ਖੇਤੀਬਾੜੀ ਸਭਾਵਾਂ: ਜਥੇਬੰਦੀ ਦੇ ਪ੍ਰਧਾਨ ਨੂੰ ਮੁਅੱਤਲ ਕਰਨ ਦੇ ਰੋਸ ਵਜੋਂ ਕੰਮਕਾਰ ਠੱਪ
ਕਰਮਜੀਤ ਸਿੰਘ ਚਿੱਲਾ
ਬਨੂੜ, 4 ਜਨਵਰੀ
ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਬਹਾਦਰ ਸਿੰਘ ਜੱਲਾ ਨੂੰ ਮੁਅੱਤਲ ਕਰਨ ਦੇ ਰੋਸ ਵਜੋਂ ਮੁਹਾਲੀ ਜ਼ਿਲ੍ਹੇ ਦੀ ਸਮੁੱਚੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਨੇ ਕੰਮ ਠੱਪ ਕਰ ਦਿੱਤਾ ਹੈ। ਜ਼ਿਲ੍ਹੇ ਵਿੱਚ ਪੰਜ ਦਰਜਨ ਤੋਂ ਵੱਧ ਸਹਿਕਾਰੀ ਖੇਤੀਬਾੜੀ ਸਭਾਵਾਂ ਕਾਰਜਸ਼ੀਲ ਹਨ।ਯੂਨੀਅਨ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਹੁਲਕਾ, ਬਲਾਕ ਖਰੜ ਦੇ ਪ੍ਰਧਾਨ ਰਾਜਵਿੰਦਰ ਸਿੰਘ, ਬਲਾਕ ਡੇਰਾਬਸੀ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਬਲਾਕ ਮਾਜਰੀ ਦੇ ਪ੍ਰਧਾਨ ਇਕਬਾਲ ਸਿੰਘ ਨੇ ਇੱਥੇ ਦੱਸਿਆ ਕਿ ਜ਼ਿਲ੍ਹੇ ਦੀਆਂ ਖੇਤੀਬਾੜੀ ਸਭਾਵਾਂ ਸਿਰਫ਼ ਕਿਸਾਨਾਂ ਦੇ ਕੰਮ ਕਰਨਗੀਆਂ ਅਤੇ ਕੋਈ ਸਰਕਾਰੀ ਕੰਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਜੱਲਾ ਨੂੰ ਬਿਨਾਂ ਕਿਸੇ ਕਸੂਰੋਂ, ਬਗੈਰ ਕੋਈ ਕਾਰਨ ਦੱਸੋ ਨੋਟਿਸ ਦਿੱਤਿਆਂ ਮੁਅੱਤਲ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਮੁੱਚੀਆਂ ਸਹਿਕਾਰੀ ਸਭਾਵਾਂ ਦੇ ਕਰਮਚਾਰੀ ਉਦੋਂ ਤੱਕ ਆਪਣਾ ਕੰਮ ਨਹੀਂ ਕਰਨਗੇ, ਜਦੋਂ ਤੱਕ ਸੂਬਾ ਪ੍ਰਧਾਨ ਦੀ ਮੁਅੱਤਲੀ ਰੱਦ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਹੜਤਾਲ ਦੌਰਾਨ ਵਿਭਾਗ ਨੂੰ ਕੋਈ ਰਿਪੋਰਟ ਨਹੀਂ ਭੇਜੀ ਜਾਵੇਗੀ ਅਤੇ ਮੀਟਿੰਗਾਂ ਦਾ ਬਾਈਕਾਟ ਕੀਤਾ ਜਾਵੇਗਾ। ਇਸੇ ਤਰ੍ਹਾਂ ਵੱਟਸਐਪ ਰਾਹੀਂ ਕੋਈ ਟਰੇਨਿੰਗ ਅਤੇ ਰਿਪੋਰਟ ਨਹੀਂ ਭੇਜੀ ਜਾਵੀ ਜਾਵੇਗੀ। ਸੀਐੱਸੀ ਸੈਂਟਰਾਂ ਦਾ ਕੰਮ ਬੰਦ ਰੱਖਿਆ ਜਾਵੇਗਾ। ਕੰਪਿਊਟੀਕਰਨ ਦਾ ਕੰਮ ਵੀ ਨਹੀਂ ਹੋਵੇਗਾ ਅਤੇ ਕਿਸੇ ਅਧਿਕਾਰੀ ਦਾ ਫੋਨ ਨਹੀਂ ਸੁਣਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਪ੍ਰਧਾਨ ਦੀ ਮੁਅੱਤਲੀ ਰੱਦ ਕੀਤੀ ਜਾਵੇ।