For the best experience, open
https://m.punjabitribuneonline.com
on your mobile browser.
Advertisement

ਕਿਸਾਨ ਜਥੇਬੰਦੀ ਰਾਜੇਵਾਲ ਦੀ ਮੀਟਿੰਗ ’ਚ ਗੂੰਜੇ ਕਿਸਾਨੀ ਮਸਲੇ

07:03 AM Jun 04, 2024 IST
ਕਿਸਾਨ ਜਥੇਬੰਦੀ ਰਾਜੇਵਾਲ ਦੀ ਮੀਟਿੰਗ ’ਚ ਗੂੰਜੇ ਕਿਸਾਨੀ ਮਸਲੇ
ਭਵਾਨੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਇਕਮੁੱਠਤਾ ਜ਼ਾਹਿਰ ਕਰਦੇ ਹੋਏ ਕਿਸਾਨ।
Advertisement

ਮੇਜਰ ਸਿੰਘ ਮੱਟਰਾਂ/ਬੀਰਬਲ ਰਿਸ਼ੀ
ਭਵਾਨੀਗੜ੍ਹ/ ਧੂਰੀ, 3 ਜੂਨ
ਅੱਜ ਇੱਥੇ ਮਾਰਕੀਟ ਕਮੇਟੀ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਬਲਾਕ ਪੱਧਰੀ ਮੀਟਿੰਗ ਕੁਲਵਿੰਦਰ ਸਿੰਘ ਮਾਝਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਸਿੰਘ ਘਰਾਚੋਂ, ਜ਼ਿਲ੍ਹਾ ਪ੍ਰੈੱਸ ਸਕੱਤਰ ਡਾ. ਬਲਜਿੰਦਰ ਸਿੰਘ ਸੰਘਰੇੜੀ ਅਤੇ ਜਨਰਲ ਸਕੱਤਰ ਗਿਆਨ ਸਿੰਘ ਨੇ ਮੰਗ ਕੀਤੀ ਕਿ ਝੋਨੇ ਦੀ ਲਵਾਈ ਦੌਰਾਨ 10 ਜੂਨ ਤੋਂ ਖੇਤੀ ਮੋਟਰਾਂ ਲਈ ਬਿਜਲੀ ਦੀ ਸਪਲਾਈ ਪੂਰੀ ਦਿੱਤੀ ਜਾਵੇ, ਰਜਬਾਹਿਆਂ ਵਿੱਚ ਪਾਣੀ ਛੱਡਿਆ ਜਾਵੇ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਆਗੂਆਂ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੋਂ ਜ਼ਾਬਤੇ ਵਿੱਚ ਰਹਿਕੇ ਕਿਸਾਨੀ ਮਸਲੇ ਸਬੰਧੀ ਸਵਾਲ ਪੁੱਛੇ ਗਏ। ਉਨ੍ਹਾਂ ਕਿਹਾ ਕਿ ਯੂਨੀਅਨ ਨੂੰ ਜਥੇਬੰਦਕ ਤੌਰ ’ਤੇ ਮਜ਼ਬੂਤ ਕਰਨ ਲਈ ਯਤਨ ਕੀਤੇ ਜਾਣਗੇ। ਮੀਟਿੰਗ ਵਿੱਚ ਹਰਬੰਸ ਸਿੰਘ ਆਲੋਅਰਖ ਅਤੇ ਰੋਹੀ ਸਿੰਘ ਸੰਘਰੇੜੀ ਵੀ ਹਾਜ਼ਰ ਸਨ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਧੂਰੀ ਅਤੇ ਬਲਾਕ ਸ਼ੇਰਪੁਰ ਦੀ ਮੀਟਿੰਗ ਬਲਾਕ ਸ਼ੇਰਪੁਰ ਦੇ ਪ੍ਰਧਾਨ ਪ੍ਰੀਤਮ ਸਿੰਘ ਬਾਦਸ਼ਾਹਪੁਰ ਤੇ ਬਲਾਕ ਧੂਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭੁੱਲਰਹੇੜੀ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਝੋਨੇ ਦੇ ਸੀਜ਼ਨ ਦੌਰਾਨ ਪਿੰਡਾਂ ਦੇ ਖੇਤਾਂ ਦੀਆਂ ਢਿੱਲੀਆਂ ਤਾਰਾਂ ਦੀ ਮੈਂਟੀਨੈਂਸ ਅਤੇ ਛੋਟੇ ਟਰਾਂਸਫਾਰਮਾਂ ਨੂੰ ਲੋਡ ਮੁਤਾਬਕ ਵੱਡੇ ਕਰਨ ਦਾ ਮੁੱਦਾ ਉੱਭਰਿਆ। ਭੁੱਲਰਹੇੜੀ ਗਰਿੱਡ ਚਾਲੂ ਕਰਵਾਉਣ ਲਈ ਕਿਸਾਨ ਵਫ਼ਦ ਐਕਸੀਅਨ ਨੂੰ ਮਿਲਿਆ।
ਬੀਕੇਯੂ ਰਾਜੇਵਾਲ ਦੇ ਜਨਰਲ ਸਕੱਤਰ ਗੁਰਜੀਤ ਸਿੰਘ ਭੜੀ ਦੀ ਅਗਵਾਈ ਹੇਠ ਕਿਸਾਨ ਵਫ਼ਦ ਨੇ ਐਕਸੀਅਨ ਪਾਵਰਕੌਮ ਧੂਰੀ ਇੰਦਰਜੀਤ ਸਿੰਘ ਨੂੰ ਮਿਲ ਕੇ ਭੁੱਲਰਹੇੜੀ ਗਰਿੱਡ ਦਾ ਕੰਮ ਲਗਭਗ ਤਿਆਰ ਹੋਣ ਦੇ ਬਾਵਜੂਦ ਵਿਵਾਦਾਂ ’ਚ ਘਿਰੇ ਮਹਿਜ਼ ਇੱਕ ਬਿਜਲੀ ਟਾਵਰ ਕਾਰਨ ਲਟਕਦਾ ਨਜ਼ਰ ਆ ਰਿਹਾ ਹੈ, ਜਿਸ ਕਰ ਕੇ ਇਸਨੂੰ ਝੋਨੇ ਦੇ ਸੀਜਨ ਤੋਂ ਪਹਿਲਾਂ ਚਲਾਉਣਾ ਯਕੀਨੀ ਬਣਾਇਆ ਜਾਵੇ। ਐਕਸੀਅਨ ਪਾਵਰਕੌਮ ਨੇ ਦੱਸਿਆ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ ਅਤੇ ਇਸ ਸਬੰਧੀ ਉਹ ਹੀ ਬਿਹਤਰ ਦੱਸ ਸਕਦੇ ਹਨ। ਸਬੰਧਤ ਟਰਾਂਸਮਿਸ਼ਨ ਲਾਈਨ ਐਕਸੀਅਨ ਨੇ ਦੱਸਿਆ ਕਿ ਇਸ ਮਾਮਲੇ ’ਤੇ ਪਾਵਰਕੌਮ ਦੇ ਬੋਰਡ ਆਫ਼ ਡਾਇਰੈਕਟਰ ਕੋਲ ਏਜੰਡਾ ਲੱਗਿਆ ਹੋਇਆ ਹੈ, ਜਿਸ ਦਾ ਫ਼ੈਸਲਾ ਆਉਣਾ ਬਾਕੀ ਹੈ।

Advertisement

ਝੋਨੇ ਦੇ ਸੀਜ਼ਨ ਲਈ ਅਗਾਊਂ ਬਿਜਲੀ ਪ੍ਰਬੰਧਾਂ ਦੀ ਮੰਗ

ਧੂਰੀ: ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਧੂਰੀ ਅਤੇ ਬਲਾਕ ਸ਼ੇਰਪੁਰ ਦੀ ਮੀਟਿੰਗ ਬਲਾਕ ਸ਼ੇਰਪੁਰ ਦੇ ਪ੍ਰਧਾਨ ਪ੍ਰੀਤਮ ਸਿੰਘ ਬਾਦਸ਼ਾਹਪੁਰ ਤੇ ਬਲਾਕ ਧੂਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭੁੱਲਰਹੇੜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਹੋਏ, ਜਿਸ ਵਿੱਚ ਜਗਰਾਉਂ ਵਿਖੇ ਮਹਾਂ ਪੰਚਾਇਤ ਵਿੱਚ ਪਹੁੰਚੇ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ। -ਨਿੱਜੀ ਪੱਤਰ ਪ੍ਰੇਰਕ

Advertisement
Author Image

Advertisement
Advertisement
×