਵੱਡੀ ਗਿਣਤੀ ’ਚ ਜੁੜੇ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੁਲਵੰਤ ਰਾਏ ਨੂੰ ਸੂਝਵਾਨ, ਸਿਦਕਵਾਨ ਅਤੇ ਦੂਰਦਰਸ਼ੀ ਆਗੂ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਅੱਜ ਜਦੋਂ ਸਰਕਾਰਾਂ ਦੀਆਂ ਸਾਮਰਾਜ, ਕਾਰਪੋਰੇਟ ਘਰਾਣਿਆਂ ਅਤੇ ਜਗੀਰਦਾਰਾਂ ਅਤੇ ਸੂਦਖੋਰਾਂ ਪੱਖੀ ਨੀਤੀਆਂ ਦੀ ਬਦੌਲਤ ਖੇਤੀ ਖੇਤਰ ਡੂੰਘੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਤਾਂ ਇਸ ਸੰਕਟ ਤੋਂ ਨਿਜਾਤ ਪਾਉਣ ਲਈ ਵਿਸ਼ਾਲ, ਸਿਰੜੀ ਅਤੇ ਸਾਂਝੇ ਘੋਲਾਂ ਦੀ ਲੋੜ ਸਿਰ ਚੜ੍ਹ ਕੇ ਕੂਕ ਰਹੀ ਹੈ। ਉਨ੍ਹਾਂ ਆਖਿਆ ਕਿ ਅਜਿਹੇ ਮੌਕੇ ਕੁਲਵੰਤ ਰਾਏ ਵਰਗੇ ਆਗੂ ਦਾ ਵਿਛੋੜਾ ਜਥੇਬੰਦੀ ਲਈ ਵੱਡਾ ਘਾਟਾ ਹੈ। ਉਨ੍ਹਾਂ ਕਿਸਾਨ ਆਗੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਜਥੇਬੰਦੀ ਵੱਲੋਂ ਪਰਿਵਾਰ ਦਾ ਡਟਵਾਂ ਸਾਥ ਦੇਣ ਦਾ ਭਰੋਸਾ ਦਿੱਤਾ। ਸ੍ਰੀ ਉਗਰਾਹਾਂ ਨੇ ਐਲਾਨ ਕੀਤਾ ਕਿ ਖੇਤੀ ਸੰਕਟ ਦੇ ਹੱਲ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਬਣਾਉਣ ਅਤੇ ਲਾਗੂ ਕਰਾਉਣ ਲਈ ਅਗਲੇ ਸੰਘਰਸ਼ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਇਸ ਮੌਕੇ ਸ਼ਰਧਾਂਜਲੀ ਸਮਾਗਮ ਨੂੰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਮਹਿਲਾ ਕਿਸਾਨ ਆਗੂ ਹਰਿੰਦਰ ਬਿੰਦੂ ਤੇ ਬਲਾਕ ਸੰਗਤ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੋਟਗੁਰੂ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਜਗਮੇਲ ਸਿੰਘ, ਨੌਜਵਾਨ ਭਾਰਤ ਸਭਾ ਦੇ ਆਗੂ ਜਸਕਰਨ ਸਿੰਘ ਕੋਟਗੁਰੂ, ਬੀਕੇਯੂ ਡਕੌਂਦਾ (ਧਨੇਰ ਗਰੁੱਪ) ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਨੇ ਸੰਬੋਧਨ ਕਰਦਿਆਂ ਕਿਸਾਨ ਆਗੂ ਕੁਲਵੰਤ ਰਾਏ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਵਿਛੜੇ ਕਿਸਾਨ ਆਗੂ ਕੁਲਵੰਤ ਰਾਏ ਦੇ ਪਰਿਵਾਰ ਵੱਲੋਂ ਬੀਕੇਯੂ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੂੰ 15 ਹਜ਼ਾਰ ਰੁਪਏ ਦੀ ਸਹਾਇਤਾ ਦੇ ਕੇ ਜਥੇਬੰਦੀਆਂ ਦੀ ਮਜ਼ਬੂਤੀ ਲਈ ਯੋਗਦਾਨ ਪਾਉਂਦੇ ਰਹਿਣ ਦਾ ਭਰੋਸਾ ਦਿੱਤਾ।

Advertisement

Advertisement